ਜਲੰਧਰ : (ਡੇਵਿਡ)ਲੋਕ ਸ਼ਮੂਲੀਅਤ ਨਾਲ ਜ਼ਿਲ੍ਹੇ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਵਿਕਾਸ ਨੂੰ ਸਰਗਰਮ ਹੁਲਾਰਾ ਦੇਣ ਦੇ ਮੰਤਵ ਨਾਲ ਪਿੰਡਾਂ/ਸ਼ਹਿਰੀ ਖੇਤਰ ਵਿੱਚ ਵਾਰਡਾਂ ਦਰਮਿਆਨ ਸਿਹਤਮੰਦ ਮੁਕਾਬਲੇ ਨੂੰ ਉਤਸ਼ਾਹਿਤ ਕਰਨ ਦੀ ਨਿਵੇਕਲੀ ਪਹਿਲਕਦਮੀ ਤਹਿਤ ਪੰਜਾਬ ਸਰਕਾਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀਰਵਾਰ ਨੂੰ ‘ਵਿਲੇਜ/ਵਾਰਡ ਚੈਂਪੀਅਨ’ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ।ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਪ੍ਰੋਗਰਾਮ ਦਾ ਆਗਾਜ਼ ਕਰਦਿਆਂ ਦੱਸਿਆ ਕਿ ਇਹ ਪ੍ਰੋਗਰਾਮ ਸਫ਼ਾਈ, ਬੁਨਿਆਦੀ ਢਾਂਚੇ ਅਤੇ ਸਮਾਜਿਕ ਜ਼ਿੰਮੇਵਾਰੀ ਵਰਗੇ ਅਹਿਮ ਖੇਤਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਾਰਡਾਂ/ਪਿੰਡਾਂ ਦੀ ਹੌਸਲਾ ਅਫਜ਼ਾਈ ਅਤੇ ਸਨਮਾਨ ਲਈ ਸ਼ੁਰੂ ਕੀਤਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਸਫ਼ਾਈ, ਡੋਰ-ਟੂ-ਡੋਰ ਵੇਸਟ ਕੁਲੈਕਸ਼ਨ ਮੈਨੇਜਮੈਂਟ, ਗ੍ਰੀਨ ਬੈਲਟ/ਪਾਰਕਾਂ/ਗਰਾਊਂਡਾਂ ਦਾ ਰੱਖ-ਰਖਾਅ, ਸੁਚੱਜੀ ਜਲ ਸਪਲਾਈ ਅਤੇ ਕਾਰਜਸ਼ੀਲ ਟੂਟੀ ਕੁਨੈਕਸ਼ਨ, ਨਸ਼ਿਆਂ ਦਾ ਖ਼ਾਤਮਾ, ਸਰਕਾਰੀ ਯੋਜਨਾਵਾਂ ਵਿੱਚ ਪ੍ਰਦਰਸ਼ਨ, ਵਾਰਡਾਂ ਦੇ ਰੱਖ-ਰਖਾਅ ਵਿੱਚ ਲੋਕਾਂ ਦੀ ਸ਼ਮੂਲੀਅਤ, ਪਿੰਡਾਂ ਵਿੱਚ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਉਪਰਾਲਿਆਂ ਸਮੇਤ ਵੱਖ-ਵੱਖ ਮਾਪਦੰਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਪਹਿਲੇ ਤਿੰਨ ਸਥਾਨਾਂ ‘ਤੇ ਆਉਣ ਵਾਲੇ ਪਿੰਡਾਂ/ਵਾਰਡਾਂ ਨੂੰ ਵਿਕਾਸ ਗ੍ਰਾਂਟ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਰਬੋਤਮ ਪਿੰਡ/ਵਾਰਡ ਨੂੰ 4 ਲੱਖ ਰੁਪਏ, ਦੂਜੇ ਸਥਾਨ ’ਤੇ ਰਹਿਣ ਵਾਲੇ ਪਿੰਡ/ਵਾਰਡ ਨੂੰ 2 ਲੱਖ ਅਤੇ ਤੀਜੇ ਸਥਾਨ ਲਈ 1 ਲੱਖ ਰੁਪਏ ਦੀ ਵਿਕਾਸ ਗ੍ਰਾਂਟ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਵਾਰਡ ਦੀ ਰੈਂਕਿੰਗ ਮਾਪਦੰਡਾਂ ਦੇ ਵਿਆਪਕ ਮੁਲਾਂਕਣ ‘ਤੇ ਆਧਾਰਿਤ ਹੋਵੇਗੀ।

 

Leave a Reply

Your email address will not be published. Required fields are marked *