ਲੁਧਿਆਣਾ (ਗਟਰ) ਵਿੱਚੋਂ ਨਿਕਲੀ ਜ਼ਹਿਰੀਲੀ ਗੈਸ ਕਾਰਨ ਪਿਉ-ਪੁੱਤ ਸਣੇ ਤਿੰਨ ਮਜ਼ਦੂਰਾਂ ਦੀ ਮੌਤ

ਲੁਧਿਆਣਾ / ਰੋਜ਼ਾਨਾਂ ਰਿਪੋਰਟਰ

ਸਾਰ

ਲੁਧਿਆਣਾ ਬੀਤੀ ਰਾਤ ਜ਼ਮੀਨਦੋਜ਼ ਕੈਮੀਕਲ ਵੇਸਟੇਜ ਟੈਂਕ (ਗਟਰ) ਵਿੱਚੋਂ ਨਿਕਲੀ ਜ਼ਹਿਰੀਲੀ ਗੈਸ ਕਾਰਨ ਪਿਉ-ਪੁੱਤ ਸਣੇ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਟੈਂਕ ਦਾ ਢੱਕਣ ਖੋਲ੍ਹਦਿਆਂ ਹੀ ਫੈਲੀ ਜ਼ਹਿਰੀਲੀ ਗੈਸ ਨੇ ਉੱਥੇ ਮੌਜੂਦ ਮਜ਼ਦੂਰਾਂ ਨੂੰ ਸੰਭਲਣ ਤੱਕ ਦਾ ਮੌਕਾ ਨਹੀਂ ਦਿੱਤਾ। ਦਮ ਘੁੱਟਣ ਅਤੇ ਅੱਖਾਂ ਵਿੱਚ ਜਲਨ ਕਾਰਨ ਕਈ ਮਜ਼ਦੂਰ ਬੇਹੋਸ਼ ਹੋ ਗਏ।

ਵਿਸਤਾਰ

ਲੁਧਿਆਣਾ ਬੀਤੀ ਰਾਤ ਇੱਕ ਬਹੁਤ ਹੀ ਮੰਦਭਾਗੀ ਘਟਨਾ ਸਾਹਮਣੇ ਆ ਰਹੀ ਹੈ ਜਾਣਕਾਰੀ ਦੇ ਅਨੁਸਾਰ ਜ਼ਮੀਨਦੋਜ਼ ਕੈਮੀਕਲ ਵੇਸਟੇਜ ਟੈਂਕ (ਗਟਰ) ਵਿੱਚੋਂ ਨਿਕਲੀ ਜ਼ਹਿਰੀਲੀ ਗੈਸ ਕਾਰਨ ਪਿਉ-ਪੁੱਤ ਸਣੇ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਦਰਅਸਲ ਆਰ ਕੇ ਰੋਡ ਸਥਿਤ ਚਾਬੀਆਂ ਬਣਾਉਣ ਵਾਲੀ ਦੀਪ ਟੂਲ ਫੈਕਟਰੀ ਵਿੱਚ ਟੈਂਕ ਦਾ ਢੱਕਣ ਖੋਲ੍ਹਦਿਆਂ ਹੀ ਫੈਲੀ ਜ਼ਹਿਰੀਲੀ ਗੈਸ ਨੇ ਉੱਥੇ ਮੌਜੂਦ ਮਜ਼ਦੂਰਾਂ ਨੂੰ ਸੰਭਲਣ ਤੱਕ ਦਾ ਮੌਕਾ ਨਹੀਂ ਦਿੱਤਾ।

ਸਾਹ ਘੁੱਟਣ ਅਤੇ ਅੱਖਾਂ ਵਿੱਚ ਜਲਨ ਕਾਰਨ ਕਈ ਮਜ਼ਦੂਰ ਬੇਹੋਸ਼ ਹੋ ਗਏ।

ਇਸ ਹਾਦਸੇ ਵਿੱਚ ਦੋ ਸੁਰੱਖਿਆ ਮੁਲਾਜ਼ਮਾਂ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ। ਫੈਕਟਰੀ ਪ੍ਰਬੰਧਕਾਂ ਨੇ ਕਰੀਬ ਸਾਢੇ ਅੱਠ ਘੰਟੇ ਤੱਕ ਮਾਮਲੇ ਨੂੰ ਕਥਿਤ ਤੌਰ ’ਤੇ ਦਬਾਈ ਰੱਖਿਆ ਤਾਂ ਕਿ ਗੈਸ ਲੀਕ ਹੋਣ ਦੀ ਪ੍ਰਸ਼ਾਸਨ ਨੂੰ ਕੰਨੋ-ਕੰਨ ਖ਼ਬਰ ਨਾ ਹੋਵੇ। ਸਵੇਰੇ ਜਦੋਂ ਸੂਚਨਾ ਮਿਲੀ ਤਾਂ ਸਰਕਾਰੀ ਅਮਲਾ ਹਰਕਤ ਵਿੱਚ ਆਇਆ ਅਤੇ ਪੁਲੀਸ ਨੇ ਜਾਂਚ ਲਈ ਫੈਕਟਰੀ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ। ਮ੍ਰਿਤਕਾਂ ਦੀ ਪਛਾਣ ਮੂਲ ਰੂਪ ਵਿੱਚ ਹਰਿਆਣਾ ਦੇ ਫ਼ਤਿਆਬਾਦ ਦੇ ਰਹਿਣ ਵਾਲੇ ਮਾਨ ਸਿੰਘ (46), ਉਸ ਦੇ ਵੱਡੇ ਪੁੱਤਰ ਅਮਿਤ (26) ਅਤੇ ਤੀਜੇ ਮਜ਼ਦੂਰ ਸ਼੍ਰੀਰਾਮ (56) ਵਜੋਂ ਹੋਈ ਹੈ।ਜਾਣਕਾਰੀ ਅਨੁਸਾਰ ਰਾਤ ਦੋ ਵਜੇ ਦੇ ਕਰੀਬ ਮਾਨ ਸਿੰਘ ਅਤੇ ਅਮਿਤ ਨੂੰ ਕੈਮੀਕਲ ਵੇਸਟੇਜ ਵਾਲੇ ਟੈਂਕ ਦੀ ਸਫ਼ਾਈ ਦੇ ਕੰਮ ’ਤੇ ਲਾਇਆ ਗਿਆ ਸੀ, ਜਿਸ ਤਰ੍ਹਾਂ ਹੀ ਉਨ੍ਹਾਂ ਟੈਂਕ ਦਾ ਢੱਕਣ ਚੁੱਕਿਆ ਤਾਂ ਉਸ ’ਚੋਂ ਨਿਕਲੀ ਜ਼ਹਿਰੀਲੀ ਗੈਸ ਕਾਰਨ ਫੈਕਟਰੀ ਗੈਸ ਚੈਂਬਰ ’ਚ ਤਬਦੀਲ ਹੋ ਗਈ।

ਰਿਹਾਇਸ਼ੀ ਇਲਾਕੇ ਵਿੱਚ ਇਨੀ ਜ਼ਹਿਰੀਲੀ ਗੈਸ ਸਟੋਰ ਕਿਉਂ?

ਸਭ ਤੋਂ ਪਹਿਲਾਂ ਕੋਲ ਖੜ੍ਹਾ ਸ਼੍ਰੀਰਾਮ ਇਸ ਦੀ ਲਪੇਟ ਵਿੱਚ ਆ ਗਿਆ। ਪੀੜਤ ਪਰਿਵਾਰ ਨੇ ਦੋਸ਼ ਲਾਇਆ ਕਿ ਦੋਵਾਂ ’ਤੇ ਜਬਰੀ ਗਟਰ ਸਾਫ਼ ਕਰਨ ਲਈ ਦਬਾਅ ਪਾਇਆ ਗਿਆ ਸੀ। ਅਮਿਤ ਦੇ ਪਰਿਵਾਰ ਵਿੱਚ ਪਤਨੀ ਅਤੇ ਡੇਢ ਸਾਲ ਦੀ ਬੱਚੀ ਹੈ।ਗੈਸ ਕਾਰਨ ਬੇਹੋਸ਼ ਹੋਏ ਦੋ ਸੁਰੱਖਿਆ ਮੁਲਾਜ਼ਮ ਦੀਪਕ ਅਤੇ ਰਜਿੰਦਰ ਓਸਵਾਲ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੇ ਹਨ। ਮਾਨ ਸਿੰਘ ਦੀ ਲੜਕੀ ਰੇਨੂ ਨੇ ਦੱਸਿਆ ਕਿ ਉਸ ਦੇ ਪਿਤਾ ਤੇ ਭਰਾ ਰੋਜ਼ ਰਾਤ ਨੂੰ ਤਿੰਨ ਵਜੇ ਤੱਕ ਘਰ ਆ ਜਾਂਦੇ ਸਨ। ਜਦੋਂ ਉਹ ਸਵੇਰ ਤੱਕ ਨਾ ਆਏ ਤਾਂ ਉਨ੍ਹਾਂ ਨੇ ਕਈ ਫੋਨ ਕੀਤੇ ਪਰ ਕੋਈ ਜਵਾਬ ਨਹੀਂ ਮਿਲਿਆ। ਫੈਕਟਰੀ ਜਾਣ ’ਤੇ ਵੀ ਕਿਸੇ ਨੇ ਕੁਝ ਨਹੀਂ ਦੱਸਿਆ। ਬਾਅਦ ਵਿੱਚ ਜਦੋਂ ਉਹ ਹਸਪਤਾਲ ਪਹੁੰਚੇ ਤਾਂ ਉਥੇ ਦੋਵਾਂ ਦੀਆਂ ਲਾਸ਼ਾਂ ਦੇਖ ਕੇ ਉਹ ਹੈਰਾਨ ਰਹਿ ਗਏ। ਪਰਿਵਾਰ ਨੇ ਦੋਸ਼ ਲਾਇਆ ਕਿ ਮਾਲਕਾਂ ਨੇ ਹਾਦਸੇ ਤੋਂ ਬਾਅਦ ਉਨ੍ਹਾਂ ਨਾਲ ਸੰਪਰਕ ਤੱਕ ਨਹੀਂ ਕੀਤਾ।ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਮਾਮਲੇ ਦੀ ਮੈਜਿਸਟਰੇਟ ਜਾਂਚ ਦੇ ਹੁਕਮ ਦੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਹਾਦਸੇ ਦੀ ਸੂਚਨਾ ਪੁਲੀਸ ਜਾਂ ਪ੍ਰਸ਼ਾਸਨ ਤੋਂ ਲੁਕਾਉਣਾ ਇੱਕ ਗੰਭੀਰ ਅਪਰਾਧ ਹੈ ਅਤੇ ਫੈਕਟਰੀ ਮਾਲਕਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਕੇਸ ਕਰ ਲਿਆ ਗਿਆ ਹੈ। ਐੱਸ ਡੀ ਐੱਮ ਜਸਲੀਨ ਕੌਰ ਭੁੱਲਰ ਨੇ ਦੱਸਿਆ ਕਿ ਇਹ ਕਿਹੜਾ ਖ਼ਤਰਨਾਕ ਕੈਮੀਕਲ ਸੀ, ਇਸ ਦਾ ਪਤਾ ਲਾਉਣ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਨਗਰ ਨਿਗਮ ਦੀਆਂ ਮਾਹਿਰ ਟੀਮਾਂ ਵੱਲੋਂ ਫੋਰੈਂਸਿਕ ਸੈਂਪਲ ਲਏ ਗਏ ਹਨ। ਇਸ ਦੀ ਵੀ ਜਾਂਚ ਕੀਤੀ ਜਾਵੇਗੀ।

Leave a Reply

Your email address will not be published. Required fields are marked *