
ਚੰਡੀਗੜ੍ਹ/ਰੋਜ਼ਾਨਾਂ ਰਿਪੋਰਟਰ
ਪੱਛਮੀ ਏਸ਼ੀਆ ’ਚ ਜੰਗ ਕਾਰਨ ਪੰਜਾਬ ਦੇ ਪੰਪਾਂ ’ਤੇ ਤੇਲ ਖ਼ਤਮ ਹੋਣ ਲੱਗਿਆ ਹੈ ਅਤੇ ਹੁਣ ਪੈਟਰੋਲ ਪੰਪਾਂ ਤੋਂ ਡਰੰਮਾਂ ’ਚ ਖੁੱਲ੍ਹਾ ਤੇਲ ਮਿਲਣਾ ਬੰਦ ਹੋ ਗਿਆ ਹੈ। ਇੱਕ ਤੇਲ ਦੀ ਕਿੱਲਤ ਦਾ ਡਰ, ਦੂਜਾ ਲੌਕਡਾਊਨ ਦੀ ਫੈਲੀ ਅਫ਼ਵਾਹ ਨੇ ਲੋਕਾਂ ਨੂੰ ਧੁੜਕੂ ਲਗਾ ਦਿੱਤਾ ਹੈ। ਇਸੇ ਦੌਰਾਨ ਕੇਂਦਰ ਸਰਕਾਰ ਨੇ ਅੱਜ ਪੈਟਰੋਲ ਤੇ ਡੀਜ਼ਲ ਤੋਂ ਐਕਸਾਈਜ਼ ਡਿਊਟੀ ਘਟਾ ਦਿੱਤੀ ਹੈ ਜਿਸ ਨਾਲ ਤੇਲ ਕੰਪਨੀਆਂ ਨੂੰ ਰਾਹਤ ਮਿਲੀ ਹੈ ਅਤੇ ਕੀਮਤਾਂ ’ਚ ਵਾਧੇ ਸਬੰਧੀ ਲੋਕਾਂ ਦੇ ਖ਼ਦਸ਼ੇ ਵੀ ਦੂਰ ਹੋਏ ਹਨ।ਵੇਰਵਿਆਂ ਅਨੁਸਾਰ ਬੀਤੇ 24 ਘੰਟਿਆਂ ਦੌਰਾਨ ਮਾਝੇ ਅਤੇ ਦੁਆਬੇ ਖੇਤਰ ਦੇ ਕਾਫ਼ੀ ਤੇਲ ਪੰਪਾਂ ’ਤੇ ਲੰਮੀਆਂ ਕਤਾਰਾਂ ਦੇਖੀਆਂ ਗਈਆਂ। ਕਿਸਾਨ ਡਰੰਮ ਲੈ ਕੇ ਪੰਪਾਂ ’ਤੇ ਪਹੁੰਚ ਰਹੇ ਹਨ ਪਰ ਤੇਲ ਕੰਪਨੀਆਂ ਨੇ ਖੁੱਲ੍ਹਾ ਤੇਲ ਦੇਣਾ ਬੰਦ ਕਰ ਦਿੱਤਾ ਹੈ। ਪੰਪ ਮਾਲਕਾਂ ਵੱਲੋਂ ਹੁਣ ਹੱਥ ਘੁੱਟ ਕੇ ਤੇਲ ਦਿੱਤਾ ਜਾ ਰਿਹਾ ਹੈ। ਪਹਿਲੀ ਅਪਰੈਲ ਤੋਂ ਪੰਜਾਬ ’ਚ ਕਣਕ ਦੀ ਵਾਢੀ ਸ਼ੁਰੂ ਹੋ ਜਾਵੇਗੀ ਜਿਸ ਨਾਲ ਸੂਬੇ ਵਿੱਚ ਡੀਜ਼ਲ ਦੀ ਖਪਤ ਵੀ ਵਧ ਜਾਵੇਗੀ।ਪਿਛਲੇ ਦਿਨਾਂ ’ਚ ਪੰਪਾਂ ਨੂੰ ਉਧਾਰ ਤੇਲ ਦੇਣਾ ਬੰਦ ਕਰ ਦਿੱਤਾ ਗਿਆ ਸੀ। ਸਰਕਾਰ ਦੇ ਦਖ਼ਲ ਮਗਰੋਂ ਕੰਪਨੀਆਂ ਨੇ ਤਿੰਨ ਦਿਨਾਂ ਦਾ ਉਧਾਰ ਤੇਲ ਦੇਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ’ਚ ਕਰੀਬ 4034 ਤੇਲ ਪੰਪ ਹਨ। ਸੂਬੇ ’ਚ ਪ੍ਰਤੀ ਮਹੀਨਾ ਤੇਲ ਦੀ ਔਸਤਨ 35 ਲੱਖ ਕਿਲੋਲਿਟਰ ਦੀ ਖਪਤ ਹੈ ਜੋ ਸੀਜ਼ਨ ਦੇ ਲਿਹਾਜ਼ ਨਾਲ ਘਟਦੀ-ਵਧਦੀ ਰਹਿੰਦੀ ਹੈ। ਰਾਮਪੁਰਾ ਫੂਲ ਦੇ ਤੇਲ ਪੰਪ ਮਾਲਕ ਨੀਟੂ ਨੇ ਕਿਹਾ ਕਿ ਲੌਕਡਾਊਨ ਦੀ ਅਫ਼ਵਾਹ ਕਾਰਨ ਸ਼ਹਿਰੀ ਤਬਕਾ ਬੀਤੀ ਦੇਰ ਰਾਤ ਤੱਕ ਪੰਪਾਂ ’ਤੇ ਲਾਈਨਾਂ ’ਚ ਖੜ੍ਹਾ ਰਿਹਾ। ਪੰਪਾਂ ’ਤੇ ਤੇਲ ਦੀ ਖਰੀਦ ਇਕਦਮ ਵਧ ਗਈ। ਜਲੰਧਰ, ਮੋਗਾ, ਲੁਧਿਆਣਾ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਤੋਂ ਇਲਾਵਾ ਪਟਿਆਲਾ ਦੇ ਤੇਲ ਪੰਪਾਂ ’ਤੇ ਬੀਤੀ ਦੇਰ ਰਾਤ ਤੱਕ ਕਤਾਰਾਂ ਲੱਗੀਆਂ ਰਹੀਆਂ। ਫ਼ਰੀਦਕੋਟ ਦੇ ਕਈ ਪੰਪਾਂ ’ਤੇ ਅੱਜ ਕਤਾਰਾਂ ਦੇਖਣ ਨੂੰ ਮਿਲੀਆਂ।ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਦੋਆਬਾ ਨੇ ਕਿਹਾ ਕਿ ਤੇਲ ਕੰਪਨੀਆਂ ਦੇ ਆਦੇਸ਼ ਮਗਰੋਂ ਹੁਣ ਪੰਪ ਮਾਲਕਾਂ ਨੇ ਹੱਥ ਘੁੱਟ ਕੇ ਖੁੱਲ੍ਹਾ ਤੇਲ ਦੇਣਾ ਸ਼ੁਰੂ ਕਰ ਦਿੱਤਾ ਹੈ। ਪੇਂਡੂ ਖੇਤਰ ਦੇ ਕਾਫ਼ੀ ਪੰਪਾਂ ’ਤੇ ਤੇਲ ਖ਼ਤਮ ਹੋ ਚੁੱਕਾ ਹੈ। ਕਿਸਾਨ ਘਬਰਾਹਟ ’ਚ ਹੋਣ ਕਰ ਕੇ ਤੇਲ ਜਮ੍ਹਾਂ ਕਰਨ ਲੱਗ ਪਏ ਹਨ। ਜਲੰਧਰ ਦੇ ਇੱਕ ਤੇਲ ਪੰਪ ਮਾਲਕ ਨੇ ਸਟਾਕ ਖ਼ਤਮ ਹੋਣ ਮਗਰੋਂ ਅਸਥਾਈ ਤੌਰ ’ਤੇ ਪੰਪ ਬੰਦ ਕਰ ਦਿੱਤਾ ਹੈ। ਉਂਝ, ਮਾਲਵਾ ਖ਼ਿੱਤੇ ਦੇ ਤੇਲ ਪੰਪਾਂ ’ਤੇ ਅੱਜ ਸਥਿਤੀ ਆਮ ਵਰਗੀ ਦੇਖੀ ਗਈ। ਬਠਿੰਡਾ ਅਤੇ ਮਾਨਸਾ ਜ਼ਿਲ੍ਹਿਆਂ ’ਚ ਬਹੁਤੇ ਪੰਪਾਂ ’ਤੇ ਲਿਖਤੀ ਸੂਚਨਾ ਲਗਾ ਦਿੱਤੀ ਗਈ ਹੈ ਕਿ ਡਰੰਮਾਂ ਜਾਂ ਬੋਤਲਾਂ ’ਚ ਤੇਲ ਨਹੀਂ ਮਿਲੇਗਾ। ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਦੇ ਬੁਲਾਰੇ ਮੌਂਟੀ ਸਹਿਗਲ ਨੇ ਕਿਹਾ ਕਿ ਲੌਕਡਾਊਨ ਦਾ ਖ਼ਦਸ਼ਾ ਪੈਦਾ ਹੋਣ ਕਾਰਨ ਤੇਲ ਪੰਪਾਂ ’ਤੇ ਲਾਈਨਾਂ ਲੱਗ ਗਈਆਂ ਸਨ। ਹੁਸ਼ਿਆਰਪੁਰ ਖ਼ਿੱਤੇ ’ਚ ਕਾਫ਼ੀ ਪੰਪਾਂ ’ਤੇ ਤੇਲ ਮੁੱਕ ਚੁੱਕਾ
