ਫਿਰੋਜ਼ਪੁਰ / ਰੋਜ਼ਾਨਾ ਰਿਪੋਰਟਰ

ਫਿਰੋਜ਼ਪੁਰ ਦੇ ਹੁਸੈਨੀ ਵਾਲਾ ਬਾਰਡਰ ਤੇ ਉਸ ਸਮੇਂ ਸਥਿਤੀ ਤਨਾਵਪੂਰਨ ਹੋ ਗਈ ਜਦੋਂ ਇਕ ਖੇਤ ਵਿੱਚੋਂ ਜ਼ਿੰਦਾਬਾਦ ਮਿਲਣ ਦੀ ਸੂਚਨਾ ਆਈ। ਅਕਸਰ ਸਰਹੱਦੀ ਇਲਾਕਿਆਂ ਵਿੱਚ ਡਰੋਨ ਜਾਂ ਜਿੰਦਾ ਬੰਬ ਵਰਗੀਆਂ ਘਟਨਾਵਾਂ ਹੁੰਦੀਆਂ ਹੀ ਰਹਿੰਦੀਆਂ ਹਨ ਪਰ ਇਸ ਵਿਚਕਾਰ ਇੱਕ ਬਹੁਤ ਵੱਡਾ ਹਾਦਸਾ ਟਲ ਗਿਆ ਜਾਣਕਾਰੀ ਦੇ ਅਨੁਸਾਰ ਫ਼ਿਰੋਜ਼ਪੁਰ ਵਿੱਚ ਭਾਰਤ-ਪਾਕਿਸਤਾਨ ਸਰਹੱਦ ‘ਤੇ ਸਥਿਤ ਹੁਸੈਨੀਵਾਲਾ ਨੇੜਲੇ ਪਿੰਡ ਝੁੱਗੇ ਹਜ਼ਾਰਾ ਸਿੰਘ ਵਾਲੀ ਢਾਣੀ ਦੇ ਖੇਤਾਂ ਵਿੱਚੋਂ ਅੱਜ ਸਵੇਰੇ ਇੱਕ ਪੁਰਾਣਾ ਜ਼ਿੰਦਾ ਬੰਬ ਬਰਾਮਦ ਹੋਇਆ ਹੈ। ਇਸ ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਭਾਰਤੀ ਸੈਨਾ ਅਤੇ ਸਥਾਨਕ ਪੁਲੀਸ ਦੀਆਂ ਸਾਂਝੀਆਂ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ, ਜਿਨ੍ਹਾਂ ਨੇ ਬੰਬ ਨੂੰ ਸੁਰੱਖਿਅਤ ਤਰੀਕੇ ਨਾਲ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਅੱਜ ਸਵੇਰ ਦੇ ਸਮੇਂ ਜਦੋਂ ਹੁਸੈਨੀਵਾਲਾ ਸਰਹੱਦ ਦੇ ਬਿਲਕੁਲ ਨਜ਼ਦੀਕ ਵੱਸੀ ਇਸ ਢਾਣੀ ਦੇ ਖੇਤਾਂ ਵਿੱਚ ਰੋਜ਼ਾਨਾ ਦੀ ਤਰ੍ਹਾਂ ਕੰਮ ਚੱਲ ਰਿਹਾ ਸੀ ਅਤੇ ਮਜ਼ਦੂਰ ਖੇਤੀਬਾੜੀ ਦੇ ਕੰਮਾਂ ਵਿੱਚ ਰੁੱਝੇ ਹੋਏ ਸਨ, ਤਾਂ ਅਚਾਨਕ ਉਨ੍ਹਾਂ ਦੀ ਨਜ਼ਰ ਖੇਤ ਦੀ ਮਿੱਟੀ ਵਿੱਚ ਦੱਬੀ ਹੋਈ ਇੱਕ ਸ਼ੱਕੀ ਵਸਤੂ ‘ਤੇ ਪਈ। ਜਦੋਂ ਨੇੜੇ ਜਾ ਕੇ ਦੇਖਿਆ ਗਿਆ ਤਾਂ ਉਹ ਇੱਕ ਪੁਰਾਣਾ ਜ਼ਿੰਦਾ ਬੰਬ ਸੀ। ਖੇਤਾਂ ਵਿੱਚ ਬੰਬ ਹੋਣ ਦੀ ਖ਼ਬਰ ਮਿਲਦਿਆਂ ਹੀ ਆਸ-ਪਾਸ ਦੇ ਇਲਾਕੇ ਦੇ ਕਿਸਾਨਾਂ ਅਤੇ ਆਮ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ। ਮੌਕੇ ‘ਤੇ ਮੌਜੂਦ ਲੋਕਾਂ ਵੱਲੋਂ ਬਿਨਾਂ ਕੋਈ ਦੇਰੀ ਕੀਤੇ ਇਸ ਗੰਭੀਰ ਮਾਮਲੇ ਦੀ ਸੂਚਨਾ ਤੁਰੰਤ ਭਾਰਤੀ ਸੈਨਾ ਦੇ ਅਧਿਕਾਰੀਆਂ ਅਤੇ ਫ਼ਿਰੋਜ਼ਪੁਰ ਪੁਲੀਸ ਪ੍ਰਸ਼ਾਸਨ ਨੂੰ ਦਿੱਤੀ ਗਈ।ਸੂਚਨਾ ਮਿਲਦੇ ਸਾਰ ਹੀ ਸੈਨਾ ਦੀ ਵਿਸ਼ੇਸ਼ ‘ਬੰਬ ਡਿਸਪੋਜ਼ਲ ਸਕੁਐਡ’ (ਬੰਬ ਨਿਰੋਧਕ ਦਸਤਾ) ਦੇ ਮਾਹਰ ਫ਼ੌਜੀ ਜਵਾਨ ਅਤੇ ਪੁਲੀਸ ਅਧਿਕਾਰੀ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਘਟਨਾ ਸਥਾਨ ‘ਤੇ ਪਹੁੰਚੇ। ਸੈਨਾ ਦੇ ਮਾਹਰਾਂ ਨੇ ਤੁਰੰਤ ਇਲਾਕੇ ਨੂੰ ਘੇਰੇ ਵਿੱਚ ਲੈ ਕੇ ਆਪਣੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਬੰਬ ਨੂੰ ਸੁਰੱਖਿਅਤ ਢੰਗ ਨਾਲ ਕਬਜ਼ੇ ਵਿੱਚ ਲੈ ਲਿਆ। ਇਸ ਸਬੰਧੀ ਗੱਲਬਾਤ ਕਰਦਿਆਂ ਇੱਕ ਉੱਚ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸਰਹੱਦੀ ਖੇਤਰ ਹੋਣ ਕਰਕੇ ਅਜਿਹੀਆਂ ਚੀਜ਼ਾਂ ਮਿਲਣਾ ਇੱਕ ਆਮ ਗੱਲ ਹੈ, ਕਿਉਂਕਿ ਇਹ ਪੁਰਾਣੀਆਂ ਜੰਗਾਂ ਦੌਰਾਨ ਮਿੱਟੀ ਵਿੱਚ ਦੱਬੇ ਰਹਿ ਗਏ ਬੰਬ ਹੋ ਸਕਦੇ ਹਨ। ਉਨ੍ਹਾਂ ਨੇ ਸਥਾਨਕ ਲੋਕਾਂ ਨੂੰ ਨਾ ਘਬਰਾਉਣ ਦੀ ਅਪੀਲ ਕੀਤੀ ਅਤੇ ਦੱਸਿਆ ਕਿ ਸੈਨਾ ਦੀ ਬੰਬ ਨਿਰੋਧਕ ਟੀਮ ਵੱਲੋਂ ਨਿਯਮਾਂ ਅਨੁਸਾਰ ਇਸ ਪੁਰਾਣੇ ਬੰਬ ਨੂੰ ਜਲਦੀ ਹੀ ਨਸ਼ਟ ਕਰ ਦਿੱਤਾ ਜਾਵੇਗਾ। ਭਾਰਤੀ ਫੌਜ ਵੱਲੋਂ ਇਲਾਕੇ ਵਿੱਚ ਰਹਿ ਰਹੇ ਸਾਰੇ ਲੋਕਾਂ ਨੂੰ ਪੈਨਿਕ ਨਾ ਹੋਣ ਦੀ ਅਪੀਲ ਕੀਤੀ ।
