ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਜਲੰਧਰ ਤੋਂ 16 ਰੋਜ਼ਾ ‘ਸਮਰਸਤਾ ਸੰਕਲਪ ਯਾਤਰਾ’ ਨੂੰ ਦਿਖਾਈ ਹਰੀ ਝੰਡੀ; ‘ਆਪ’ ਦੇ ਕੁਸ਼ਾਸਨ ਅਤੇ ਕਾਂਗਰਸ ਦੇ ਪਖੰਡ ਵਿਰੁੱਧ ਵਜਾਇਆ ਚੋਣ ਬਿਗਲ

*ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਜਲੰਧਰ ਤੋਂ 16 ਰੋਜ਼ਾ ‘ਸਮਰਸਤਾ ਸੰਕਲਪ ਯਾਤਰਾ’ ਨੂੰ ਦਿਖਾਈ ਹਰੀ ਝੰਡੀ; ‘ਆਪ’ ਦੇ ਕੁਸ਼ਾਸਨ ਅਤੇ ਕਾਂਗਰਸ ਦੇ ਪਖੰਡ ਵਿਰੁੱਧ ਵਜਾਇਆ ਚੋਣ ਬਿਗਲ*

➖ *ਡੇਰਾ ਸੱਚਖੰਡ ਬੱਲਾਂ ਵਿਖੇ ਸੰਤ ਨਿਰੰਜਨ ਦਾਸ ਜੀ ਤੋਂ ਆਸ਼ੀਰਵਾਦ ਲੈਣ ਉਪਰੰਤ ਸੱਤ ਸੂਬਿਆਂ ਅਤੇ 47 ਸ਼ਹਿਰਾਂ ਵਿੱਚੋਂ ਲੰਘਣ ਵਾਲੀ 2,500 ਕਿਲੋਮੀਟਰ ਲੰਬੀ ਯਾਤਰਾ ਕੀਤੀ ਰਵਾਨਾ*

➖ *‘ਆਪ’ ਸਰਕਾਰ ਦੀ ਵਿਦਾਇਗੀ ਦੀ ਉਲਟੀ ਗਿਣਤੀ ਸ਼ੁਰੂ; ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ ਦੀਆਂ ਜੇਬਾਂ ਭਰਨ ਲਈ ਪੰਜਾਬ ਨੂੰ ‘ਏਟੀਐਮ’ ਬਣਾ ਦਿੱਤਾ ਹੈ: ਨਿਤਿਨ ਨਬੀਨ*

➖ *ਵਿਦੇਸ਼ੀ ਧਰਤੀ ‘ਤੇ ਭਾਰਤੀ ਲੋਕਤੰਤਰ ਦਾ ਅਪਮਾਨ ਕਰਨ ਲਈ ਕਾਂਗਰਸ ਅਤੇ ਰਾਹੁਲ ਗਾਂਧੀ ‘ਤੇ ਹਮਲਾ*

➖ *ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਨਸ਼ਾ ਮੁਕਤ, ਗੈਂਗਸਟਰ ਮੁਕਤ ਅਤੇ ‘ਵਿਕਸਿਤ ਪੰਜਾਬ’ ਬਣਾਉਣ ਦਾ ਸੰਕਲਪ ਦੁਹਰਾਇਆ*

*ਜਲੰਧਰ, 18 ਨਵੰਬਰ, 2026:*ਸੁਨੀਲ ਕੁਮਾਰ

 

ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕੌਮੀ ਪ੍ਰਧਾਨ ਸ੍ਰੀ ਨਿਤਿਨ ਨਬੀਨ ਨੇ ਅੱਜ ਜਲੰਧਰ ਦੀ ਪਵਿੱਤਰ ਧਰਤੀ ਤੋਂ ਦੇਸ਼ ਵਿਆਪੀ ‘ਸਮਰਸਤਾ ਸੰਕਲਪ ਯਾਤਰਾ’ ਨੂੰ ਰਸਮੀ ਤੌਰ ‘ਤੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਯਾਤਰਾ ਸੰਤ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਉਨ੍ਹਾਂ ਦੀਆਂ ਸਦੀਵੀ ਸਿੱਖਿਆਵਾਂ ਨੂੰ ਸੱਤ ਸੂਬਿਆਂ ਅਤੇ 47 ਸ਼ਹਿਰਾਂ ਦੇ ਹਰ ਘਰ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਸਮਰਪਿਤ ਹੈ।

ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਸੀਨੀਅਰ ਆਗੂ ਤਰੁਣ ਚੁੱਘ ਅਤੇ ਸੂਬਾਈ ਅਹੁਦੇਦਾਰਾਂ ਦੀ ਮੌਜੂਦਗੀ ਵਿੱਚ ਯਾਤਰਾ ਨੂੰ ਰਵਾਨਾ ਕਰਨ ਤੋਂ ਪਹਿਲਾਂ ਸ੍ਰੀ ਨਿਤਿਨ ਨਬੀਨ ਨੇ ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋ ਕੇ ਸੰਤ ਨਿਰੰਜਨ ਦਾਸ ਜੀ ਤੋਂ ਆਸ਼ੀਰਵਾਦ ਲਿਆ। ਭਗਵਾਨ ਵਾਲਮੀਕਿ ਜੀ, ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਅਤੇ ਮਹਾਨ ਗੁਰੂ ਸਾਹਿਬਾਨ ਅੱਗੇ ਸੀਸ ਨਿਵਾਉਣ ਉਪਰੰਤ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਨਮ ਭੂਮੀ ਪਟਨਾ ਸਾਹਿਬ ਨਾਲ ਸਬੰਧ ਰੱਖਣ ਵਾਲੇ ਸ੍ਰੀ ਨਬੀਨ ਨੇ ‘ਸਤਿ ਸ੍ਰੀ ਅਕਾਲ’ ਕਹਿ ਕੇ ਸੰਗਤ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਸੰਤ ਸਮਾਜ ਦੇ ਆਸ਼ੀਰਵਾਦ ਨਾਲ ਇਹ ਯਾਤਰਾ ਤਿਆਗ, ਭਾਈਚਾਰੇ ਅਤੇ ਸਮਾਨਤਾ ਦੇ ਸੰਦੇਸ਼ ਰਾਹੀਂ ਸਮਾਜ ਦੇ ਸਾਰੇ ਵਰਗਾਂ ਨੂੰ ਇਕਜੁੱਟ ਕਰੇਗੀ।

 

➖ *ਰਵਿਦਾਸ ਜੀ ਦੀ ਵਿਰਾਸਤ ਦਾ ਸਨਮਾਨ*

 

ਗੁਰੂ ਪੂਰਨਿਮਾ (29 ਜੁਲਾਈ, 2026) ਵਾਲੇ ਦਿਨ ਕਾਸ਼ੀ ਤੋਂ ਕਲਸ਼ ਵੰਦਨਾ ਯਾਤਰਾਵਾਂ ਨਾਲ ਸ਼ੁਰੂ ਹੋਈ ਇਸ ਮੁਹਿੰਮ ਦੇ ਦੇਸ਼ ਵਿਆਪੀ ਪਸਾਰ ਦਾ ਜ਼ਿਕਰ ਕਰਦਿਆਂ ਸ੍ਰੀ ਨਬੀਨ ਨੇ ਸਮਾਜ ਦੇ ਹਰ ਵਰਗ ਦੀਆਂ ਮਾਵਾਂ, ਧੀਆਂ ਅਤੇ ਨਾਗਰਿਕਾਂ ਦਾ ਧੰਨਵਾਦ ਕੀਤਾ, ਜੋ ਗੁਰੂ ਜੀ ਦੀ ਬਾਣੀ ਨੂੰ ਘਰ-ਘਰ ਤੱਕ ਪਹੁੰਚਾ ਰਹੇ ਹਨ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸ੍ਰੀ ਗੁਰੂ ਰਵਿਦਾਸ ਜੀ ਦੀ ਵਿਰਾਸਤ ਨੂੰ ਬੇਮਿਸਾਲ ਸਨਮਾਨ ਦਿੱਤਾ ਹੈ। ਇਸ ਵਿੱਚ ਆਦਮਪੁਰ ਹਵਾਈ ਅੱਡੇ ਦਾ ਨਾਮ ਉਨ੍ਹਾਂ ਦੇ ਨਾਮ ‘ਤੇ ਰੱਖਣਾ, ਸੰਤ ਨਿਰੰਜਨ ਦਾਸ ਜੀ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕਰਨਾ, ਮੱਧ ਪ੍ਰਦੇਸ਼ ਦੇ ਸਾਗਰ ਵਿਖੇ 101 ਕਰੋੜ ਰੁਪਏ ਦੀ ਲਾਗਤ ਨਾਲ ਸ਼ਾਨਦਾਰ ਮੰਦਰ ਦਾ ਨਿਰਮਾਣ ਅਤੇ ਕਾਸ਼ੀ ਵਿਖੇ ਉਨ੍ਹਾਂ ਦੇ ਜਨਮ ਸਥਾਨ ‘ਤੇ ਸਹੂਲਤਾਂ ਦਾ ਵਿਸਥਾਰ ਕਰਨਾ ਸ਼ਾਮਲ ਹੈ।

ਸ੍ਰੀ ਗੁਰੂ ਰਵਿਦਾਸ ਜੀ ਦੇ ‘ਐਸਾ ਚਾਹੂੰ ਰਾਜ ਮੈਂ, ਜਹਾਂ ਮਿਲੈ ਸਭਨ ਕੋ ਅੰਨ’ ਦੇ ਆਦਰਸ਼ ਤੋਂ ਪ੍ਰੇਰਨਾ ਲੈਂਦਿਆਂ ਸ੍ਰੀ ਨਬੀਨ ਨੇ ਕਿਹਾ ਕਿ ਮੋਦੀ ਸਰਕਾਰ ਪ੍ਰਧਾਨ ਮੰਤਰੀ ਆਵਾਸ ਯੋਜਨਾ, ਆਯੁਸ਼ਮਾਨ ਭਾਰਤ, ਮੁਫ਼ਤ ਰਾਸ਼ਨ ਅਤੇ ਪੀਐੱਮ-ਅਜੇ ਵਰਗੀਆਂ ਯੋਜਨਾਵਾਂ ਰਾਹੀਂ ਹਰ ਗਰੀਬ ਅਤੇ ਸਹੂਲਤਾਂ ਤੋਂ ਵਾਂਝੇ ਪਰਿਵਾਰ ਨੂੰ ਸਸ਼ਕਤ ਬਣਾ ਰਹੀ ਹੈ, ਤਾਂ ਜੋ ਪਛੜੇ ਵਰਗਾਂ ਦੇ ਨੌਜਵਾਨ ਵੀ ਡਾਕਟਰ ਅਤੇ ਇੰਜੀਨੀਅਰ ਬਣ ਸਕਣ।

 

➖ ‘ *ਆਪ’ ਸਰਕਾਰ ‘ਤੇ ਤਿੱਖਾ ਹਮਲਾ: ‘ਮੁੱਖ ਮੰਤਰੀ ਕੇਜਰੀਵਾਲ ਦੇ ਏਟੀਐਮ ਵਜੋਂ ਕੰਮ ਕਰ ਰਹੇ ਹਨ’*

 

ਪੰਜਾਬ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ‘ਤੇ ਤਿੱਖਾ ਹਮਲਾ ਕਰਦਿਆਂ ਸ੍ਰੀ ਨਿਤਿਨ ਨਬੀਨ ਨੇ ਐਲਾਨ ਕੀਤਾ ਕਿ ‘ਆਪ’ ਸਰਕਾਰ ਦੀ ਵਿਦਾਇਗੀ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਤਿਆਗ, ਮਿਹਨਤ ਅਤੇ ਬਹਾਦਰ ਸੈਨਿਕਾਂ ਦੀ ਧਰਤੀ ਪੰਜਾਬ ਨਾਲ ਸੂਬਾ ਸਰਕਾਰ ਨੇ ਵਿਸ਼ਵਾਸਘਾਤ ਕੀਤਾ ਹੈ ਅਤੇ ਇੱਥੋਂ ਦੇ ਨੌਜਵਾਨਾਂ ਨੂੰ ਨਸ਼ਿਆਂ, ਬੇਰੁਜ਼ਗਾਰੀ ਅਤੇ ਮਜਬੂਰੀ ਵਿੱਚ ਪਰਵਾਸ ਕਰਨ ਵੱਲ ਧੱਕ ਦਿੱਤਾ ਹੈ।

 

➖ *ਨਸ਼ਾ ਮੁਕਤ ਪੰਜਾਬ ਦਾ ਵਾਅਦਾ ਟੁੱਟਿਆ: ਉਨ੍ਹਾਂ ਕਿਹਾ, “ਉਨ੍ਹਾਂ ਨੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਵਾਅਦਾ ਕੀਤਾ ਸੀ, ਪਰ ਅੰਤ ਵਿੱਚ ਉਸੇ ਸੰਕਲਪ ਨੂੰ ਤਬਾਹ ਕਰ ਦਿੱਤਾ। ਨਸ਼ਿਆਂ ਵਿਰੁੱਧ ਲੜਨ ਦੀ ਬਜਾਏ ਇਹ ਸਰਕਾਰ ਪੰਜਾਬ ਦੇ ਨੌਜਵਾਨਾਂ ਵਿਰੁੱਧ ਲੜ ਰਹੀ ਹੈ, ਜਦਕਿ ਭਾਜਪਾ ਆਪਣੇ ‘ਨਸ਼ਾ ਮੁਕਤ ਅਭਿਆਨ’ ਨੂੰ ਨਿਰਣਾਇਕ ਸਫ਼ਲਤਾ ਦਿਵਾਉਣ ਲਈ ਵਚਨਬੱਧ ਹੈ।”*

 

➖ *ਕਾਨੂੰਨ ਵਿਵਸਥਾ ਅਤੇ ਉਦਯੋਗਾਂ ਦਾ ਪਤਨ: ਉਦਯੋਗਾਂ ਦੇ ਬੰਦ ਹੋਣ ਅਤੇ ਰੁਜ਼ਗਾਰ ਦੇ ਮੌਕੇ ਖ਼ਤਮ ਹੋਣ ਵੱਲ ਇਸ਼ਾਰਾ ਕਰਦਿਆਂ ਸ੍ਰੀ ਨਬੀਨ ਨੇ ਕਿਹਾ ਕਿ ਅੱਜ ਪੰਜਾਬ ਦੀ ਸਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਅਪਰਾਧੀਆਂ ਅਤੇ ਗੈਂਗਸਟਰਾਂ ਦੇ ਰਾਜ ਵਿੱਚ ਪੁਲਿਸ ਮੁਲਾਜ਼ਮ ਅਤੇ ਪੁਲਿਸ ਥਾਣੇ ਤੱਕ ਸੁਰੱਖਿਅਤ ਨਹੀਂ ਹਨ, ਜਦਕਿ ਔਰਤਾਂ ਨੂੰ ਬੁਨਿਆਦੀ ਸੁਰੱਖਿਆ ਵੀ ਨਹੀਂ ਮਿਲ ਰਹੀ।*

 

➖ *ਕੇਜਰੀਵਾਲ ਦਾ ਏਟੀਐਮ ਅਤੇ ‘ਕਰੋੜਪਤੀ’ ਦਾ ਦਿਖਾਵਾ: ਮੁੱਖ ਮੰਤਰੀ ‘ਤੇ ਸਿੱਧਾ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ, “ਪੰਜਾਬ ਵਿੱਚ ਕਾਨੂੰਨ ਦਾ ਰਾਜ ਨਹੀਂ ਹੈ, ਸਗੋਂ ਅਰਵਿੰਦ ਕੇਜਰੀਵਾਲ ਦੀਆਂ ਜੇਬਾਂ ਭਰਨ ਲਈ ਕਾਨੂੰਨ ਬਣਾਏ ਜਾ ਰਹੇ ਹਨ। ਮੁੱਖ ਮੰਤਰੀ ਜੀ, ਤੁਸੀਂ ਆਪਣੇ ਆਪ ਨੂੰ ਕੇਜਰੀਵਾਲ ਦਾ ਏਟੀਐਮ ਬਣਨ ਦਿੱਤਾ ਹੈ ਅਤੇ ‘ਬਦਲਾਅ’ ਦੇ ਨਾਮ ‘ਤੇ ਲੋਕਾਂ ਦਾ ਪੈਸਾ ਲੁੱਟਿਆ ਜਾ ਰਿਹਾ ਹੈ।”*

 

➖*ਸੂਬਾ ਸਰਕਾਰ ਦੇ ਪ੍ਰਚਾਰ ਆਧਾਰਿਤ ‘ਕਰੋੜਪਤੀ’ ਸਮਾਗਮ ‘ਤੇ ਵਿਅੰਗ ਕੱਸਦਿਆਂ ਉਨ੍ਹਾਂ ਕਿਹਾ ਕਿ ਕਰੋੜਾਂ ਨੌਜਵਾਨਾਂ ਨੂੰ ਬੇਰੁਜ਼ਗਾਰ ਛੱਡਣ ਅਤੇ ਸੂਬੇ ਨੂੰ ਆਰਥਿਕ ਤੌਰ ‘ਤੇ ਕੰਗਾਲ ਕਰਨ ਤੋਂ ਬਾਅਦ, ਜਿਸ ਸਰਕਾਰ ਨੂੰ ਹਾਈ ਕੋਰਟ ਵੱਲੋਂ ਵਾਰ-ਵਾਰ ਫਟਕਾਰ ਲਗਾਈ ਜਾ ਰਹੀ ਹੈ, ਉਹ ਅਸਲ ਰੁਜ਼ਗਾਰ ਪੈਦਾ ਕਰਨ ਦੀ ਬਜਾਏ ਇੱਕ ਨੌਜਵਾਨ ਨੂੰ ਕਰੋੜਪਤੀ ਬਣਾਉਣ ਦਾ ਦਿਖਾਵਾ ਕਰ ਰਹੀ ਹੈ।*

 

➖ *ਐਮਰਜੈਂਸੀ, 1984 ਦੇ ਸਿੱਖ ਕਤਲੇਆਮ ਅਤੇ ਰਾਹੁਲ ਗਾਂਧੀ ਦੀਆਂ ਵਿਦੇਸ਼ੀ ਟਿੱਪਣੀਆਂ ਨੂੰ ਲੈ ਕੇ ਕਾਂਗਰਸ ‘ਤੇ ਹਮਲਾ*

 

ਕਾਂਗਰਸ ‘ਤੇ ਨਿਸ਼ਾਨਾ ਸਾਧਦਿਆਂ ਸ੍ਰੀ ਨਬੀਨ ਨੇ ਕਿਹਾ ਕਿ ਜਿਹੜੀ ਪਾਰਟੀ ਸੰਵਿਧਾਨ ਦੀ ਰਾਖੀ ਕਰਨ ਦਾ ਦਾਅਵਾ ਕਰਦੀ ਹੈ, ਉਸੇ ਨੇ ਐਮਰਜੈਂਸੀ ਦੌਰਾਨ ਸੰਵਿਧਾਨ ਨੂੰ ਤਾਰ-ਤਾਰ ਕੀਤਾ ਅਤੇ ਪੰਜਾਬ ਨੂੰ ਡੂੰਘੇ ਜ਼ਖ਼ਮ ਦਿੱਤੇ।

ਉਨ੍ਹਾਂ ਕਿਹਾ ਕਿ 1 ਨਵੰਬਰ, 1984 ਨੂੰ, ਜਿਸ ਦਿਨ ਸਿੱਖਾਂ ਦਾ ਕਤਲੇਆਮ ਹੋਇਆ ਸੀ, ਕਾਂਗਰਸੀ ਆਗੂਆਂ ਨੇ ਉਸੇ ਦਿਨ ਰਾਮਲੀਲਾ ਮੈਦਾਨ ਵਿੱਚ ਰੈਲੀ ਕੀਤੀ ਸੀ। ਉਨ੍ਹਾਂ ਕਿਹਾ, “ਲੋਕ ਉਹ ਦਿਨ ਨਹੀਂ ਭੁੱਲੇ ਅਤੇ ਉਨ੍ਹਾਂ ਨੂੰ ਇਸ ਦਾ ਜਵਾਬ ਦੇਣਗੇ।”

ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ‘ਤੇ ਹਮਲਾ ਕਰਦਿਆਂ ਸ੍ਰੀ ਨਬੀਨ ਨੇ ਪ੍ਰਧਾਨ ਮੰਤਰੀ ਮੋਦੀ ਦੀ ਵਿਸ਼ਵ ਪੱਧਰੀ ਪਹੁੰਚ, ਭਾਰਤ ਲਈ ਨਿਵੇਸ਼ ਅਤੇ ਦੇਸ਼ ਦਾ ਮਾਣ ਵਧਾਉਣ ਦੇ ਯਤਨਾਂ ਦੀ ਤੁਲਨਾ ਰਾਹੁਲ ਗਾਂਧੀ ਦੇ ਉਨ੍ਹਾਂ ਭਾਸ਼ਣਾਂ ਨਾਲ ਕੀਤੀ, ਜਿਨ੍ਹਾਂ ਵਿੱਚ ਉਨ੍ਹਾਂ ਨੇ ਕੋਲੰਬੀਆ ਯੂਨੀਵਰਸਿਟੀ ਵਰਗੀਆਂ ਸੰਸਥਾਵਾਂ ਵਿੱਚ ਵਿਦੇਸ਼ੀ ਧਰਤੀ ‘ਤੇ ਭਾਰਤੀ ਲੋਕਤੰਤਰ ‘ਤੇ ਸਵਾਲ ਚੁੱਕੇ।

ਉਨ੍ਹਾਂ ਕਿਹਾ, “ਇੱਕ ਪਾਸੇ ਵਿਸ਼ਵ ਬੈਂਕ, ਆਈਐੱਮਐੱਫ ਅਤੇ ਵਿਸ਼ਵ ਆਰਥਿਕ ਮੰਚ ਭਾਰਤ ਦੀ ਆਰਥਿਕ ਤਰੱਕੀ ਦੀ ਸ਼ਲਾਘਾ ਕਰ ਰਹੇ ਹਨ, ਜਦਕਿ ਦੂਜੇ ਪਾਸੇ ਰਾਹੁਲ ਗਾਂਧੀ ਦਾਅਵਾ ਕਰ ਰਹੇ ਹਨ ਕਿ ਭਾਰਤ ਤਬਾਹੀ ਵੱਲ ਵਧ ਰਿਹਾ ਹੈ। ਤਬਾਹੀ ਭਾਰਤ ਵਿੱਚ ਨਹੀਂ, ਸਗੋਂ ਰਾਹੁਲ ਗਾਂਧੀ ਦੀ ਸੋਚ ਵਿੱਚ ਹੈ, ਕਿਉਂਕਿ ਉਨ੍ਹਾਂ ਦਾ ਪਰਿਵਾਰ ਅਤੇ ਪਾਰਟੀ ਸੁੰਗੜ ਰਹੇ ਹਨ, ਜਦਕਿ 140 ਕਰੋੜ ਭਾਰਤੀ ਅਤੇ ਸਾਡੀਆਂ ਮਹਿਲਾਵਾਂ ਆਤਮਨਿਰਭਰਤਾ ਵੱਲ ਅੱਗੇ ਵਧ ਰਹੀਆਂ ਹਨ।”

 

➖ *ਸੁਰੱਖਿਅਤ, ਨਸ਼ਾ ਮੁਕਤ ਅਤੇ ‘ਵਿਕਸਿਤ ਪੰਜਾਬ’ ਲਈ ਸੰਕਲਪ*

 

ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਭਾਰਤ ਦੀ ਮਜ਼ਬੂਤ ਕੌਮੀ ਸੁਰੱਖਿਆ ਨੀਤੀ ਦਾ ਜ਼ਿਕਰ ਕਰਦਿਆਂ ਸ੍ਰੀ ਨਿਤਿਨ ਨਬੀਨ ਨੇ ਕਿਹਾ ਕਿ ਦੇਸ਼ ਨੂੰ ਧਮਕੀ ਦੇਣ ਵਾਲਿਆਂ ਨੂੰ ਭਾਰਤ ‘ਇੱਟ ਦਾ ਜਵਾਬ ਪੱਥਰ ਨਾਲ’ ਦਿੰਦਾ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਪਿੰਡਾਂ ਨੂੰ ਦੇਸ਼ ਦੇ ਆਖਰੀ ਪਿੰਡ ਨਹੀਂ, ਸਗੋਂ ਦੇਸ਼ ਦੇ ਪਹਿਲੇ ਪਿੰਡ ਮੰਨਿਆ ਜਾਂਦਾ ਹੈ।

ਸ੍ਰੀ ਨਿਤਿਨ ਨਬੀਨ ਨੇ ਪੰਜਾਬ ਦੇ ਲੋਕਾਂ ਨੂੰ ਭਾਜਪਾ ਅਤੇ ਐੱਨਡੀਏ ਨੂੰ ਆਸ਼ੀਰਵਾਦ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, “ਜਦੋਂ ਪੰਜਾਬ ਸੁਰੱਖਿਅਤ, ਖੁਸ਼ਹਾਲ ਅਤੇ ਵਿਕਸਿਤ ਬਣੇਗਾ, ਤਾਂ ਹੀ ਭਾਰਤ 2047 ਤੱਕ ਵਿਕਸਿਤ ਭਾਰਤ ਬਣਨ ਦਾ ਟੀਚਾ ਹਾਸਲ ਕਰ ਸਕੇਗਾ।”8

ਉਨ੍ਹਾਂ ਇਹ ਗੱਲ ‘ਜੋ ਬੋਲੇ ਸੋ ਨਿਰਭੈ, ਸ੍ਰੀ ਗੁਰੂ ਰਵਿਦਾਸ ਮਹਾਰਾਜ ਕੀ ਜੈ’ ਦੇ ਗੂੰਜਦੇ ਜੈਕਾਰਿਆਂ ਦਰਮਿਆਨ ਕਹੀ।

 

➖*ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਸਰਬ ਸਾਂਝੀਵਾਲਤਾ ਦਾ ਮਾਰਗ: ਕੇਵਲ ਸਿੰਘ ਢਿੱਲੋਂ*

 

ਇਸ ਮੌਕੇ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਬੋਲਦਿਆਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਪਾਵਨ ਬਾਣੀ ਅਤੇ ਉਨ੍ਹਾਂ ਦੇ ਮਹਾਨ ਉਪਦੇਸ਼ ਸਮੁੱਚੀ ਮਨੁੱਖਤਾ ਨੂੰ ਸਮਾਜਿਕ ਬਰਾਬਰੀ, ਆਪਸੀ ਪਿਆਰ, ਭਾਈਚਾਰੇ, ਸਾਂਝੀਵਾਲਤਾ ਅਤੇ ਮਨੁੱਖੀ ਸਨਮਾਨ ਦਾ ਸੰਦੇਸ਼ ਦਿੰਦੇ ਹਨ।

ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਗੁਰੂ ਸਾਹਿਬ ਦੀ ਇਸੇ ਵਿਚਾਰਧਾਰਾ ਤੋਂ ਪ੍ਰੇਰਿਤ ਹੋ ਕੇ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ’ ਦੇ ਮੂਲ ਮੰਤਰ ਨਾਲ ਸਮਾਜ ਦੇ ਹਰ ਵਰਗ, ਖ਼ਾਸ ਕਰਕੇ ਗਰੀਬਾਂ, ਪਛੜੇ ਅਤੇ ਵਾਂਝੇ ਵਰਗਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਨਾਲ ਸਬੰਧਤ ਪਵਿੱਤਰ ਅਸਥਾਨਾਂ ਦਾ ਵਿਕਾਸ, ਸੰਗਤਾਂ ਲਈ ਸਹੂਲਤਾਂ ਅਤੇ ਗੁਰੂ ਸਾਹਿਬ ਦੇ ਨਾਮ ਨਾਲ ਜੁੜੇ ਵਿਕਾਸ ਕਾਰਜ ਉਨ੍ਹਾਂ ਦੇ ਸਤਿਕਾਰ ਨੂੰ ਹੋਰ ਮਜ਼ਬੂਤ ਕਰਦੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਆਦਮਪੁਰ ਹਵਾਈ ਅੱਡੇ ਦਾ ਨਾਮ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਨਾਮ ’ਤੇ ਰੱਖਣਾ ਗੁਰੂ ਸਾਹਿਬ ਦੀ ਵਿਚਾਰਧਾਰਾ, ਉਨ੍ਹਾਂ ਦੇ ਮਹਾਨ ਫਲਸਫ਼ੇ ਅਤੇ ਪੰਜਾਬ ਦੀਆਂ ਸੰਗਤਾਂ ਪ੍ਰਤੀ ਸਤਿਕਾਰ ਦਾ ਪ੍ਰਤੀਕ ਹੈ।

ਉਨ੍ਹਾਂ ਕਿਹਾ ਕਿ ਇਹ ਯਾਤਰਾ ਕੋਈ ਸਿਆਸੀ ਉਪਰਾਲਾ ਨਹੀਂ, ਸਗੋਂ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਪੰਜਾਬ ਦੇ ਹਰ ਘਰ ਅਤੇ ਹਰ ਵਰਗ ਤੱਕ ਪਹੁੰਚਾਉਣ ਦਾ ਸ਼ਰਧਾਪੂਰਵਕ ਯਤਨ ਹੈ। ਅਗਲੇ ਪੰਜ ਦਿਨਾਂ ਦੌਰਾਨ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਤੇ ਇਲਾਕਿਆਂ ਵਿੱਚ ਇਹ ਯਾਤਰਾ ਸਮਾਜਿਕ ਏਕਤਾ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦੇਵੇਗੀ।

 

➖*3 ਦਸੰਬਰ ਨੂੰ ਵਾਰਣਸੀ ਚ ਸੰਪੰਨ ਹੋਵੇਗੀ ਯਾਤਰਾ : ਲਾਲ ਸਿੰਘ ਆਰਿਆ* 

 

ਇਸ ਮੌਕੇ ਆਪਣੇ ਸੰਬੋਧਨ ਵਿੱਚ ਭਾਜਪਾ ਦੇ ਕੌਮੀ ਉਪ ਪ੍ਰਧਾਨ ਲਾਲ ਸਿੰਘ ਆਰਿਆ ਨੇ ਯਾਤਰਾ ਦੇ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਜਲੰਧਰ ਤੋਂ ਸ਼ੁਰੂ ਹੋ ਰਹੀ ਇਹ ਯਾਤਰਾ 2558 ਕਿਲੋ ਮੀਟਰ ਦਾ ਸਫ਼ਰ ਤੈਅ ਕਰ ਕੇ 3 ਦਸੰਬਰ ਨੂੰ ਗੁਰੂ ਰਵਿਦਾਸ ਜੀ ਦੇ ਜਨਮ ਅਸਥਾਨ ਵਾਰਾਣਸੀ ਵਿਖੇ ਪਹੁੰਚ ਕੇ ਸਮਾਪਤ ਹੋਵੇਗੀ। ਜੋ ਪੰਜਾਬ ਵਿੱਚ 5 ਦਿਨਾਂ ਦੌਰਾਨ 17 ਜ਼ਿਲ੍ਹਿਆ ਵਿੱਚ ਜਾਵੇਗੀ ਅਤੇ 700 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ।

ਉਨ੍ਹਾਂ ਕਿਹਾ ਕਿ ਦੇਸ਼ ਦੀ ਅਜ਼ਾਦੀ ਨੂੰ 78 ਸਾਲ ਹੋ ਗਏ ਹਨ। ਇਨ੍ਹਾਂ ਸਾਲਾਂ ਦੌਰਾਨ ਗੁਰੂ ਰਵਿਦਾਸ ਜੀ ਦੀ 600ਵੀਂ ਅਤੇ 625ਵੀਂ ਆਈ। ਲੇਕਿਨ ਜਿਹੜੇ ਰਵਿਦਾਸ ਜੀ ਨੇ ਮਾਨਵ ਕਲਿਆਣ, ਸਦਭਾਵਨਾ ਦਾ ਸੰਦੇਸ਼ ਦਿੱਤਾ ਹੋਵੇ ਉਨ੍ਹਾਂ ਦੀ ਯਾਦ ਵਿੱਚ ਸਮਾਗਮ ਕਰਨ ਦਾ ਕਿਸੇ ਸਰਕਾਰ ਨੂੰ ਚੇਤਾ ਨਹੀਂ ਆਇਆ।

ਉਨ੍ਹਾਂ ਕਿਹਾ ਕਿ ਮੈਂ ਇੱਥੇ ਦੱਸਣਾ ਚਾਹੁੰਦਾ ਹਾਂ ਕਿ ਗੁਰੂ ਪੂਰਣਿਮਾ 29 ਜੁਲਾਈ 2026 ਤੋਂ 20 ਫਰਵਰੀ 2027 ਤੱਕ ਪੂਰੇ ਸਾਲ ਭਰ ਚੱਲਣ ਵਾਲ ਇਹ ਪ੍ਰੋਗਰਾਮ 5 ਗੇੜਾਂ ਵਿੱਚ ਚੱਲ ਰਹੇ ਹਨ।

 

 

➖*ਯਾਤਰਾ ਤੋਂ ਪਹਿਲਾਂ ਸੰਤਾਂ ਦਾ ਅਸ਼ੀਰਵਾਦ* 

 

ਯਾਤਰਾ ਸ਼ੁਰੂ ਕਰਵਾਉਣ ਤੋਂ ਪਹਿਲਾਂ ਨਿਤਿਨ ਨਬੀਨ, ਪੰਜਾਬ ਦੀ ਸਮੁੱਚੀ ਲੀਡਰਸ਼ਿਪ ਨਾਲ ਡੇਰਾ ਸੱਚ ਖੰਡ ਬੱਲਾਂ ਪਹੁੰਚੇ ਅਤੇ ਉਨ੍ਹਾਂ ਡੇਰਾ ਪ੍ਰਮੁੱਖ ਸੰਤ ਨਿਰੰਜਨ ਦਾਸ ਤੋਂ ਆਸ਼ੀਰਵਾਦ ਲਿਆ। ਇਸ ਉਪਰੰਤ ਉਹ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇਅ ਉੱਤੇ ਪੈਂਦੇ ਪਿੰਡ ਰਾਏਪੁਰ-ਰਸੂਲਪੁਰ ਪਹੁੰਚੇ ਜਿੱਥੇ ਸੰਗਤਾਂ ਦਾ ਵੱਡਾ ਇਕੱਠ ਕੀਤਾ ਗਿਆ ਸੀ। ਇੱਥੇ ਮੰਚ ਉੱਤੇ ਆਉਣ ਤੋਂ ਪਹਿਲਾਂ ਉਨ੍ਹਾਂ ਵੱਡੀ ਗਿਣਤੀ ਵਿੱਚ ਪਹੁੰਚੇ ਸੰਤਾਂ- ਮਹਾਪੁਰਸ਼ਾਂ ਨਾਲ ਬੈਠ ਕੇ ਪ੍ਰਸ਼ਾਦਾ ਛਕਿਆ ਅਤੇ ਉਨ੍ਹਾਂ ਤੋਂ ਆਸ਼ੀਰਵਾਦ ਲਿਆ। ਮੰਚ ਉੱਤੇ ਗੁਰੂ ਰਵਿਦਾਸ ਜੀ ਦੀ ਵਿਸ਼ਾਲ ਤਸਵੀਰ ਅੱਗੇ ਉਨ੍ਹਾਂ ਨੇ ਮੱਥਾ ਟੇਕਿਆ ਅਤੇ ਮੰਚ ਉੱਤੇ ਬੈਠੇ ਸੰਤਾਂ-ਮਹਾਪੁਰਸ਼ਾਂ ਤੋਂ ਵੀ ਅਸ਼ੀਰਵਾਦ ਲੈ ਕੇ ਆਪਣਾ ਸੰਬੋਧਨ ਕੀਤਾ।

 

*ਕੌਣ-ਕੌਣ ਹਾਜ਼ਰ ਸਨ* 

 

ਇਸ ਮੌਕੇ ਮੰਚ ਉੱਤੇ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ, ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਕੌਮੀ ਜਨਰਲ ਸਕੱਤਰ ਡਾਕਟਰ ਸਤੀਸ਼ ਪੂਨੀਆ, ਸਹਿ-ਇੰਚਾਰਜ ਵਰਿੰਦਰ ਸਚਦੇਵਾ, ਅਲਕਾ ਗੁੱਜਰ, ਰਾਜ ਸਭਾ ਮੈਂਬਰ ਤਰੁਣ ਚੁੱਘ, ਕੌਮੀ ਉੱਪ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ, ਅਸ਼ਵਨੀ ਸ਼ਰਮਾ, ਸੁਨੀਲ ਜਾਖੜ, ਵਿਜੇ ਸਾਂਪਲਾ, ਮੰਨਰੋਜਨ ਕਾਲੀਆ, ਸ਼ਵੇਤ ਮਲਿਕ, ਅਵਿਨਾਸ਼ ਰਾਏ ਖੰਨਾ (ਸਾਰੇ ਸਾਬਕਾ ਸੂਬਾ ਪ੍ਰਧਾਨ) ਸੰਦੀਪ ਪਾਠਕ, ਸਤਨਾਮ ਸਿੰਘ ਸੰਧੂ (ਰਾਜ ਸਭਾ ਮੈਂਬਰ), ਰਾਜੇਸ਼ ਬੱਗਾ, ਅਨਿਲ ਸਰੀਨ, ਰਜਨੀਸ਼ ਧੀਮਾਨ, ਪਰਮਿੰਦਰ ਬਰਾੜ (ਸਾਰੇ ਜਨਰਲ ਸਕੱਤਰ) ਪੰਜਾਬ ਐੱਸਸੀ ਮੋਰਚੇ ਦੇ ਪ੍ਰਧਾਨ ਸ਼ੀਤਲ ਅੰਗੂਰਾਲ, ਚਰਨਜੀਤ ਸਿੰਘ ਅਟਵਾਲ, ਸੁਸ਼ੀਲ ਰਿੰਕੂ, ਅਵਿਨਾਸ਼ ਚੰਦਰ, ਅਸ਼ੋਰ ਸਰੀਨ ਅਤੇ ਹੋਰ ਕਈ ਆਗੂ ਹਾਜ਼ਰ ਸਨ।

Leave a Reply

Your email address will not be published. Required fields are marked *