High Tention:ਡਰਾਇੰਗ ਟੀਚਰ ਅਵਤਾਰ ਸਿੰਘ ਬਤੌਰ ਬੀ.ਐੱਲ.ਓ.ਦੀ ਟੈਂਸ਼ਨ ਕਾਰਣ ਹੋਈ ਮੌਤ

ਫਗਵਾੜਾ 30 ਮਾਰਚ 2026/ ਰੋਜ਼ਾਨਾਂ ਰਿਪੋਰਟਰ

ਬੀਤੇ ਸ਼ਨੀਵਾਰ ਸਰਕਾਰੀ ਮਿਡਲ ਸਕੂਲ ਭਾਖੜੀਆਣਾ ਦੇ ਡਰਾਇੰਗ ਟੀਚਰ ਅਵਤਾਰ ਸਿੰਘ ਜੋ ਕਿ ਲੰਮੇ ਸਮੇ ਤੋਂ ਬਤੌਰ ਬੀ.ਐੱਲ.ਓ. (ਬੂਥ ਲੈਵਲ ਆਫਿਸਰ) ਪ੍ਰੀ-ਐੱਸ.ਆਈ.ਆਰ. ਤਹਿਤ ਡਿਊਟੀ ਨਿਭਾ ਰਹੇ ਸਨ, ਦੀ ਸਕੂਲ ਵਿੱਚ ਡਿਊਟੀ ਦੌਰਾਨ ਹੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।

ਮੌਤ ਦਾ ਕਾਰਨ ਇਹ ਬਣਿਆ ਕਿ ਬੂਥ ਨਾਲ਼ ਸਬੰਧਿਤ ਕੁਝ ਵੋਟਰ ਸਕੂਲ ਆ ਕੇ ਪੁਰਾਣੀ ਵੋਟ ਲੱਭਣ ਲਈ ਅਵਤਾਰ ਸਿੰਘ ‘ਤੇ ਦਬਾਅ ਪਾ ਰਹੇ ਸਨ। ਉਹਨਾਂ ਨੇ ਅਵਤਾਰ ਸਿੰਘ ਨਾਲ਼ ਤਲਖ਼ ਲਹਿਜੇ ਵਿੱਚ ਗੱਲ ਕੀਤੀ ਅਤੇ ਉਸਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਵੀ ਕੀਤੀ। ਜਿਸ ਕਾਰਨ ਅਧਿਆਪਕ ਪ੍ਰੇਸ਼ਾਨੀ ਵਿੱਚ ਆ ਗਿਆ ਅਤੇ ਅਟੈਕ ਕਾਰਨ ਮੌਕੇ ‘ਤੇ ਮੌਤ ਦਾ ਸ਼ਿਕਾਰ ਹੋ ਗਿਆ।ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਆਗੂਆਂ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਰਨਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਦੇ ਹਵਾਲੇ ਨਾਲ਼ ਸਥਾਨਕ ਆਗੂਆਂ ਜਿਲ੍ਹਾ ਪ੍ਰਧਾਨ ਹਰਵਿੰਦਰ ਅੱਲੂਵਾਲ, ਜਿਲ੍ਹਾ ਸਕੱਤਰ ਤਜਿੰਦਰ ਸਿੰਘ, ਮੀਤ ਪ੍ਰਧਾਨ ਗੁਰਮੁਖ ਲੋਕਪ੍ਰੇਮੀ, ਸਤਨਾਮ ਪਰਮਾਰ, ਮਲਕੀਤ ਸਿੰਘ, ਜਤਿੰਦਰ ਕੁਮਾਰ, ਹਰਜਿੰਦਰ ਨਿਆਣਾ ਅਤੇ ਸੁਰਿੰਦਰ ਰਾਮ ਆਦਿ ਨੇ ਇਸ ਦੁਖਦਾਈ ਘਟਨਾ ‘ਤੇ ਜਥੇਬੰਦੀ ਵੱਲੋਂ ਅਫਸੋਸ ਦਾ ਇਜ਼ਹਾਰ ਕੀਤਾ ਹੈ ਅਤੇ ਪੰਜਾਬ ਸਰਕਾਰ ਤੇ ਜਿਲ੍ਹਾ ਪ੍ਰਸਾਸ਼ਨ ਤੋਂ ਦੋਸ਼ੀ ਵਿਅਕਤੀਆਂ ‘ਤੇ ਕਾਰਵਾਈ ਕਰਨ ਦੇ ਨਾਲ ਹੀ ਅਧਿਆਪਕ ਦੇ ਪਰਿਵਾਰ ਨੂੰ ਢੁੱਕਵਾਂ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।ਇਸ ਮੌਕੇ ਆਗੂਆਂ ਨੇ ਪ੍ਰੈਸ ਨਾਲ਼ ਗੱਲ ਕਰਦਿਆਂ ਦੱਸਿਆ ਕਿ ਕੇਂਦਰ ਸਰਕਾਰ ਦੇ ਲੁਕਵੇਂ ਏਜੰਡੇ ਤਹਿਤ ਆਰੰਭੀ ਗਈ ‘ਵਿਸ਼ੇਸ਼ ਸੁਧਾਈ ਮੁਹਿੰਮ’ ਵਿੱਚ ਵੋਟਰ ਬਣੇ ਰਹਿਣ ਲਈ ਕਈ ਤਰ੍ਹਾਂ ਦੀਆਂ ਬੇਲੋੜੀਆਂ ਤੇ ਸਖ਼ਤ ਸ਼ਰਤਾਂ ਲਗਾਈਆਂ ਗਈਆਂ ਹਨ, ਜਿਸ ਕਾਰਨ ਆਮ ਲੋਕਾਂ ਅਤੇ ਬੀਐੱਲਓਜ਼ ਵਿਚਕਾਰ ਤਲਖੀ ਦੇ ਮਾਹੌਲ ਬਣ ਰਹੇ ਹਨ।ਦੂਜੇ ਪਾਸੇ ਅਫ਼ਸਰਸ਼ਾਹੀ ਵੱਲੋਂ ਵੀ ਬੀਐੱਲਓਜ਼ ‘ਤੇ ਕੰਮ ਨੂੰ ਜਲਦ ਪੂਰਾ ਕਰਨ ਲਈ ਅਥਾਹ ਦਬਾਅ ਪਾਇਆ ਜਾ ਰਿਹਾ ਹੈ, ਜਿਸ ਦਾ ਖਮਿਆਜਾ ਕਰਮਚਾਰੀਆਂ ਨੂੰ ਆਪਣੀ ਜਾਨ ਤੋਂ ਹੱਥ ਧੋ ਕੇ ਦੇਣਾ ਪੈ ਰਿਹਾ ਹੈ। ਆਗੂਆਂ ਨੇ 20,000 ਦੇ ਕਰੀਬ ਅਧਿਆਪਕਾਂ ਨੂੰ ਬੀਐਲਓ ਡਿਊਟੀਆਂ ਸਮੇਤ ਹੋਰ ਗੈਰਵਿਦਿਅਕ ਕਾਰਜਾਂ ‘ਤੇ ਲਗਾ ਕੇ ‘ਸਿੱਖਿਆ ਕ੍ਰਾਂਤੀ’ ਦਾ ਢੰਡੋਰਾ ਪਿੱਟ ਰਹੀ ਪੰਜਾਬ ਸਰਕਾਰ ਉੱਤੇ ਵੀ ਗੰਭੀਰ ਸਵਾਲ ਚੁੱਕੇ ਹਨ।ਆਗੂਆਂ ਨੇ ਫਗਵਾੜਾ ਇਲਾਕੇ ਵਿੱਚ ਵਾਪਰੀ ਇਸ ਘਟਨਾ ਦੀ ਵੀ ਉੱਚ ਪੱਧਰੀ ਜਾਂਚ ਕਰਕੇ ਜਿੰਮੇਵਾਰ ਲੋਕਾਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਵੀ ਜ਼ੋਰ ਸ਼ੋਰ ਨਾਲ਼ ਕੀਤੀ ਹੈ। ਆਗੂਆਂ ਨੇ ਦੱਸਿਆ ਕਿ ਸਾਡਾ ਸਾਥੀ ਅਧਿਆਪਕ ਮਾੜੇ ਪ੍ਰਬੰਧ ਦੀ ਭੇਟ ਚੜਿਆ ਹੈ। ਅਧਿਆਪਕਾਂ ‘ਤੇ ਨਿੱਤ ਦਿਨ ਵਧ ਰਹੇ ਵਿਭਾਗੀ ਅਤੇ ਗੈਰ ਵਿਭਾਗੀ ਬੇਲੋੜੇ ਕੰਮਾਂ ਕਾਰਨ ਅਧਿਆਪਕਾਂ ਅੰਦਰ ਅੰਤਾਂ ਦੀ ਪ੍ਰੇਸ਼ਾਨੀ ਅਤੇ ਬੇਚੈਨੀ ਫੈਲ ਰਹੀ ਹੈ।ਵੋਟਾਂ ਦਾ ਐੱਸ.ਆਈ.ਆਰ. (SIR) ਦੇ ਕੰਮ ਕਾਰਨ ਬੀ.ਐੱਲ.ਓ ਡਿਊਟੀ ਕਰ ਰਹੇ ਕਰਮਚਾਰੀਆਂ ਲਈ ਮਾਨਸਿਕ ਤਣਾਅ ਅਤੇ ਦਬਾਅ ਨਿੱਤ ਦਿਨ ਵਧਾ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪਹਿਲਾਂ ਵੀ ਦੂਜੇ ਰਾਜਾਂ ਤੋਂ ਇਸ ਕੰਮ ਦੇ ਬੋਝ ਨਾਲ਼ ਕਰਮਚਾਰੀਆਂ ਦੀਆਂ ਮੌਤਾਂ ਦੀਆਂ ਖਬਰਾਂ ਆਈਆਂ ਸਨ ਅਤੇ ਹੁਣ ਪੰਜਾਬ ਵਿੱਚ ਵੀ ਇਹ ਕੰਮ ਸ਼ੁਰੂ ਹੋ ਰਿਹਾ ਹੈ। ਅਵਤਾਰ ਸਿੰਘ ਦੀ ਮੌਤ ਇਸਦਾ ਪ੍ਰਤੱਖ ਪ੍ਰਮਾਣ ਹੈ।ਉਹਨਾਂ ਇਲੈਕਸ਼ਨ ਕਮਿਸ਼ਨ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕੋਈ ਸੁਚੱਜਾ ਸਿਸਟਮ ਬਣਾ ਕੇ ਬੇਰੁਜ਼ਗਾਰ ਨੌਜਵਾਨਾਂ ਪਾਸੋਂ ਵੋਟਾਂ ਦਾ ਕੰਮ ਕਰਵਾਇਆ ਜਾਵੇ ਨਾ ਕਿ ਅਧਿਆਪਕਾਂ, ਕਰਮਚਾਰੀਆਂ ਨੂੰ ਬਲ਼ੀ ਦੇ ਬੱਕਰੇ ਬਣਾਇਆ ਜਾਵੇ। ਇਸ ਮੌਕੇ ਸੁਖਜਿੰਦਰ ਸਿੰਘ, ਅਕਵਿੰਦਰ ਕੌਰ, ਸਤਿੰਦਰ ਕੁਮਾਰ, ਕੁਲਦੀਪਕ ਕਾਲੀਆ ਆਦਿ ਵੀ ਹਾਜਰ ਸਨ।

 

 

 

Leave a Reply

Your email address will not be published. Required fields are marked *