ਨਜਾਇਜ਼ ਮਾਈਨਿੰਗ ਵਾਲੇ ਓਵਰਲੋਡ ਟਿੱਪਰਾਂ ਨੂੰ ਬੰਦ ਕਰਨ ਅਤੇ ਖਸਤਾਹਾਲ ਸੜਕ ਦੀ ਮੁਰੰਮਤ ਕਰਵਾਉਣ ਲਈ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਮੰਗ ਪੱਤਰ !

ਨਜਾਇਜ਼ ਮਾਈਨਿੰਗ ਵਾਲੇ ਓਵਰਲੋਡ ਟਿੱਪਰਾਂ ਨੂੰ ਬੰਦ ਕਰਨ ਅਤੇ ਖਸਤਾਹਾਲ ਸੜਕ ਦੀ ਮੁਰੰਮਤ ਕਰਵਾਉਣ ਲਈ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਮੰਗ ਪੱਤਰ !

ਬਿਸਤ ਦੁਆਬ ਨਹਿਰ ਨਾਲ ਲੱਗਦੀ ਸੜਕ ‘ਤੇ ਹਾਦਸਿਆਂ ਦਾ ਕਾਰਨ ਓਵਰਲੋਡ ਟਿੱਪਰ ਅਤੇ ਦਰੱਖਤਾਂ ਦੇ ਝੁਕੇ ਹੋਏ ਟਾਹਣੇ, ਜਗਤਾਰ ਭੁੰਗਰਨੀ

ਹੁਸ਼ਿਆਰਪੁਰ 3 ਅਗਸਤ (ਤਰਸੇਮ ਦੀਵਾਨਾ)

ਦੁਆਬਾ ਜਨਰਲ ਕੈਟਾਗਿਰੀ ਫਰੰਟ ਪੰਜਾਬ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਤਰਨਾ ਦਲ ਬਜਵਾੜਾ, ਸਮੂਹ ਇਲਾਕਾ ਨਿਵਾਸੀਆਂ, ਗ੍ਰਾਮ ਪੰਚਾਇਤਾਂ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਇੱਕ ਮੰਗ ਪੱਤਰ ਏਡੀਸੀ ਅਤੇ ਐਸਐਸਪੀ ਹੁਸ਼ਿਆਰਪੁਰ ਰਾਹੀਂ ਭੇਜ ਕੇ ਬਿਸਤ ਦੁਆਬ ਨਹਿਰ ਮੇਹਟੀਆਣਾ ਤੋ ਕੋਟ ਫਤੂਹੀ ਅਤੇ ਮੇਹਟੀਆਣਾ ਤੋਂ ਆਦਮਪੁਰ ਵਾਲੀ ਸੜਕ ‘ਤੇ ਨਜਾਇਜ਼ ਮਾਈਨਿੰਗ ਵਾਲੇ ਓਵਰਲੋਡ ਟਿੱਪਰਾਂ ਨੂੰ ਬੰਦ ਕਰਨ ਅਤੇ ਖਰਾਬ ਸੜਕਾਂ ਤੇ ਸੇਫਟੀ ਗਾਰਡਾਂ ਦੀ ਮੁਰੰਮਤ ਕਰਵਾਉਣ ਦੀ ਜ਼ੋਰਦਾਰ ਮੰਗ ਕੀਤੀ ਗਈ ਹੈ।

ਮੰਗ ਪੱਤਰ ਵਿੱਚ ਆਗੂਆਂ ਨੇ ਮੰਗ ਕੀਤੀ ਕਿ ਇਸ ਤੋਂ ਪਹਿਲਾਂ ਵੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਸ਼ਾਸਨ, ਡੀ.ਸੀ. ਅਤੇ ਐੱਸ.ਐੱਸ.ਪੀ. ਦੇ ਧਿਆਨ ਵਿੱਚ ਲਿਖਤੀ ਅਤੇ ਮੀਡੀਆ ਰਾਹੀਂ ਇਹ ਮਾਮਲਾ ਲਿਆਂਦਾ ਜਾ ਚੁੱਕਾ ਹੈ ਕਿ ਅੱਡਾ ਕੋਟ ਫਤੂਹੀ ਤੋਂ ਮੇਹਟੀਆਣਾ ਬਿਸਤ ਦੁਆਬ ਨਹਿਰ ਦੇ ਨਾਲ-ਨਾਲ ਬਣੀ ਪ੍ਰਧਾਨ ਮੰਤਰੀ ਯੋਜਨਾ ਵਾਲੀ ਸੜਕ, ਜੋ ਲੰਮੇ ਸਮੇਂ ਦੀ ਜੱਦੋ-ਜਹਿਦ ਤੋਂ ਬਾਅਦ ਬਣੀ ਸੀ, ਦੇ ਨਹਿਰ ਵਾਲੇ ਪਾਸੇ ਕੋਈ ਸੇਫਟੀ ਗਾਰਡ ਨਹੀਂ ਲਗਾਏ ਗਏ ਸਨ। ਨਵੀਂ ਸੜਕ ਬਣਨ ਨਾਲ ਵਾਹਨਾਂ ਦੀ ਰਫ਼ਤਾਰ ਵੱਧ ਗਈ ਹੈ ਅਤੇ ਨਿਤ ਵਾਹਨ ਨਹਿਰ ਵਿੱਚ ਡਿੱਗ ਰਹੇ ਹਨ।

ਉਨ੍ਹਾਂ ਦੋਸ਼ ਲਾਇਆ ਕਿ ਹੁਣ ਇਸ ਸੜਕ ਉੱਪਰ ਨਜਾਇਜ਼ ਮਾਈਨਿੰਗ ਕਰਨ ਵਾਲਾ ਟਿੱਪਰ ਮਾਫੀਆ ਪੂਰੀ ਤਰ੍ਹਾਂ ਕਾਬਜ਼ ਹੋ ਚੁੱਕਾ ਹੈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਓਵਰਲੋਡ ਰੇਤਾ, ਬਜਰੀ ਅਤੇ ਪੱਥਰ ਨਾਲ ਭਰੇ ਬਿਨਾਂ ਨੰਬਰਾਂ ਅਤੇ ਬਗੈਰ ਕਾਗਜ਼ਾਂ ਵਾਲੇ ਟਿੱਪਰ ਚੱਲ ਰਹੇ ਹਨ। ਇਹਨਾਂ ਓਵਰਲੋਡ ਟਿੱਪਰਾਂ ਉੱਪਰ ਕੋਈ ਕਵਰ ਵੀ ਨਹੀਂ ਕੀਤਾ ਜਾਂਦਾ ਅਤੇ ਨਾ ਹੀ ਇਹਨਾਂ ਕੋਲ ਕੋਈ ਕੰਡੇ ਦੀ ਪਰਚੀ ਹੁੰਦੀ ਹੈ। ਇਹਨਾਂ ਟਿੱਪਰਾਂ ਕਾਰਨ ਪੂਰੀ ਸੜਕ ਟੁੱਟ ਚੁੱਕੀ ਹੈ ਅਤੇ ਨਿਤ ਦਿਨ ਹਾਦਸੇ ਵਾਪਰ ਰਹੇ ਹਨ, ਜਿਸ ਨਾਲ ਕੀਮਤੀ ਜਾਨਾਂ ਅਤੇ ਵਾਹਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ।

ਇਸ ਤੋਂ ਇਲਾਵਾ ਸੜਕ ਦੇ ਦੂਸਰੇ ਕਿਨਾਰੇ ਕੋਈ ਫੁੱਟਪਾਥ ਨਹੀਂ ਹੈ ਅਤੇ ਵਣ ਵਿਭਾਗ ਵੱਲੋਂ ਲਗਾਏ ਗਏ ਦਰੱਖਤਾਂ ਦੇ ਟਾਹਣੇ ਤੇ ਲੰਬੇ-ਲੰਬੇ ਬਾਾਂਸਾਂ ਦੇ ਦਰੱਖਤ ਸੜਕ ਦੇ ਵਿਚਕਾਰ ਝੁਕੇ ਹੋਏ ਹਨ। ਇਹਨਾਂ ਟਾਹਣਿਆਂ ਨਾਲ ਓਵਰਲੋਡ ਟਿੱਪਰਾਂ ਵਿੱਚ ਭਰਿਆ ਰੇਤਾ, ਬਜਰੀ ਅਤੇ ਪੱਥਰ ਝੜ ਕੇ ਆਮ ਰਾਹਗੀਰਾਂ, ਗੱਡੀਆਂ, ਸਕੂਟਰਾਂ ਤੇ ਮੋਟਰਸਾਈਕਲਾਂ ਉੱਪਰ ਡਿੱਗਦੇ ਹਨ, ਜੋ ਵੱਡੇ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਸੜਕ ਕਿਨਾਰੇ ਲੱਗੇ ਪੀ.ਐੱਸ.ਪੀ.ਸੀ.ਐੱਲ. ਦੇ ਥੰਮ੍ਹਾਂ ਨਾਲ ਵੀ ਰਾਤ ਸਮੇਂ ਹਾਦਸੇ ਵਾਪਰ ਰਹੇ ਹਨ।

ਇਲਾਕਾ ਨਿਵਾਸੀਆਂ ਅਤੇ ਸੰਸਥਾਵਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੋਟ ਫਤੂਹੀ ਤੋਂ ਮੇਹਟੀਆਣਾ ਰੋਡ ‘ਤੇ ਚੱਲਣ ਵਾਲੇ ਓਵਰਲੋਡ ਅਤੇ ਬਿਨਾਂ ਨੰਬਰਾਂ/ਕਾਗਜ਼ਾਂ ਵਾਲੇ ਟਿੱਪਰਾਂ ਨੂੰ ਤੁਰੰਤ ਬੰਦ ਕੀਤਾ ਜਾਵੇ, ਕੋਟ ਫਤੂਹੀ ਤੋਂ ਮੇਹਟੀਆਣਾ ਸੜਕ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ, ਵਣ ਵਿਭਾਗ ਦੇ ਦਰੱਖਤਾਂ ਦੇ ਝੁਕੇ ਟਾਹਣੇ ਕਟਵਾਏ ਜਾਣ, ਰਾਤ ਸਮੇਂ ਚੱਲਣ ਲਈ ਸੜਕ ‘ਤੇ ਸਾਈਨ ਬੋਰਡ ਲਗਾਏ ਜਾਣ ਅਤੇ ਨਜਾਇਜ਼ ਚੱਲਦੇ ਟਿੱਪਰਾਂ ਨੂੰ ਰੋਕਣ ਲਈ ਸਬੰਧਤ ਥਾਣਿਆਂ ਨੂੰ ਲਿਖਤੀ ਹਦਾਇਤਾਂ ਜਾਰੀ ਕੀਤੀਆਂ ਜਾਣ। ਇਸ ਮੌਕੇ ਹੋਰਨਾਂ ਤੋ ਇਲਾਵਾ ਬਲਬੀਰ ਸਿੰਘ ਫਗਲਾਣਾ ਪ੍ਰਧਾਨ, ਜਗਤਾਰ ਸਿੰਘ ਭੁੰਗਰਨੀ ਜਨਰਲ ਸਕੱਤਰ, ਗੁਰਦਿਆਲ ਸਿੰਘ ਜਲਵੇੜਾ, ਸਤਨਾਮ ਸਿੰਘ ਸ਼ਿੰਦੂ, ਨਛੱਤਰ ਸਿੰਘ ਭੱਟੀ, ਜਥੇਦਾਰ ਬਾਬਾ ਗੁਰਦੇਵ ਸਿੰਘ, ਬਲਵਿੰਦਰ ਸਿੰਘ ਭਾਮ, ਬਾਬਾ ਹਰਮਨਜੋਤ ਸਿੰਘ ਪਰਮਾਰ, ਆਦਿ ਹਾਜ਼ਰ ਸਨ

Leave a Reply

Your email address will not be published. Required fields are marked *