Religious:ਲਗਾਤਾਰ ਬਾਰਿਸ਼ ਕਾਰਨ ਚਾਰ ਧਾਮ ਯਾਤਰਾ ਪ੍ਰਭਾਵਿਤ,ਸ਼ਰਧਾਲੂਆਂ ਦੀ ਗਿਣਤੀ ਚ ਘਾਟਾ

ਉੱਤਰਾਖੰਡ/ ਰੋਜ਼ਾਨਾ ਰਿਪੋਰਟਰ

ਉੱਤਰਾਖੰਡ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਦੇ ਕਾਰਨ ਚਾਰ ਧਾਮ ਯਾਤਰਾ ਬਹੁਤ ਪ੍ਰਭਾਵਿਤ ਹੋਈ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਜ਼ਾਰਾਂ ਹੀ ਸ਼ਰਧਾਲੂ ਸ਼੍ਰੀ ਹੇਮਕੁੰਡ ਸਾਹਿਬ ਤੇ ਚਾਰ ਧਾਮ ਦੀ ਯਾਤਰਾ ਕਰਨ ਲਈ ਆਏ ਹਨ ਜਾਣਕਾਰੀ ਅਨੁਸਾਰ ਉੱਤਰਾਖੰਡ ਵਿੱਚ ਸਰਗਰਮ ਹੋਏ ਦੱਖਣ-ਪੱਛਮੀ ਮੌਨਸੂਨ ਦਾ ਅਸਰ ਸਿੱਖਾਂ ਦੇ ਪਵਿੱਤਰ ਅਸਥਾਨ ਹੇਮਕੁੰਟ ਸਾਹਿਬ ਅਤੇ ਚਾਰ ਧਾਮ ਯਾਤਰਾ ’ਤੇ ਸਾਫ਼ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਪੰਜ ਦਿਨਾਂ ਦੌਰਾਨ ਹੇਮਕੁੰਟ ਸਾਹਿਬ ਅਤੇ ਚਾਰ ਧਾਮਾਂ ਵਿੱਚ ਪਹੁੰਚਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਿੱਚ 30 ਫੀਸਦੀ ਦੀ ਵੱਡੀ ਕਮੀ ਦਰਜ ਕੀਤੀ ਗਈ ਹੈ।ਸੂਬੇ ਵਿੱਚ ਪਹਿਲੀ ਜੁਲਾਈ ਤੋਂ ਮੌਨਸੂਨ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਯਾਤਰੀਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ। ਸਰਕਾਰੀ ਅੰਕੜਿਆਂ ਮੁਤਾਬਕ 1 ਜੁਲਾਈ ਨੂੰ ਹੇਮਕੁੰਟ ਸਾਹਿਬ ਅਤੇ ਚਾਰ ਧਾਮਾਂ ਵਿੱਚ ਕੁੱਲ 27,232 ਸ਼ਰਧਾਲੂ ਨਤਮਸਤਕ ਹੋਏ ਸਨ, ਪਰ 5 ਜੁਲਾਈ ਤੱਕ ਇਹ ਅੰਕੜਾ ਘਟ ਕੇ ਸਿਰਫ਼ 19,202 ਰਹਿ ਗਿਆ।ਇੱਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਜਿਵੇਂ-ਜਿਵੇਂ ਮੌਨਸੂਨ ਤੇਜ਼ ਹੋ ਰਿਹਾ ਹੈ, ਸ਼ਰਧਾਲੂਆਂ ਦੀ ਆਮਦ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਸਭ ਤੋਂ ਵੱਧ ਅਸਰ ਕੇਦਾਰਨਾਥ ਧਾਮ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਮੀਂਹ ਸ਼ੁਰੂ ਹੋਣ ਤੋਂ ਬਾਅਦ ਸ਼ਰਧਾਲੂਆਂ ਦੀ ਗਿਣਤੀ 65 ਫੀਸਦੀ ਤੱਕ ਘਟ ਗਈ ਹੈ। ਕੇਦਾਰਨਾਥ ਵਿੱਚ 1 ਜੁਲਾਈ ਨੂੰ 6,553 ਸ਼ਰਧਾਲੂ ਪਹੁੰਚੇ ਸਨ, ਜਦੋਂ ਕਿ 5 ਜੁਲਾਈ ਨੂੰ ਇਹ ਗਿਣਤੀ ਸਿਰਫ਼ 2,297 ਰਹਿ ਗਈ। ਮੌਨਸੂਨ ਕਾਰਨ ਆਈ ਇਸ ਗਿਰਾਵਟ ਦੇ ਬਾਵਜੂਦ ਇਸ ਸਾਲ ਦੀ ਚਾਰ ਧਾਮ ਅਤੇ ਹੇਮਕੁੰਟ ਸਾਹਿਬ ਯਾਤਰਾ ਨੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ। 19 ਅਪਰੈਲ ਨੂੰ ਯਾਤਰਾ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਮਹਿਜ਼ ਢਾਈ ਮਹੀਨਿਆਂ ਦੇ ਅੰਦਰ 41.56 ਲੱਖ ਤੋਂ ਵੱਧ ਸ਼ਰਧਾਲੂ ਬਦਰੀਨਾਥ, ਗੰਗੋਤਰੀ ਅਤੇ ਯਮੁਨੋਤਰੀ ਦੇ ਦਰਸ਼ਨ ਕਰ ਚੁੱਕੇ ਹਨ। ਇਸੇ ਤਰ੍ਹਾਂ 23 ਮਈ ਨੂੰ ਹੇਮਕੁੰਟ ਸਾਹਿਬ ਦੇ ਕਿਵਾੜ ਖੁੱਲ੍ਹਣ ਤੋਂ ਬਾਅਦ ਹੁਣ ਤੱਕ 1.76 ਲੱਖ ਸ਼ਰਧਾਲੂ ਪਵਿੱਤਰ ਅਸਥਾਨ ‘ਤੇ ਨਤਮਸਤਕ ਹੋ ਚੁੱਕੇ ਹਨ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਅਨੁਸਾਰ ਇਹ ਇਤਿਹਾਸਕ ਸਫ਼ਲਤਾ ਸੂਬਾ ਸਰਕਾਰ ਵੱਲੋਂ ਵਿਕਸਤ ਕੀਤੇ ਗਏ ਬੁਨਿਆਦੀ ਢਾਂਚੇ, ਬਿਹਤਰ ਸੜਕੀ ਸੰਪਰਕ, ਮਜ਼ਬੂਤ ਸੁਰੱਖਿਆ ਪ੍ਰਬੰਧਾਂ ਅਤੇ ਸ਼ਰਧਾਲੂਆਂ ਨੂੰ ਦਿੱਤੀਆਂ ਜਾ ਰਹੀਆਂ ਬਿਹਤਰੀਨ ਸਹੂਲਤਾਂ ਦਾ ਨਤੀਜਾ ਹੈ।ਅਧਿਕਾਰੀ ਨੇ ਦੱਸਿਆ ਕਿ ਕੇਦਾਰਨਾਥ ਦੀ ਯਾਤਰਾ ਪੈਦਲ ਅਤੇ ਬੇਹੱਦ ਮੁਸ਼ਕਲ ਰਸਤੇ ਵਾਲੀ ਹੋਣ ਕਾਰਨ ਮੌਨਸੂਨ ਦੌਰਾਨ ਢਿੱਗਾਂ ਡਿੱਗਣ (ਲੈਂਡਸਲਾਈਡ) ਅਤੇ ਖ਼ਰਾਬ ਮੌਸਮ ਦੇ ਖ਼ਤਰੇ ਕਾਰਨ ਇਹ ਸਭ ਤੋਂ ਵੱਧ ਪ੍ਰਭਾਵਿਤ ਹੁੰਦੀ ਹੈ।

Leave a Reply

Your email address will not be published. Required fields are marked *