ਜਲੰਧਰ :(ਡੇਵਿਡ )ਸੜਕ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਵੱਲ ਕਦਮ ਚੁੱਕਦਿਆਂ ਜਲੰਧਰ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿੱਚ 56 ਬਲੈਕ ਸਪੋਟਸ ਦੀ ਪਹਿਚਾਣ ਕੀਤੀ ਗਈ ਹੈ ਅਤੇ ਸੜਕੀ ਹਾਦਸਿਆਂ ਦੀ ਰੋਕਥਾਮ ਲਈ ਇਨ੍ਹਾਂ ਥਾਵਾਂ ’ਤੇ ਸੁਧਾਰ ਸਬੰਧੀ ਤੁਰੰਤ ਕਦਮ ਚੁੱਕੇ ਗਏ ਹਨ।ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਡਾ.ਹਿਮਾਂਸ਼ੂ ਅਗਰਵਾਲ ਨੇ ਸਬੰਧਿਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਇਕ ਹਫ਼ਤੇ ਦੇ ਅੰਦਰ ਦੁਰਘਟਨਾ ਸੰਭਾਵੀ ਖੇਤਰਾਂ ਨੂੰ ਦਰੁੱਸਤ ਕੀਤਾ ਜਾਵੇ ਅਤੇ ਸਥਾਈ ਹੱਲ ਲਾਗੂ ਹੋਣ ਤੱਕ ਯਾਤਰੀਆਂ ਨੂੰ ਸਾਵਧਾਨ ਕਰਨ ਲਈ ਚਿਤਾਵਨੀ ਬੋਰਡ ਲਗਾਏ ਜਾਣ।  ਇਕ ਹੋਰ ਮਹੱਤਵਪੂਰਣ ਉਪਰਾਲਾ ਕਰਦਿਆਂ ਪ੍ਰਸ਼ਾਸਨ ਵੱਲੋਂ ਨੈਸ਼ਨਲ ਹਾਈਵੇ ਉਤੇ ਸਥਿਤ ਸਭ ਤੋਂ ਵੱਧ ਰੁਝੇਵਿਆਂ ਭਰੇ ਕਿਸ਼ਨਗੜ੍ਹ ਚੌਕ ਵਿਖੇ ਨਵੀਂਆਂ ਟ੍ਰੈਫਿਕ ਲਾਈਟਾਂ ਲਗਾਉਣ ਦੀ ਪ੍ਰਵਾਨਗੀ ਦਿੱਤੀ ਗਈ। ਇਹ ਪ੍ਰਾਜੈਕਟ 12.86 ਲੱਖ ਰੁਪਏ ਦੀ ਲਾਗਤ ਨਾਲ ਲਾਗੂ ਕੀਤਾ ਜਾਵੇਗਾ।ਡਾ. ਅਗਰਵਾਲ ਨੇ ਪੁਲਿਸ ਨੂੰ ਹਾਈਵੇ ’ਤੇ ਖਾਸ ਕਰ ਤਿਉਹਾਰੀ ਸੀਜ਼ਨ ਦੌਰਾਨ ਅਣ ਅਧਿਕਾਰਤ ਪਾਰਕਿੰਗ ’ਤੇ ਸਖ਼ਤ ਕਾਰਵਾਈ ਕਰਨ ਦੀਆਂ ਹਦਾਇਤਾਂ ਕੀਤੀਆਂ।ਮੀਟਿੰਗ ਦੌਰਾਨ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਿੱਧੀਪੁਰ ਤੋਂ ਫਗਵਾੜਾ ਤੱਕ ਸੜਕ ਦੀ ਮੁਰੰਮਤ ਅਤੇ ਰੀਲੇਇੰਗ ਲਈ 93 ਕਰੋੜ ਰੁਪਏ ਦਾ ਪ੍ਰਾਜੈਕਟ ਹੈਡਕੁਆਰਟਰ ਭੇਜਿਆ ਗਿਆ ਹੈ। ਜ਼ਿਕਰਯੋਗ ਹੈ ਕਿ ਪ੍ਰਸਤਾਵ ਵਿੱਚ ਪੀ.ਏ.ਪੀ.ਫਲਾਈਓਵਰ ’ਤੇ ਇਕ ਵਾਧੂ ਲੇਨ ਬਣਾਉਣਾ ਵੀ ਸ਼ਾਮਿਲ ਹੈ, ਜਿਸ ਦਾ ਮੁੱਖ ਮੰਤਵ ਇਸ ਸਭ ਤੋਂ ਰੁਝੇਵਿਆਂ ਭਰੇ ਸਥਾਨ ’ਤੇ ਵਾਹਨਾਂ ਦੀ ਸੁਖਾਲੀ ਆਵਾਜਾਈ ਨੂੰ ਯਕੀਨੀ ਬਣਾਕੇ ਆਵਾਜਾਈ ਦੀ ਸਮੱਸਿਆ ਨੂੰ ਹੱਲ ਕਰਨਾ ਹੈ।

Leave a Reply

Your email address will not be published. Required fields are marked *