ਆਈਵੀ ਵਰਲਡ ਸਕੂਲ ਵਿਖੇ ਹੋਇਆ ਫਾਈਨਲ ਮੈਚ

ਜਲੰਧਰ/ਸੁਨੀਲ ਕੁਮਾਰ
ਜਲੰਧਰ : ਪੰਜਾਬ ਸਰਕਾਰ ਵਲੋਂ ਸ਼ੁਰੂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਦੀ ਪਹਿਲਕਦਮੀ ਸਦਕਾ ਕਰਵਾਈ ‘ਜਲੰਧਰ ਪ੍ਰੀਮੀਅਰ ਲੀਗ-2025’ ਦਾ ਅੱਜ ਸ਼ਾਨੋ ਸ਼ੌਕਤ ਨਾਲ ਸਮਾਪਨ ਹੋ ਗਿਆ ਹੈ। ਆਈਵੀ ਵਰਲਡ ਸਕੂਲ ਵਿਖੇ ਹੋਇਆ ਫਾਈਨਲ ਮੈਚ ਸਕੂਲ ਆਫ਼ ਐਮੀਨੈਂਸ, ਲਾਡੋਵਾਲੀ ਰੋਡ ਜਲੰਧਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਲੰਮਾ ਪਿੰਡ ਨੂੰ ਹਰਾ ਕੇ ਜਿੱਤਿਆ।ਸਮਾਪਤੀ ਦੌਰਾਨ ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਸ਼੍ਰੀ ਮੋਹਿੰਦਰ ਭਗਤ, ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਉਪ ਪ੍ਰਧਾਨ ਸ਼੍ਰੀ ਦੀਪਕ ਬਾਲੀ ਨੇ ਇਨਾਮਾਂ ਦੀ ਵੰਡ ਕੀਤੀ।ਇਸ ਤੋਂ ਪਹਿਲਾਂ ਰਾਜ ਸਭਾ ਮੈਂਬਰ ਸ਼੍ਰੀ ਅਸ਼ੋਕ ਕੁਮਾਰ ਮਿੱਤਲ, ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ‘ਆਪ’ ਆਗੂ ਸ਼੍ਰੀ ਨਿਤਿਨ ਕੋਹਲੀ ਨੇ ਰਸਮੀ ਤੌਰ ‘ਤੇ ਫਾਈਨਲ ਮੈਚ ਦੀ ਸ਼ੁਰੂਆਤ ਕਰਵਾਈ। ਵਾਸਲ ਐਜੂਕੇਸ਼ਨ ਦੇ ਚੇਅਰਮੈਨ ਸ਼੍ਰੀ ਸੰਜੀਵ ਵਾਸਲ ਦੇ ਸਹਿਯੋਗ ਸਦਕਾ ਕਰਵਾਈ ‘ਜਲੰਧਰ ਪ੍ਰੀਮੀਅਰ ਲੀਗ-2025’ ਵਿੱਚ 16 ਸਕੂਲਾਂ ਦੀਆਂ ਟੀਮਾਂ ਦੇ 240 ਖਿਡਾਰੀਆਂ ਨੇ ਭਾਗ ਲਿਆ। 28 ਅਕਤੂਬਰ 2025 ਨੂੰ ਸ਼ੁਰੂ ਹੋਈ ਇਸ ਲੀਗ ਦੌਰਾਨ ਵੱਖ-ਵੱਖ ਟੀਮਾਂ ਦਰਮਿਆਨ ਕੁੱਲ 59 ਮੈਚ ਖੇਡੇ ਗਏ।
