ਕਦੋਂ ਖੁੱਲੇਗਾ ਇਸ ਸੜਕ ਦਾ ਭਾਗ-ਰਾਜ ਕੁਮਾਰ ਅਰੋੜਾ
ਜੈਤੇਵਾਲੀ-ਪਤਾਰਾ ਡਰੈਣ ਵਾਲੀ ਸੜਕ ਦਾ ਉਦਘਾਟਨ ਹੋਣ ਦੇ ਬਾਵਜੂਦ ਸਕੂਲ ਵਾਲੇ ਬੱਚੇ -ਬੱਚੀਆਂ ਹੋ ਰਹੇ ਹਨ ਤੰਗ-ਪ੍ਰੇਸ਼ਾਨ

ਜਲੰਧਰ:- (ਸੁਨੀਲ ਕੁਮਾਰ)ਨਜ਼ਦੀਕੀ ਪਿੰਡ ਜੈਤੇਵਾਲੀ ਤੋਂ ਪਤਾਰਾ ਨੂੰ ਜਾਣ ਵਾਲੀ ਸੜਕ ਕਦੋਂ ਬਣੇਗੀ ਇਹ ਸਵਾਲ ਪਿੰਡ ਦੇ ਲੋਕਾਂ ਨੇ ਕਰਦਿਆਂ ਕਿਹਾ ਕਿ ਸਾਲ-2022 ਵਿੱਚ ਜਦੋਂ ਚੰਨੀ ਦੀ ਸਰਕਾਰ ਸੀ ਉਸ ਸਮੇਂ ਡਰੈਣ ਦੇ ਨਾਲ ਦੀ ਚੱਲਣ ਵਾਲੇ ਰਸਤੇ ਨੂੰ ਪੱਕੀ ਸੜਕ ਬਨਾਉਣ ਦੀ ਮੰਗ ਨੂੰ ਪੂਰਾ ਕੀਤਾ ਗਿਆ ਸੀ।
ਇਸ ਸਬੰਧੀ ਪਿੰਡ ਜੈਤੇਵਾਲੀ ਦੇ ਰਾਜ ਕੁਮਾਰ ਅਰੋੜਾ ਪ੍ਰਧਾਨ ਤਹਿਲਕਾ ਐਟੀ ਕੁਰੱਪਸ਼ਨ ਸੁਸਾਇਟੀ, ਸਾਬਕਾ ਸਰਪੰਚ ਤਰਸੇਮ ਲਾਲ ਪਵਾਰ, ਪੰਚ ਅਮਿਤ ਪਵਾਰ, ਮਨੀ ਕੁਮਾਰ ਅਰੋੜਾ ਚੇਅਰਮੈਨ ਗਲੋਬਲ ਮੀਡੀਆ ਨੈੱਟਵਰਕ, ਜੋਗਿੰਦਰ ਪਾਲ ਅਤੇ ਰਾਜਾ ਪਵਾਰ ਆਦਿ ਨੇ ਦੱਸਿਆ ਕਿ ਇਹ ਰਸਤਾ ਕੁਟੀਆ ਸੰਤ ਬਾਬਾ ਫੂਲ ਨਾਥ ਜੀ, ਸੰਤ ਰਿਖੀ ਰਾਮ ਜੀ, ਜੈਤੇਵਾਲੀ ਦੀ ਕਲੋਨੀ ਦੇ ਨਾਲ -ਨਾਲ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਅਤੇ ਪਤਾਰੇ ਦੇ ਸਰਕਾਰੀ ਗਰਲਜ ਸਕੂਲ ਨੂੰ ਜਾਂਦਾ ਹੈ ਤੇ ਕੱਚਾ ਹੋਣ ਕਰਕੇ ਖ਼ਾਸ ਕਰ ਬਰਸਾਤ ਦੇ ਸਮੇਂ ਕਾਫੀ ਖਰਾਬ ਹੋ ਜਾਂਦਾ ਹੈ ਤੇ ਕਈ ਵਾਰ ਇੱਥੋਂ ਦੀ ਲੱਘਣਾ ਮੁਸ਼ਕਿਲ ਹੀ ਨਹੀਂ ਬਲਕਿ ਨਾ-ਮੁਮਕਿਨ ਜਿਹਾਂ ਵੀ ਹੋ ਜਾਂਦਾ ਹੈ। ਜਿਸ ਕਰਕੇ ਪਿੰਡ ਦੇ ਲੋਕਾਂ ਨੇ ਉਸ ਸਮੇਂ ਦੀ ਕਾਂਗ੍ਰਸ ਸਰਕਾਰ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਜੀ ਨੂੰ ਖਾਸ ਬੇਨਤੀ ਕੀਤੀ ਸੀ ਤਾਂ ਉਨ੍ਹਾਂ ਨੇ ਇਸ ਰਸਤੇ ਤੇ ਪੱਕੀ ਸੜਕ ਬਨਾਉਣ ਦੀ ਆਪਣੀ ਮੰਜੂਰੀ ਦੇ ਦਿਤੀ ਸੀ ਤੇ ਉਸ ਸਮੇਂ ਦੇ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਉੱਘੇ ਕਾਂਗਰਸੀ ਆਗੂ ਮਹਿੰਦਰ ਸਿੰਘ ਕੇਪੀ ਨੇ ਉਦਘਾਟਨ ਕਰਕੇ ਕੰਮ ਵੀ ਸ਼ੁਰੂ ਕਰਵਾ ਦਿੱਤਾ ਸੀ ਪਰ ਇਸ ਦੋਰਾਨ ਹੀ ਬਦਲਾਅ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਸੀ ਜਿਸ ਕਰਕੇ ਇਹ ਕੰਮ ਵਿੱਚ ਹੀ ਲੱਟਕ ਗਿਆ ਸੀ ਤੇ ਅਫਸੋਸ ਕਿ ਅੱਜ ਤੱਕ ਵਿਚਕਾਰ ਹੀ ਲੱਟਕ ਰਿਹਾ ਹੈ। ਜਿਸ ਬਾਰੇ ਕਈ ਵਾਰ ਸਬੰਧਤ ਅਧਿਕਾਰੀਆਂ ਅਤੇ ਸ਼ਾਸਨ ਪ੍ਰਸ਼ਾਸਨ ਦੇ ਧਿਆਨ ਹਿਤ ਲਿਆਉਣ ਦੇ ਬਾਵਜੂਦ ਪਰਨਾਲਾ ਉਥੇ ਦਾ ਉਥੇ ਹੀ ਹੈ।
ਇਸ ਮੋਕੇ ਸਾਰੇ ਹੀ ਪਿੰਡ ਵਾਸੀਆਂ ਨੇ ਸਬੰਧਤ ਸਰਕਾਰੀ ਅਧਿਕਾਰੀਆਂ ਅਤੇ ਸ਼ਾਸਨ ਪ੍ਰਸ਼ਾਸਨ ਨੂੰ ਪੁਰਜ਼ੋਰ ਸ਼ਬਦਾਂ ਵਿੱਚ ਅਪੀਲ ਕਰਦਿਆਂ ਮੰਗ ਕੀਤੀ ਹੈ ਕਿ ਸਾਡੇ ਪਿੰਡ ਦੀ ਇਸ ਮੁੱਖ ਮੁਸ਼ਕਲ ਦਾ ਸਮਾਧਾਨ ਜਲਦੀ ਹੀ ਕਰਦੇ ਹੋਏ ਗੋਰ ਫਰਮਾਈ ਜਾਵੇ ਅਤੇ ਇਸ ਸੜਕ ਨੂੰ ਜਲਦੀ ਹੀ ਬਣਵਾਇਆ ਜਾਵੇ।
