ਅਵਤਾਰ ਸਿੰਘ ਭੀਖੋਵਾਲ ਨੇ ਕੈਬਨਿਟ ਮੰਤਰੀ ਪੰਜਾਬ ਡਾ ਰਵਜੋਤ ਸਿੰਘ ਨੂੰ ਪਿੰਡ ਚੱਕ ਗੁੱਜਰਾਂ ਨੇੜੇ ਪੈਂਦੇ ਮਹਿੰਗਰੋਵਾਲ ਚੋਅ ਦੀ ਸਮੱਸਿਆ ਬਾਰੇ ਜਾਣੂ ਕਰਵਾਇਆ
ਕੈਬਨਿਟ ਮੰਤਰੀ ਰਵਜੋਤ ਸਿੰਘ ਨੇ ਤੁਰੰਤ ਕਾਰਵਾਈ ਕਰਦਿਆਂ ਡਰੇਨ ਵਿਭਾਗ ਨੂੰ ਦਿੱਤੇ ਨਿਰਦੇਸ਼

ਹੁਸ਼ਿਆਰਪੁਰ, 8 ਸਤੰਬਰ (ਤਰਸੇਮ ਦੀਵਾਨਾ)- ਪੰਜਾਬ ਵਿੱਚ ਭਾਰੀ ਵਰਖਾ ਅਤੇ ਹੜ੍ਹਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੈਬਨਿਟ ਮੰਤਰੀ ਪੰਜਾਬ ਡਾ ਰਵਜੋਤ ਸਿੰਘ ਨੇ ਕੰਢੀ ਦੇ ਪਿੰਡ ਚੱਕ ਗੁਜਰਾਂ ਨੇੜੇ ਪੈਂਦੇ ਮਹਿੰਗਰੋਵਾਲ ਚੋਅ ਦੇ ਦੁਆਲੇ ਲਗਾਏ ਗਏ ਧੁੱਸੀ ਬੰਨ ਦਾ ਦੌਰਾ ਕੀਤਾ। ਇਸ ਮੌਕੇ ਅਵਤਾਰ ਸਿੰਘ ਭੀਖੋਵਾਲ ਦੀ ਅਗਵਾਈ ਵਿੱਚ ਇਲਾਕੇ ਦੇ ਕਿਸਾਨਾਂ ਨੇ ਮਹਿੰਗਰੋਵਾਲ ਵਲੋਂ ਆ ਰਹੇ ਚੋਅ ਦੁਆਲੇ਼ ਲਗਾਏ ਗਏ ਧੁੱਸੀ ਬੰਨ੍ਹ ਜਿੱਥੇ ਵੀ ਕੋਈ ਕਮੀ ਸੀ, ਉਸ ਬਾਰੇ ਕੈਬਨਿਟ ਮੰਤਰੀ ਡਾ ਰਵਜੋਤ ਸਿੰਘ ਨੂੰ ਜਾਣੂ ਕਰਵਾਇਆ। ਇਸ ਮੌਕੇ ਅਵਤਾਰ ਸਿੰਘ ਭੀਖੋਵਾਲ ਨੇ ਦੱਸਿਆ ਕਿ ਪਿੰਡ ਚੱਕ ਗੁੱਜਰਾਂ ਨੇੜੇ ਪੈਂਦੇ ਮਹਿੰਗਰੋਵਾਲ ਚੋਅ ਦੁਆਲੇ ਲਗਾਏ ਗਏ ਧੁੱਸੀ ਬੰਨ੍ਹ ਵਿੱਚ ਜਿਆਦਾ ਵਰਖਾ ਹੋਣ ਦੀ ਸਥਿਤੀ ਵਿੱਚ ਖੋਰ ਪੈ ਜਾਂਦੀ ਹੈ, ਜਿਸ ਕਾਰਨ ਬੰਨ੍ਹ ਕਮਜ਼ੋਰ ਹੋਣ ਕਰਕੇ ਟੁੱਟ ਜਾਂਦਾ ਹੈ ਅਤੇ ਬੰਨ ਦੇ ਦੱਖਣ ਦਿਸ਼ਾ ਵੱਲ ਪੈਂਦੀ ਜ਼ਮੀਨ ਅਤੇ ਆਬਾਦੀ ਵਾਲੀ ਘਰਾਂ ਵਿੱਚ ਪਾਣੀ ਭਰ ਜਾਂਦਾ ਹੈ, ਜਿਸ ਕਾਰਨ ਇਸ ਇਲਾਕੇ ਦਾ ਬਹੁਤ ਨੁਕਸਾਨ ਹੋ ਜਾਂਦਾ ਹੈ। ਇਸ ਮੌਕੇ ਡਾ ਰਵਜੋਤ ਸਿੰਘ ਨੇ ਤੁਰੰਤ ਮਸ਼ੀਨ ਲਗਵਾ ਦਿੱਤੀ ਅਤੇ ਆਪਣੀ ਟੀਮ ਨਾਲ ਅਤੇ ਡਰੇਨ ਮਹਿਕਮੇ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨਾਲ ਟਰੈਕਟਰ ਤੇ ਬੈਠ ਕੇ ਮਹਿੰਗਰੋਵਾਲ ਚੋਅ ਦਾ ਲਗਪਗ ਤਿੰਨ ਘੰਟੇ ਬਹੁਤ ਹੀ ਬਾਰੀਕੀ ਨਾਲ ਦੌਰਾ ਕੀਤਾ ਅਤੇ ਡਰੇਨ ਮਹਿਕਮੇ ਨੂੰ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਇਸ ਮੌਕੇ ਕੈਬਨਿਟ ਮੰਤਰੀ ਡਾ ਰਵਜੋਤ ਸਿੰਘ ਨੇ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਲਕੇ ਸਾਰੇ ਦੇ ਪਿੰਡਾਂ ਤੇ ਚੁਕੰਨੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਹਲਕੇ ਦੇ ਲੋਕਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਅਵਤਾਰ ਸਿੰਘ ਭੀਖੋਵਾਲ, ਬਲਜੀਤ ਸਿੰਘ, ਭੀਖੋਵਾਲ, ਰੋਹਿਤ ਦੱਤ ਪੰਚ ਭੀਖੋਵਾਲ, ਜਸਵੀਰ ਸਿੰਘ ਪੰਚ ਭੀਖੋਵਾਲ, ਅਮਨ ਸੈਣੀ ਸਰਪੰਚ ਬਸੀ ਉਮਰ ਖਾਂ, ਸੁਖਵਿੰਦਰ ਸਿੰਘ ਖੁੰਡੇ, ਸਿਟੀ ਪ੍ਰਧਾਨ ਮੁਕੇਸ਼ ਡਡਵਾਲ ਹਰਿਆਣਾ, ਸਤਵਿੰਦਰ ਸਿੰਘ ਸਰਪੰਚ ਖੁੰਡੇ, ਲਸ਼ਕਰ ਸਿੰਘ, ਸੁਰਿੰਦਰ ਪਾਲ ਸਿੰਘ ਸਰਪੰਚ ਕੁੱਲੀਆਂ, ਪ੍ਰੇਮ ਚੰਦ ਸਰਪੰਚ ਭੀਖੋਵਾਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।
ਫੋਟੋ ਅਜਮੇਰ ਦੀਵਾਨਾ
