Bribe:ਬਰਨਾਲਾ ਵਿਜੀਲੈਂਸ ਬਿਊਰੋ ਦੀ ਵੱਡੀ ਕਾਰਵਾਈ ਇੰਸਪੈਕਟਰ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਫੜਿਆ

ਬਰਨਾਲ਼ਾ/ ਬਿਊਰੋ

ਪੰਜਾਬ ਵਿਜੀਲੈਂਸ ਬਿਊਰੋ ਨੇ ਭਰਿਸ਼ਟਾਚਾਰ ਦੇ ਖਿਲਾਫ ਚਲਾਈ ਮੁਹਿੰਮ ਵਿੱਚ ਵੱਡੀ ਕਾਰਵਾਈ ਕਰਦਿਆਂ ਇੱਕ ਕੋਆਪਰੇਟਿਵ ਦੇ ਅਧਿਕਾਰੀ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀ ਫੜਿਆ ਹੈ ਜਾਣਕਾਰੀ ਦੇ ਅਨੁਸਾਰ ਬਰਨਾਲਾ ਦੇ ਫਰਵਾਹੀ ਬਾਜ਼ਾਰ ਵਿੱਚ ਸਥਿਤ ਕੋਆਪ੍ਰੇਟਿਵ ਸੁਸਾਇਟੀ ਦੇ ਇੰਸਪੈਕਟਰ ਹਰਸ਼ ਬਾਂਸਲ ਨੂੰ ਵਿਜੀਲੈਂਸ ਦੀ ਟੀਮ ਨੇ 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਹੈ। ਵਿਜੀਲੈਂਸ ਵਿਭਾਗ ਦੇ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਕੋਆਪ੍ਰੇਟਿਵ ਵਿਭਾਗ ਵਿੱਚ ਤਾਇਨਾਤ ਸੈਕਟਰੀ ਜੰਗ ਸਿੰਘ ਦੇ ਖ਼ਿਲਾਫ਼ ਇੱਕ ਵਿਭਾਗੀ ਜਾਂਚ ਚੱਲ ਰਹੀ ਸੀ। ਇਸ ਕੇਸ ਦੀ ਜਾਂਚ ਇੰਸਪੈਕਟਰ ਹਰਸ਼ ਬਾਂਸਲ ਵੱਲੋਂ ਕੀਤੀ ਜਾ ਰਹੀ ਸੀ। ਹਰਸ਼ ਬਾਂਸਲ ਨੇ ਜਾਂਚ ਦੌਰਾਨ ਸੈਕਟਰੀ ਨੂੰ ਕਲੀਨ ਚਿੱਟ ਦੇਣ ਦੇ ਬਦਲੇ ਇੱਕ ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ, ਪਰ ਬਾਅਦ ਵਿੱਚ ਸੌਦਾ 50 ਹਜ਼ਾਰ ਰੁਪਏ ਵਿੱਚ ਤੈਅ ਹੋ ਗਿਆ।ਸੈਕਟਰੀ ਜੰਗ ਸਿੰਘ ਰਿਸ਼ਵਤ ਨਹੀਂ ਦੇਣਾ ਚਾਹੁੰਦਾ ਸੀ, ਇਸ ਲਈ ਉਸ ਨੇ ਇਸ ਸਬੰਧੀ ਸ਼ਿਕਾਇਤ ਵਿਜੀਲੈਂਸ ਵਿਭਾਗ ਨੂੰ ਕਰ ਦਿੱਤੀ। ਸ਼ਿਕਾਇਤ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਵਿਜੀਲੈਂਸ ਦੀ ਟੀਮ ਨੇ ਦਫ਼ਤਰ ਦੇ ਬਾਹਰ ਜਾਲ (ਟਰੈਪ) ਵਿਛਾ ਦਿੱਤਾ। ਜਿਵੇਂ ਹੀ ਜੰਗ ਸਿੰਘ ਨੇ ਹਰਸ਼ ਬਾਂਸਲ ਨੂੰ ਰਿਸ਼ਵਤ ਦੇ 50 ਹਜ਼ਾਰ ਰੁਪਏ ਫੜਾਏ, ਤਾਂ ਵਿਜੀਲੈਂਸ ਟੀਮ ਨੇ ਤੁਰੰਤ ਮੌਕੇ ‘ਤੇ ਛਾਪਾ ਮਾਰ ਕੇ ਇੰਸਪੈਕਟਰ ਹਰਸ਼ ਬਾਂਸਲ ਨੂੰ ਰਿਸ਼ਵਤ ਦੀ ਰਕਮ ਸਮੇਤ ਗ੍ਰਿਫ਼ਤਾਰ ਕਰ ਲਿਆ। ਵਿਜੀਲੈਂਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਪਹਿਲਾ ਮਾਮਲਾ ਨਹੀਂ ਹੁਣ ਤੱਕ ਅਜਿਹੇ ਕਿੰਨੇ ਹੀ ਮਾਮਲਿਆਂ ਵਿੱਚ ਵਿਜੀਲੈਂਸ ਬਿਊਰੋ ਵੱਲੋਂ ਕਾਰਵਾਈ ਕੀਤੀ ਗਈ ਹੈ।

Leave a Reply

Your email address will not be published. Required fields are marked *