ਬਲਗਣਾ ਚੌਕ ’ਚ ਪੁਲੀਸ ਅਤੇ ਮੁਲਜ਼ਮਾਂ ਵਿਚਾਲੇ ਮੁਕਾਬਲਾ, ਚੱਲੀਆਂ ਤਾਬੜਤੋੜ ਗੋਲ਼ੀਆਂ

ਬਲਗਣਾ ਚੌਕ ’ਚ ਪੁਲੀਸ ਅਤੇ ਮੁਲਜ਼ਮਾਂ ਵਿਚਾਲੇ ਮੁਕਾਬਲਾ, ਚੱਲੀਆਂ ਤਾਬੜਤੋੜ ਗੋਲ਼ੀਆਂ

ਗੜ੍ਹਦੀਵਾਲਾ ਗੋਲੀ ਕਾਂਡ ਦੇ ਇੱਕ ਮੁਲਜ਼ਮ ਨੂੰ ਪੁਲੀਸ ਨੇ ਕੀਤਾ ਕਾਬੂ, ਦੋ ਫਰਾਰ; ਗੋਲ਼ੀ ਲੱਗਣ ਕਾਰਨ ਦੁਕਾਨਦਾਰ ਜ਼ਖ਼ਮੀ, ਕਈ ਵਾਹਨਾਂ ਦੀ ਹੋਈ ਭੰਨਤੋੜ

ਹੁਸ਼ਿਆਰਪੁਰ, 27 ਨਵੰਬਰ (ਤਰਸੇਮ ਦੀਵਾਨਾ)

– ਸਥਾਨਕ ਬਲਗਣਾ ਚੌਕ ਵਿਖੇ ਅੱਜ ਸਵੇਰੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਗੜ੍ਹਦੀਵਾਲਾ ਗੋਲੀ ਕਾਂਡ ਦੇ ਮੁਲਜ਼ਮਾਂ ਦਾ ਪਿੱਛਾ ਕਰ ਰਹੀ ਪੁਲੀਸ ਪਾਰਟੀ ਅਤੇ ਕਾਰ ਸਵਾਰਾਂ ਵਿਚਾਲੇ ਮੁਕਾਬਲਾ ਹੋ ਗਿਆ। ਦੋਵਾਂ ਪਾਸਿਆਂ ਤੋਂ ਹੋਈ ਫਾਇਰਿੰਗ ਕਾਰਨ ਇਲਾਕੇ ਵਿੱਚ ਹਫ਼ੜਾ-ਦਫ਼ੜੀ ਮਚ ਗਈ। ਇਸ ਦੌਰਾਨ ਇੱਕ ਦੁਕਾਨਦਾਰ ਗੋਲ਼ੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ, ਜਦਕਿ ਮੁਲਜ਼ਮਾਂ ਵੱਲੋਂ ਭੱਜਣ ਦੀ ਕੋਸ਼ਿਸ਼ ਵਿੱਚ ਕਈ ਵਾਹਨਾਂ ਨੂੰ ਟੱਕਰ ਮਾਰਨ ਕਾਰਨ ਨੁਕਸਾਨ ਵੀ ਹੋਇਆ। ਪੁਲੀਸ ਨੇ ਘਟਨਾ ਦੌਰਾਨ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਦੋ ਹੋਰ ਫਰਾਰ ਹੋਣ ਵਿੱਚ ਕਾਮਯਾਬ ਰਹੇ।

 

ਪ੍ਰਾਪਤ ਜਾਣਕਾਰੀ ਅਨੁਸਾਰ 15 ਨਵੰਬਰ ਨੂੰ ਗੜ੍ਹਦੀਵਾਲਾ ਵਿੱਚ ਹੋਏ ਗੋਲੀ ਕਾਂਡ ਵਿੱਚ ਲੋੜੀਂਦੇ ਮੁਲਜ਼ਮਾਂ ਦੀ ਭਾਲ ਕਰ ਰਹੀ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਹ ਇੱਕ ਚਿੱਟੇ ਰੰਗ ਦੀ ਕਾਰ ਵਿੱਚ ਸਵਾਰ ਹੋ ਕੇ ਜਾ ਰਹੇ ਹਨ। ਇਸ ਸੂਚਨਾ ਦੇ ਆਧਾਰ ’ਤੇ ਪੁਲੀਸ ਪਾਰਟੀ ਨੇ ਪਿੰਡ ਬੋਦਲ ਨੇੜੇ ਕਾਰ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਕਾਰ ਬਲਗਣਾ ਚੌਕ ਵਿੱਚ ਪਹੁੰਚ ਕੇ ਭੀੜ ਵਿੱਚ ਫਸ ਗਈ ਤਾਂ ਕਾਰ ਸਵਾਰਾਂ ਨੇ ਪੁਲੀਸ ਪਾਰਟੀ ’ਤੇ ਫਾਇਰਿੰਗ ਕਰ ਦਿੱਤੀ। ਇਸ ਦੇ ਜਵਾਬ ਵਿੱਚ ਪੁਲੀਸ ਨੇ ਵੀ ਗੋਲ਼ੀਆਂ ਚਲਾਈਆਂ।

 

ਦੱਸਿਆ ਜਾਂਦਾ ਹੈ ਕਿ ਪੁਲੀਸ ਦੀ ਕਾਰਵਾਈ ਤੋਂ ਬਚਣ ਲਈ ਮੁਲਜ਼ਮਾਂ ਨੇ ਤੇਜ਼ ਰਫ਼ਤਾਰ ਨਾਲ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਨ੍ਹਾਂ ਨੇ ਚੌਕ ਵਿੱਚ ਖੜ੍ਹੇ ਅਤੇ ਉੱਥੋਂ ਲੰਘ ਰਹੇ ਕਰੀਬ ਅੱਧੀ ਦਰਜਨ ਵਾਹਨਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਕਈ ਵਾਹਨ ਨੁਕਸਾਨੇ ਗਏ। ਇਸੇ ਦੌਰਾਨ ਗੋਲ਼ੀ ਲੱਗਣ ਕਾਰਨ ਦੁਕਾਨਦਾਰ ਰਵੀ ਜ਼ਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਸਿਵਲ ਹਸਪਤਾਲ ਦਸੂਹਾ ਵਿਖੇ ਇਲਾਜ ਲਈ ਪਹੁੰਚਾਇਆ ਗਿਆ।

 

ਡੀਐੱਸਪੀ ਆਤਿਸ਼ ਭਾਟੀਆ ਅਤੇ ਥਾਣਾ ਮੁਖੀ ਗੁਰਸਾਹਿਬ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਚੌਕ ਤੋਂ ਕੁਝ ਦੂਰੀ ’ਤੇ ਕਾਰ ਨੂੰ ਘੇਰ ਲਿਆ। ਇਸ ਦੌਰਾਨ ਕਾਰ ਵਿੱਚੋਂ ਦੋ ਮੁਲਜ਼ਮ ਨਿਕਲ ਕੇ ਫਰਾਰ ਹੋ ਗਏ, ਜਿਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਲ ਦੱਸੀ ਜਾ ਰਹੀ ਹੈ। ਪੁਲੀਸ ਨੇ ਕਾਰ ਸਵਾਰ ਜਸਵਿੰਦਰ ਸਿੰਘ ਵਾਸੀ ਪਿੰਡ ਬੋਦਲ ਨੂੰ ਕਾਬੂ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਫਰਾਰ ਹੋਏ ਵਿਅਕਤੀਆਂ ਵਿੱਚ ਹਰਕਮਲਜੀਤ ਸਿੰਘ ਵਾਸੀ ਪਿੰਡ ਮੱਖੂ ਅਤੇ ਇੱਕ ਹੋਰ ਵਿਅਕਤੀ ਸ਼ਾਮਲ ਹੈ।

 

ਪੁਲੀਸ ਅਧਿਕਾਰੀਆਂ ਅਨੁਸਾਰ ਫਰਾਰ ਮੁਲਜ਼ਮਾਂ ਦੀ ਭਾਲ ਲਈ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਜਲਦ ਕਾਬੂ ਕਰਨ ਲਈ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਦਿਨ-ਦਿਹਾੜੇ ਭੀੜ-ਭੜੱਕੇ ਵਾਲੇ ਚੌਕ ਵਿੱਚ ਹੋਈ ਇਸ ਫਾਇਰਿੰਗ ਦੀ ਘਟਨਾ ਨੇ ਇਲਾਕੇ ਦੇ ਲੋਕਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ।

 

Leave a Reply

Your email address will not be published. Required fields are marked *