ਅਜੋਕੇ ਡਿਜੀਟਲ ਯੁੱਗ ਵਿਚ ਸਫਲ ਜੀਵਨ ਜੀਊਣ ਲਈ ਕੰਪਿਊਟਰ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ

ਹੁਸ਼ਿਆਰਪੁਰ, 7 ਸਤੰਬਰ (ਤਰਸੇਮ ਦੀਵਾਨਾ)-ਅਜੋਕੇ ਡਿਜੀਟਲ ਯੁੱਗ ਵਿੱਚ ਸਾਖਰਤਾ ਦੀ ਮਹੱਤਤਾ ਹੋਰ ਵਧ ਗਈ ਹੈ। ਦੇਸ਼ ਭਰ ਵਿੱਚ ਡਿਜੀਟਲ ਭਾਰਤ ਦਾ ਅਭਿਆਨ ਚਲ ਰਿਹਾ ਹੈ। ਅੱਜ ਸੰਸਾਰ ਭਰ ਵਿੱਚ ਮਨਾਏ ਜਾ ਰਹੇ ਕੌਮਾਂਤਰੀ ਸਾਖਰਤਾ ਦਿਹਾੜੇ ਮੌਕੇ ਜਸਵਿੰਦਰ ਸਿੰਘ ਸਹੋਤਾ ਲੈਕਚਰਾਰ ਪੋਲੀਟੀਕਲ ਸਾਇੰਸ ਨੇ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਇੱਕ ਪੜ੍ਹਿਆ-ਲਿਖਿਆ ਵਿਅਕਤੀ ਆਪਣੇ ਪਰਿਵਾਰ ਦਾ ਆਰਥਿਕ ਪੱਧਰ ਉੱਚਾ ਚੱਕਣ ਦੇ ਨਾਲ-ਨਾਲ ਗਿਆਨ ਵਧਾਉਣ ਵਿੱਚ ਵੀ ਉੱਘਾ ਯੋਗਦਾਨ ਪਾ ਸਕਦਾ ਹੈ। ਪੜ੍ਹੇ-ਲਿਖੇ ਵਿਅਕਤੀ ਹਰੇਕ ਪ੍ਰਕਿਰਿਆ ਨੂੰ ਤਰਕ ਸ਼ਕਤੀ ਨਾਲ ਸੋਚਣ ਦੇ ਸਮਰੱਥ ਹੁੰਦੇ ਹਨ, ਜਿਸ ਕਾਰਨ ਉਹ ਸਹਿਜੇ ਵਹਿਮਾਂ-ਭਰਮਾਂ ਵਿੱਚ ਦੇ ਜਾਲ਼ ਵਿੱਚ ਨਹੀਂ ਫਸਦੇ। ਉਨ੍ਹਾਂ ਨੇ ਕਿਹਾ ਕਿ ਇਸ ਡਿਜੀਟਲ ਯੁੱਗ ਵਿਚ ਸਫਲ ਜੀਵਨ ਜੀਊਣ ਲਈ ਕੰਪਿਊਟਰ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਹਰ ਖੇਤਰ ਵਿੱਚ ਕੰਪਿਊਟਰ ਆ ਗਏ ਹਨ। ਨੌਕਰੀ ਪ੍ਰਾਪਤ ਕਰਨ ਲਈ ਵੀ ਕੰਪਿਊਟਰ ਦਾ ਗਿਆਨ ਹੋਣਾ ਜਰੂਰੀ ਹੈ। ਹਰ ਇੱਕ ਕੰਮ ਆਨ-ਲਾਈਨ ਹੋਣ ਲੱਗ ਪਿਆ ਹੈ। ਹਰੇਕ ਵਿਭਾਗ ‘ਈ’ ਸੇਵਾਵਾਂ ਦੇ ਰਿਹਾ ਹੈ। ਅਜਿਹੀ ਸਹੂਲਤਾਂ ਦਾ ਅਨੰਦ ਮਾਨਣ ਲਈ ਡਿਜੀਟਲ ਸਾਖਰ ਹੋਣਾ ਬਹਤ ਜਰੂਰੀ ਹੈ। ਲੈਕਚਰਾਰ ਸਹੋਤਾ ਨੇ ਕਿਹਾ ਕਿ ਇੱਕ ਅਜਿਹੇ ਯੁੱਗ ਵਿੱਚ, ਜਿਸ ਵਿੱਚ ਸਾਰੀ ਦੁਨੀਆਂ ਆਪਸ ਵਿੱਚ ਇੰਨਟਰਨੈਟ ਰਾਹੀਂ ਆਪਸ ਵਿੱਚ ਜੁੜ ਰਹੀ ਹੈ, ਡਿਜ਼ੀਟਲ ਸਾਖਰ ਕਰਨ ਲਈ ਸਾਰਿਆਂ ਤੱਕ ਪਹੁੰਚ ਕਰਨ ਬਹੁਤ ਜਰੂਰੀ ਹੈ। ਆਰਟੀਫੀਸਲ ਇੰਨਟੈਲੀਜੈਂਸੀ (ਏ ਆਈ) ਅਤੇ ਹੋਰ ਉੱਭਰ ਰਹੀਆਂ ਨਵੀਆਂ ਤਕਨੀਕਾਂ ਨੇ ਇਸ ਡਿਜ਼ੀਟਲ ਯੁੱਗ ਵਿੱਚ ਇੱਕ ਹੋਰ ਨਵੀਂ ਕ੍ਰਾਂਤੀ ਲਿਆ ਦਿੱਤੀ ਹੈ
।
