ਗੁਰੂ ਘਰ ਦੇ 46 ਲੱਖ 93 ਹਜ਼ਾਰ 620 ਰੁਪਏ ਦਾ ਗਬਨ ਕਰਨ ਵਾਲਾ ਦੋਸ਼ੀ ਗ੍ਰਿਫਤਾਰ
ਹੁਸ਼ਿਆਰਪੁਰ /ਮੁਕੇਰੀਆਂ, 19 ਸਤੰਬਰ (ਤਰਸੇਮ ਦੀਵਾਨਾ) – ਮੁਕੇਰੀਆਂ ਪੁਲਸ ਨੇ ਗੁਰਦੁਆਰਾ ਸ਼੍ਰੀ ਗੁਰੂ ਦਸ਼ਮੇਸ਼ ਸਿੰਘ ਸਭਾ ਹਾਜੀਪੁਰ ਰੋਡ ਮੁਕੇਰੀਆ ਦੀ ਗੋਲਕ ਅਤੇ ਸੰਗਤ ਵੱਲੋ ਸੇਵਾ ਵਜੋ ਦਿੱਤੇ 46 ਲੱਖ 93 ਹਜ਼ਾਰ 620 ਰੁਪਏ ਦਾ ਗਬਨ ਕਰਨ ਦੇ ਦੋਸ਼ ਵਿੱਚ ਲੁੜੀਦੇ ਦਵਿੰਦਰ ਸਿੰਘ ਪੁੱਤਰ ਮੰਗਲ ਸਿੰਘ ਨੂੰ ਗਿਰਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਦਲਜੀਤ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦਵਿੰਦਰ ਸਿੰਘ ਦਾ ਇੱਕ ਦਿਨਾਂ ਦਾ ਰਿਮਾਂਡ ਮਾਨਯੋਗ ਅਦਾਲਤ ਵੱਲੋਂ ਦਿੱਤਾ ਗਿਆ ਸੀ। ਜਿਸ ਦੀ ਪੁੱਛਗਿੱਛ ਉਪਰਾਂਤ ਉਕਤ ਨੂੰ ਹੁਸ਼ਿਆਰਪੁਰ ਜੇਲ ਵਿਖੇ ਭੇਜ ਦਿੱਤਾ ਗਿਆ। ਉਹਨਾਂ ਦੱਸਿਆ ਕਿ ਇਹ ਮੁਕੱਦਮਾ ਤਰਲੋਚਨ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਮੁਹੱਲਾ ਤਿਖੋਵਾਲ ਵੱਲੋਂ ਦਿੱਤੀ ਗਈ ਸ਼ਿਕਾਇਤ ਦੀ ਇਨਕੁਆਇਰੀ ਕਰਨ ਉਪਰੰਤ ਐਸ ਐਸ ਪੀ ਹੁਸ਼ਿਆਰਪੁਰ ਦੇ ਆਦੇਸ਼ਾਂ ਤੇ ਮੰਗਲ ਸਿੰਘ ਪੁੱਤਰ ਮੋਤਾ ਸਿੰਘ, ਦਵਿੰਦਰ ਸਿੰਘ ਪੁੱਤਰ ਮੰਗਲ ਸਿੰਘ, ਗੁਰਵਿੰਦਰ ਸਿੰਘ ਪੁੱਤਰ ਲਖਵੀਰ ਸਿੰਘ, ਦਲਜੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀਆਨ ਤਿਖੋਵਾਲ ਮੁਹੱਲਾ ਵਿਰੁੱਧ ਧਾਰਾ 420, 406 120 ਬੀ ਅਧੀਨ ਦਰਜ ਕੀਤਾ ਸੀ।
