ਗਿਰੋਹ ਮਾਲੇਰਕੋਟਲਾ, ਲੁਧਿਆਣਾ ਅਤੇ ਤਰਨਤਾਰਨ ਵਿੱਚ ਔਰਤਾਂ ਨੂੰ ਨਿਸ਼ਾਨਾ ਬਣਾ ਕੇ ਸੋਨੇ ਦੇ ਗਹਿਣੇ ਖੋਹਦਾ ਸੀ
ਖੋਹਿਆ ਸੋਨਾ ਖ਼ਰੀਦਣ ਵਾਲੇ ਦੋ ਸੁਨਿਆਰੇ ਮੁਕੱਦਮੇ ਵਿੱਚ ਨਾਮਜ਼ਦ
· ਸੋਨੇ ਦੇ ਗਹਿਣੇ, ਦੋ ਮੋਟਰਸਾਈਕਲ ਅਤੇ ਮੋਬਾਈਲ ਫ਼ੋਨ ਬਰਾਮਦ
ਔਰਤਾਂ ਵਿਰੁੱਧ ਅਪਰਾਧਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ: ਐਸ.ਪੀ. (ਇਨਵੈਸਟੀਗੇਸ਼ਨ) ਭੁੱਲਰ

ਮਾਲੇਰਕੋਟਲਾ, 31 ਅਕਤੂਬਰ : ਬਿਊਰੋ
ਮਾਲੇਰਕੋਟਲਾ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪੁਲਿਸ ਨੇ ਔਰਤਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਦੇ ਸੋਨੇ ਦੇ ਗਹਿਣੇ ਖੋਹਣ ਵਾਲੇ ਇੱਕ ਅੰਤਰ-ਜ਼ਿਲ੍ਹਾ ਗਿਰੋਹ ਦਾ ਪਰਦਾਫ਼ਾਸ਼ ਕੀਤਾ ਹੈ। ਇਸ ਗਿਰੋਹ ਨੇ ਮਾਲੇਰਕੋਟਲਾ, ਲੁਧਿਆਣਾ ਅਤੇ ਤਰਨਤਾਰਨ ਵਿੱਚ ਘੱਟੋ-ਘੱਟ ਅੱਠ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ। ਚਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਗ੍ਰਿਫ਼ਤਾਰ ਦੋਸ਼ੀਆਂ ਦੀ ਪਛਾਣ ਸਾਮੂ ਵਾਸੀ ਵਾਰਡ ਨੰਬਰ 02, ਗਲੀ ਨਾਥਾਂ ਵਾਲੀ, ਰਾਮ ਚੰਦ ਕਲੋਨੀ, ਗੋਕਲਪੁਰ, ਜ਼ਿਲ੍ਹਾ ਤਰਨਤਾਰਨ; ਮੁਕੱਦਰਾ ਕੁਮਾਰ ਰਾਹੋ ਵਾਲੀ, ਜਲੰਧਰ; ਕਾਡਾ ਰਾਮ ਵਾਸੀ ਰਾਮ ਦੇਵ ਕਲੋਨੀ, ਮੁਹੱਲਾ ਗੋਕਲਪੁਰ, ਜ਼ਿਲ੍ਹਾ ਤਰਨਤਾਰਨ ਅਤੇ ਸੰਜੇ ਕੁਮਾਰ ਵਾਸੀ ਮੁਹੱਲਾ ਨੀਲ ਕੰਠ, ਨੇੜੇ ਟਾਂਡਾ ਬਾਈਪਾਸ, ਹੁਸ਼ਿਆਰਪੁਰ ਵਜੋਂ ਹੋਈ ਹੈ।
ਜਾਣਕਾਰੀ ਸਾਂਝੀ ਕਰਦਿਆਂ ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਰਮਨਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਸੀਨੀਅਰ ਕਪਤਾਨ ਪੁਲਿਸ (ਐਸ.ਐਸ.ਪੀ.) ਮਾਲੇਰਕੋਟਲਾ ਸ੍ਰੀ ਹਰਕਮਲਪ੍ਰੀਤ ਸਿੰਘ ਖੱਖ ਦੀ ਸਮੁੱਚੀ ਨਿਗਰਾਨੀ ਹੇਠ ਇਹ ਕਾਰਵਾਈ ਜ਼ਿਲ੍ਹੇ ਵਿੱਚ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਕੀਤੀ ਗਈ ਹੈ। ਇਸ ਕਾਰਵਾਈ ਨੂੰ ਇੰਚਾਰਜ ਸੀ.ਆਈ.ਏ. ਸਟਾਫ਼ ਮਾਹੋਰਾਣਾ ਇੰਸਪੈਕਟਰ ਹਰਜਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਅੰਜਾਮ ਦਿੱਤਾ। ਟੀਮ ਨੇ ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਸ੍ਰੀ ਰਮਨਦੀਪ ਸਿੰਘ ਭੁੱਲਰ ਅਤੇ ਉਪ ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਸ੍ਰੀ ਦੀਪਵਿੰਦਰਪਾਲ ਸਿੰਘ ਦੀ ਨਿਗਰਾਨੀ ਹੇਠ ਕੰਮ ਕੀਤਾ।
ਮਿਤੀ 19.10.2026 ਨੂੰ ਸਹਾਇਕ ਥਾਣੇਦਾਰ ਲਖਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਇੱਕ ਮੁਕੱਦਮੇ ਦੀ ਤਫ਼ਤੀਸ਼ ਕਰ ਰਹੀ ਸੀ। ਇਹ ਮੁਕੱਦਮਾ ਮਿਤੀ 01.07.2026 ਨੂੰ ਥਾਣਾ ਸਿਟੀ-1 ਮਾਲੇਰਕੋਟਲਾ ਵਿਖੇ ਬੀ.ਐਨ.ਐਸ. ਦੀਆਂ ਧਾਰਾਵਾਂ 307, 126(2), 351(3), 191(3), 190 ਅਤੇ ਅਸਲਾ ਐਕਟ ਦੀਆਂ ਧਾਰਾਵਾਂ 25/54/59 ਤਹਿਤ ਦਰਜ ਹੈ। ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਚੈਕਿੰਗ ਦੌਰਾਨ ਪੁਲਿਸ ਪਾਰਟੀ ਨੂੰ ਖ਼ਾਸ ਮੁਖ਼ਬਰੀ ਮਿਲੀ ਕਿ ਦੋਸ਼ੀ ਛਾਉਣੀ ਰੋਡ, ਮਾਲੇਰਕੋਟਲਾ ਸਥਿਤ ਮਸਜਿਦ ਨੇੜੇ ਰਾਤ ਠਹਿਰਨ ਦਾ ਪ੍ਰਬੰਧ ਕਰ ਰਹੇ ਹਨ।
ਜਦੋਂ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੀ ਤਾਂ ਚਾਰ ਨੌਜਵਾਨ ਪੁਲਿਸ ਦੀ ਗੱਡੀ ਦੇਖ ਕੇ ਭੱਜਣ ਲੱਗੇ। ਮੁੱਦਈ ਮੁਕੱਦਮਾ ਸ. ਦਾਰਾ ਸਿੰਘ ਨੇ ਉਨ੍ਹਾਂ ਦੀ ਸ਼ਨਾਖ਼ਤ ਕੀਤੀ। ਇਨ੍ਹਾਂ ਵਿੱਚੋਂ ਤਿੰਨ ਦੋਸ਼ੀਆਂ, ਸਾਮੂ, ਮੁਕੱਦਰਾ ਕੁਮਾਰ ਅਤੇ ਕਾਡਾ ਰਾਮ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ ਗਿਆ। ਚੌਥਾ ਦੋਸ਼ੀ, ਸੰਜੇ ਕੁਮਾਰ, ਭੱਜਣ ਵਿੱਚ ਸਫ਼ਲ ਹੋ ਗਿਆ।
