ਪਿੰਡ ਆਨੰਦਗੜ੍ਹ ਸਰਪੰਚ ਕਤਲ ਕਾਂਡ- ਚਾਰ ਮੁਲਜ਼ਮ ਕਾਬੂ ਦੋ ਦੀ ਭਾਲ ਜਾਰੀ, ਕਾਬੂ ਮੁਲਜ਼ਮ ਚਾਰ ਦਿਨ ਦੇ ਪੁਲਿਸ ਰਿਮਾਂਡ ‘ਤੇ-ਐਸਐਸਪੀ ਸੰਦੀਪ ਮਲਿਕ

ਹੁਸ਼ਿਆਰਪੁਰ, 23 ਜੁਲਾਈ (ਤਰਸੇਮ ਦੀਵਾਨਾ) –
ਮੰਗਲਵਾਰ ਦੇਰ ਰਾਤ ਥਾਣਾ ਸਦਰ ਪੁਲਿਸ ਵੱਲੋਂ ਪਿੰਡ ਆਨੰਦਗੜ੍ਹ ਵਿੱਚ ਹੋਏ ਸਰਪੰਚ ਸਤਪਾਲ ਸਿੰਘ ਉਰਫ਼ ਮਿੰਟੂ ਕਤਲ ਕਾਂਡ ਵਿੱਚ ਪੁਲਿਸ ਵੱਲੋਂ ਘਟਨਾ ਦੇ ਇੱਕ ਦਿਨ ਵਿੱਚ ਹੀ ਚਾਰ ਮੁਲਜ਼ਮਾਂ ਨੂੰ ਕਾਬੂ ਕਰਕੇ ਦੋ ਦੀ ਭਾਲ ਲਈ ਵੱਖ-ਵੱਖ ਟੀਮਾਂ ਦਾ ਗਠਨ ਕਰ ਦਿੱਤਾ ਹੈ। ਉਕਤ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਵੀਰਵਾਰ ਬਾਅਦ ਦੁਪਹਿਰ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਮਲਿਕ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਗੱਲਬਾਤ ਕਰਦਿਆਂ ਸੰਦੀਪ ਮਲਿਕ ਨੇ ਦੱਸਿਆ ਕਿ ਮੰਗਲਵਾਰ ਦੇਰ ਰਾਤ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਆਨੰਦਗੜ੍ਹ ਵਿੱਚ ਕਾਰ ਸਵਾਰ ਪੰਜ-ਛੇ ਹਥਿਆਰਬੰਦ ਹਮਲਾਵਰਾਂ ਵੱਲੋਂ ਪਿੰਡ ਦੇ ਸਰਪੰਚ ਸਤਪਾਲ ਸਿੰਘ ਉਰਫ਼ ਮਿੰਟੂ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ ਸੀ। ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਸਰਪੰਚ ਸਤਪਾਲ ਸਿੰਘ ਉਰਫ਼ ਮਿੰਟੂ ਨੂੰ ਜਦੋਂ ਉਸਦਾ ਬੇਟਾ ਰਾਹੁਲ ਇਲਾਜ ਲਈ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਲੈ ਜਾ ਰਿਹਾ ਸੀ ਤਾਂ ਮੁਲਜ਼ਮਾਂ ਵੱਲੋਂ ਰਸਤੇ ਵਿੱਚ ਘੇਰ ਕੇ ਇੱਕ ਵਾਰ ਫਿਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸਦੇ ਚਲਦਿਆਂ ਸਰਪੰਚ ਸਤਪਾਲ ਸਿੰਘ ਦੀ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਪਹੁੰਚਦਿਆਂ ਹੀ ਮੌਤ ਹੋ ਗਈ ਸੀ। ਪੁਲਿਸ ਨੇ ਰਾਹੁਲ ਦੇ ਬਿਆਨ ‘ਤੇ ਛੇ ਮੁਲਜ਼ਮਾਂ ਅਨਮੋਲ ਪੁੱਤਰ ਹਰਜੀਤ ਸਿੰਘ ਵਾਸੀ ਸ਼ਾਂਤੀ ਨਗਰ, ਅਨਮੋਲ ਉਰਫ਼ ਅੰਕੂ ਵਾਸੀ ਮਹਿਲਾਵਾਲੀ, ਅਨਮੋਲਪ੍ਰੀਤ ਸਿੰਘ ਉਰਫ਼ ਮੌਲਾ ਵਾਸੀ ਬੱਸੀ ਮੁਸਤਫ਼ਾ, ਚਰਨਜੀਤ ਸਿੰਘ ਉਰਫ਼ ਗਿਆਨੀ ਵਾਸੀ ਬੱਸੀ ਬਾਹੀਆਂ, ਪੰਕਜ ਪਠਾਨੀਆਂ ਵਾਸੀ ਮਹਿਲਾਵਾਲੀ ਤੇ ਵਿਜੈ ਕੁਮਾਰ ਵਾਸੀ ਜਹਾਂਖੇਲਾਂ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਸੀ। ਪੁਲਿਸ ਨੇ ਘਟਨਾ ਦੇ ਕੁਝ ਸਮੇਂ ਬਾਅਦ ਹੀ ਇੱਕ ਮੁਲਜ਼ਮ ਅਨਮੋਲ ਵਾਸੀ ਸ਼ਾਂਤੀ ਨਗਰ ਨੂੰ ਕਾਬੂ ਕਰ ਲਿਆ ਸੀ। ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਮਲਿਕ ਵੱਲੋਂ ਬਣਾਈ ਟੀਮ ਵਿੱਚ ਡੀਐਸਪੀ (ਸਿਟੀ) ਕੁਲਭੂਸ਼ਨ, ਇੰਚਾਰਜ ਸੀਆਈਏ ਸਟਾਫ਼ ਹੁਸ਼ਿਆਰਪੁਰ ਤੇ ਥਾਣਾ ਪ੍ਰਭਾਰੀ ਸਦਰ ਵੱਲੋਂ ਲਗਾਤਾਰ ਛਾਪੇਮਾਰੀ ਕਰਦਿਆਂ ਤਿੰਨ ਮੁਲਜ਼ਮਾਂ ਅਨਮੋਲ ਉਰਫ਼ ਅੰਕੂ, ਚਰਨਜੀਤ ਸਿੰਘ ਉਰਫ਼ ਗਿਆਨੀ, ਤੇ ਅਨਮੋਲਪ੍ਰੀਤ ਸਿੰਘ ਨੂੰ ਕਾਬੂ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।
ਚਾਰੇ ਮੁਲਜ਼ਮ ਚਾਰ ਦਿਨ ਦੇ ਪੁਲਿਸ ਰਿਮਾਂਡ ‘ਤੇ – ਗੱਲਬਾਤ ਕਰਦਿਆਂ ਥਾਣਾ ਪ੍ਰਭਾਰੀ ਸਦਰ ਨੇ ਦੱਸਿਆ ਕਿ ਕਾਬੂ ਕੀਤੇ ਚਾਰੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਪੁੱਛਗਿੱਛ ਲਈ ਸੱਤ ਦਿਨ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਸੀ, ਜਿਸਦੇ ਚਲਦਿਆਂ ਅਦਾਲਤ ਵੱਲੋਂ ਚਾਰ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ। ਜ਼ਿਲ੍ਹਾ ਪੁਲਿਸ ਦੋ ਹੋਰ ਮੁਲਜ਼ਮਾਂ ਨੂੰ ਵੀ ਜਲਦ ਕਾਬੂ ਕਰ ਲਵੇਗੀ।
