ਬਠਿੰਡਾ /ਰੋਜ਼ਾਨਾ ਰਿਪੋਰਟਰ

ਬਠਿੰਡੇ ਤੋ ਇੱਕ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਲੜਕੇ ਨੇ ਆਪਸੀ ਪੈਸਿਆਂ ਦੇ ਲੈਣ ਦੇਣ ਦੇ ਚਲਦਿਆਂ ਦੂਸਰੇ ਲੜਕੇ ਦਾ ਕਤਲ ਕਰ ਦਿੱਤਾ ਜਾਣਕਾਰੀ ਦੇ ਅਨੁਸਾਰ ਬਠਿੰਡਾ ਦੇ ਪਿੰਡ ਜੱਸੀ ਪੋ ਵਾਲੀ ਦੇ ਸ਼ਮਸ਼ਾਨਘਾਟ ਵਿੱਚ ਪਿਛਲੇ ਦਿਨੀਂ ਮਿਲੀ ਨੌਜਵਾਨ ਦੀ ਲਾਸ਼ ਦੇ ਮਾਮਲੇ ਨੂੰ ਪੁਲੀਸ ਨੇ ਸੁਲਝਾਉਣ ਦਾ ਦਾਅਵਾ ਕਰਦਿਆਂ ਮ੍ਰਿਤਕ ਦੇ ਦੋਸਤ ਨੂੰ ਹੀ ਕਤਲ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਮੁਤਾਬਕ ਦੋਵਾਂ ਵਿਚਾਲੇ ਕਰੀਬ 1,200 ਤੋਂ 1,300 ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਹੋਏ ਵਿਵਾਦ ਦੌਰਾਨ ਮੁਲਜ਼ਮ ਨੇ ਇੱਟਾਂ ਨਾਲ ਹਮਲਾ ਕਰ ਕੇ ਆਪਣੇ ਦੋਸਤ ਦਾ ਕਤਲ ਕਰ ਦਿੱਤਾ।ਦਿਹਾਤੀ ਡੀ.ਐੱਸ.ਪੀ. ਹਰਵਿੰਦਰ ਸਿੰਘ ਸਰਾ ਨੇ ਦੱਸਿਆ ਕਿ ਬੀਤੇ ਦਿਨ ਪੁਲੀਸ ਨੂੰ ਪਿੰਡ ਜੱਸੀ ਪੋ ਵਾਲੀ ਦੇ ਸ਼ਮਸ਼ਾਨਘਾਟ ਵਿੱਚ ਇੱਕ ਨੌਜਵਾਨ ਦੀ ਲਾਸ਼ ਪਈ ਹੋਣ ਦੀ ਸੂਚਨਾ ਮਿਲੀ ਸੀ। ਪੁਲੀਸ ਟੀਮ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਮ੍ਰਿਤਕ ਦੀ ਪਛਾਣ ਮਹਿਕਦੀਪ ਸਿੰਘ ਵਜੋਂ ਹੋਈ। ਮ੍ਰਿਤਕ ਦੀ ਮਾਤਾ ਨੇ ਪੁਲੀਸ ਨੂੰ ਦੱਸਿਆ ਕਿ ਉਸ ਦਾ ਪੁੱਤਰ ਘਰੋਂ ਆਪਣੇ ਦੋਸਤਾਂ ਨਾਲ ਗਿਆ ਸੀ ਪਰ ਵਾਪਸ ਨਹੀਂ ਆਇਆ ਅਤੇ ਬਾਅਦ ਵਿੱਚ ਉਸ ਦੀ ਲਾਸ਼ ਸ਼ਮਸ਼ਾਨਘਾਟ ਵਿੱਚ ਮਿਲੀ।ਡੀ.ਐੱਸ.ਪੀ. ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਵੱਖ-ਵੱਖ ਪੁਲੀਸ ਟੀਮਾਂ ਬਣਾਈਆਂ ਗਈਆਂ। ਜਾਂਚ ਦੌਰਾਨ ਸ਼ੱਕ ਦੇ ਆਧਾਰ ‘ਤੇ ਮਹਿਕਦੀਪ ਸਿੰਘ ਦੇ ਦੋਸਤ ਅਮਿਤ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਗਈ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਕਥਿਤ ਤੌਰ ‘ਤੇ ਕਤਲ ਕਰਨ ਦੀ ਗੱਲ ਕਬੂਲ ਕਰ ਲਈ।ਮਾਮੂਲੀ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਇਆ ਝਗੜਾ ਪੁਲੀਸ ਅਨੁਸਾਰ ਅਮਿਤ ਨੇ ਦੱਸਿਆ ਕਿ ਮਹਿਕਦੀਪ ਸਿੰਘ ਤੋਂ ਉਸ ਨੇ ਕਰੀਬ 1,200 ਤੋਂ 1,300 ਰੁਪਏ ਲੈਣੇ ਸਨ, ਜਿਸ ਨੂੰ ਲੈ ਕੇ ਦੋਵਾਂ ਵਿਚਾਲੇ ਰੰਜਿਸ਼ ਚੱਲ ਰਹੀ ਸੀ। ਘਟਨਾ ਵਾਲੇ ਦਿਨ ਦੋਵੇਂ ਸ਼ਮਸ਼ਾਨਘਾਟ ਵਿੱਚ ਬੈਠੇ ਹੋਏ ਸਨ, ਜਿੱਥੇ ਬਹਿਸ ਦੌਰਾਨ ਅਮਿਤ ਨੇ ਇੱਟਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਮਹਿਕਦੀਪ ਸਿੰਘ ਦੀ ਮੌਤ ਹੋ ਗਈ।ਪੁਲੀਸ ਦੀ ਅਗਲੇਰੀ ਕਾਰਵਾਈਪੁਲੀਸ ਨੇ ਮੁਲਜ਼ਮ ਅਮਿਤ ਨੂੰ ਗ੍ਰਿਫ਼ਤਾਰ ਕਰਕੇ ਉਸ ਕਤਲ ਦਾ ਕੇਸ ਦਰਜ ਕਰ ਲਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇੱਥੇ ਪੁਲਿਸ ਪ੍ਰਸ਼ਾਸਨ ਤੇ ਸਵਾਲ ਉੱਠ ਰਹੇ ਹਨ ਕਿ ਦਿਨ ਪ੍ਰਤੀ ਦਿਨ ਕਤਲ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਪਰ ਪੁਲਿਸ ਦੀ ਨਾਲਾਇਕੀ ਕਾਰਨ ਪੰਜਾਬ ਦੇ ਹਾਲਾਤ ਵਿਗੜਦੇ ਨਜ਼ਰ ਆ ਰਹੇ ਹਨ।
