ਸਰਾਭਾ ਪੰਥਕ ਮੋਰਚੇ ਦੇ ਆਗੂ ਡਾ:ਲਵਪ੍ਰੀਤ ਮੁੱਲਾਪੁਰ ਦੇ ਖਿਲਾਫ ਸਿਹਤ ਮੰਤਰੀ ਡਾ:ਬਲਵੀਰ ਸਿੰਘ ਨੂੰ ਮਿਲੇ
ਸਿਵਲ ਸਰਜਨ ਲੁਧਿਆਣਾ ਨੇ ਹਫਤੇ ‘ਚ ਦੋ ਬੋਰਡ ਬਣਾ ਕੇ ਡਾਕਟਰ ਨੂੰ ਬਚਾਉਣ ਦਾ ਯਤਨ ਕੀਤਾ

ਹੁਸ਼ਿਆਰਪੁਰ 13 ਜੁਲਾਈ (ਤਰਸੇਮ ਦੀਵਾਨਾ ) ਦੇਸ਼ ਦੀ ਆਜ਼ਾਦੀ ਦੇ ਪਰਵਾਨਿਆਂ ਨੂੰ ਬਣਦਾ ਸਤਿਕਾਰ ਕੌਮੀ ਸ਼ਹੀਦਾ ਦਾ ਦਰਜਾ ਨਾ ਦੇਣਾ ਤੇ ਪੰਜਾਬ ਦੀ ਧਰਤੀ ਤੇ ਹੋਈਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਵਾਉਣ ਲਈ ਸੰਘਰਸ਼ ਕਰਨ ਵਾਲੇ ਸਰਾਭਾ ਪੰਥਕ ਮੋਰਚੇ ਦੇ ਕਨਵੀਨਰ ਬਲਦੇਵ ਸਿੰਘ ਦੇਵ ਸਰਾਭਾ ਦੇ ਘਰ ਤੇ 28 ਮਈ ਦੀ ਰਾਤ ਨੂੰ ਹਮਲਾ ਕਰਕੇ ਉਹਨਾਂ ਦੀ ਛੋਟੀ ਭੈਣ ਨੂੰ ਜ਼ਖ਼ਮੀ ਕਰ ਦਿੱਤਾ ਸੀ। ਪਰ ਸਿਵਲ ਹਸਪਤਾਲ ਰਾਏਕੋਟ ਦੇ ਡਾ: ਲਾਭਪ੍ਰੀਤ ਸਿੰਘ ਮੁੱਲਾਪੁਰ ਵੱਲੋਂ ਆਪਣੇ ਹੈਲਪਰ ਸੁਰਜੀਤ ਸਿੰਘ ਤੋਂ ਸਿਰ ਵਿੱਚ ਲੱਗੀ ਡੂਗੀ ਸੱਟ ਤੇ ਟਾਂਕੇ ਲਗਾਏ ਗਏ ।ਅਤੇ ਉਲਟਾ ਦੋਸੀਆਂ ਨੂੰ ਬਚਾਉਣ ਦੀ ਨੀਅਤ ਨਾਲ ਕੱਟੀ ਗਈ ਐਮ ਐਲ ਆਰ ਵਿੱਚ ਵੀ ਵੱਡੀ ਵਧੀਕੀ ਕੀਤੀ। ਸਿਰ ਵਿੱਚ ਲੱਗੇ15 ਟਾਂਕਿਆ ਨੂੰ ਸਾਰਫ ਸੱਟ ਲਿਖਣ ਦੀ ਬਜਾਏ ਵਲੰਟ ਲਿਖ ਦਿੱਤਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਮੰਤਰੀ ਡਾ: ਬਲਵੀਰ ਸਿੰਘ ਨੂੰ ਮਿਲਣ ਆਏ ਆਗੂਆਂ ਨੇ ਸਰਾਭਾ ਪੰਥਕ ਮੋਰਚੇ ਦੇ ਕਨਵੀਨਰ ਬਲਦੇਵ ਸਿੰਘ ਸਰਾਭਾ, ਸਿੱਖ ਚਿੰਤਕ ਕੌਂਸਲ ਮਾਸਟਰ ਦਰਸ਼ਨ ਸਿੰਘ ਰਕਬਾ, ਮਜ਼ਦੂਰ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਵਾਈਸ ਪ੍ਰਧਾਨ ਹਰਦੀਪ ਸਿੰਘ ਬੱਲੋਵਾਲ, ਹਵਾਰਾ ਕਮੇਟੀ ਲੁਧਿਆਣਾ ਦੇ ਕਨਵੀਨਰ ਅਮਰ ਸਿੰਘ ਜੁੜਾਹਾਂ, ਸ਼ਹੀਦ ਕਰਤਾਰ ਸਿੰਘ ਸਰਾਭਾ ਲੋਕ ਭਲਾਈ ਮੰਚ ਦੇ ਆਗੂ ਭਜਨ ਸਿੰਘ ਅੱਬੂਵਾਲ ਨੇ ਕੀਤਾ। ਆਗੂਆਂ ਨੇ ਅੱਗੇ ਆਖਿਆ ਕਿ ਡਾ: ਲਵਪ੍ਰੀਤ ਸਿੰਘ ਮੁੱਲਾਪੁਰ ਵੱਲੋਂ ਕੀਤੀ ਅਣਗਹਿਲੀ ਦੇ ਖਿਲਾਫ ਸਿਵਲ ਹਸਪਤਾਲ ਰਾਏਕੋਟ ਦੇ ਗੇਟ ਸਾਹਮਣੇ ਰੋਸ ਧਰਨਾ ਵੀ ਦਿੱਤਾ ਗਿਆ। ਇਸੇ ਦਿਨ ਹੀ ਇੱਕ ਕਿਸਾਨ ਆਗੂ ਨੇ ਸਾਡੇ ਨਾਲ ਫੋਨ ਤੇ ਸੰਪਰਕ ਕਰਕੇ ਆਖਿਆ ਕਿ ਤੁਹਾਨੂੰ ਹੁਣੇ ਐਸ ਐਮ ਓ ਡਾ ਰੁਪਿੰਦਰ ਸਿੰਘ ਗਿੱਲ ਕੂੰਮਕਲਾਂ ਦਾ ਫੋਨ ਆਵੇਗਾ, ਜੋ ਮਸਲੇ ਦਾ ਜਲਦੀ ਹੱਲ ਕਰਵਾ ਦੇਵੇਗਾ। ਇਸੇ ਤਰ੍ਹਾਂ ਹੀ ਹੋਇਆ ਸਾਨੂੰ ਡਾ ਰੁਪਿੰਦਰ ਸਿੰਘ ਗਿੱਲ ਐਸ ਐਮ ਓ ਕੂੰਮਕਲਾਂ ਦਾ ਫੋਨ ਆਇਆ ਤੇ ਉਸ ਨੇ ਆਖਿਆ ਕਿ ਤੁਸੀਂ ਕੱਲ 10 ਵਜੇ ਸਿਵਲ ਸਰਜਨ ਲੁਧਿਆਣੇ ਕੋਲ ਦਰਖਾਸਤ ਦਿਓ ਬਾਕੀ ਦਾ ਕੰਮ ਹੈ ਆਪੇ ਕਰਾਂਗਾ, ਉਹਨਾਂ ਕਿਹਾ ਕਿ ਮੇਰੀ ਸਿਵਲ ਸਰਜਨ ਜਸਵੀਰ ਸਿੰਘ ਔਲਖ ਨਾਲ ਸਾਰੀ ਗੱਲ ਹੋ ਚੁੱਕੀ ਹੈ। ਜੋ ਬੋਰਡ ਬਣੇਗਾ ਉਹ ਪੰਜ ਮਿੰਟਾਂ ਵਿੱਚ ਹੀ ਸੱਟ ਨੂੰ ਸਾਰਫ ਲਿਖ ਦੇਣਗੇ ਤੁਸੀਂ ਧਰਨੇ ਨਾ ਲਗਾਓ। ਅਸੀਂ ਸਿਵਲ ਸਰਜਨ ਨੂੰ ਲਿਖਤੀ ਰੂਪ ਵਿੱਚ ਦਰਖਾਸਤ ਦਿੱਤੀ ਜਿਨਾਂ ਨੇ ਲੁਧਿਆਣਾ ਸਿਵਲ ਹਸਪਤਾਲ ਦੇ ਵਿੱਚ ਤਿੰਨ ਡਾਕਟਰਾਂ ਦਾ ਬੋਰਡ ਬਣਾ ਦਿੱਤਾ ਤੇ ਸਾਨੂੰ ਦੂਜੇ ਦਿਨ ਹੀ ਪੇਸ਼ ਹੋਣ ਲਈ ਆਖਿਆ। ਜਦੋਂ ਅਸੀਂ ਦੂਜੇ ਦਿਨ ਸਿਵਲ ਹਸਪਤਾਲ ਲੁਧਿਆਣਾ ਦੇ ਐਸ ਐਮ ਓ ਮਨਦੀਪ ਕੌਰ ਕੋਲ ਪਹੁੰਚੇ ਤਾਂ ਉਨਾਂ ਕੋਲ ਬੈਠਾ ਇੱਕ ਡਾਕਟਰ ਸਾਨੂੰ ਆਖਣ ਲੱਗਾ ਕਿ ਤੁਸੀਂ ਇੱਥੇ ਗਲਤ ਆ ਗਏ ਸੋਨੂੰ ਰਾਏਕੋਟ ਭੇਜਣਾ ਚਾਹੀਦਾ ਸੀ ਜਿਸ ਡਾ ਲਵਪ੍ਰੀਤ ਸਿੰਘ ਮੁੱਲਾਪੁਰ ਨੇ ਰਿਪੋਰਟ ਬਣਾਈ ਹੈ ਉਹੀ ਠੀਕ ਕਰ ਸਕਦਾ ਹੈ, ਇਥੇ ਕੋਈ ਵੀ ਡਾਕਟਰ ਸਹੀ ਨਹੀਂ ਕਰ ਸਕਦਾ। ਜਦੋਂ ਅਸੀਂ ਉਸ ਡਾਕਟਰ ਤੋਂ ਪੁੱਛਿਆ ਕਿ ਤੁਸੀਂ ਸਿਵਲ ਸਰਜਨ ਤੋਂ ਵੱਡੇ ਅਫਸਰ ਹੋ ਤਾਂ ਉਹ ਮੌਕੇ ਤੋਂ ਭੱਜ ਗਿਆ ਉਹਨਾਂ ਦੱਸਿਆ ਕਿ ਜੋ ਤਿੰਨ ਡਾਕਟਰਾਂ ਦੀ ਡਿਊਟੀ ਐਸ ਐਮ ਓ ਲੁਧਿਆਣੇ ਵੱਲੋਂ ਲਗਾਈ ਗਈ ਸੀ ਉਨਾਂ ਨੇ ਕੋਈ ਵੀ ਇਲਾਜ ਜਾਂ ਜਾਂਚ ਨਹੀਂ ਕੀਤੀ ਜਦਕਿ ਸਾਨੂੰ ਕ੍ਰਿਸਨਾ ਸਕੈਨ ਸੈਂਟਰ, ਸਕੈਨ ਕਰਵਾਉਣ ਲਈ ਆਖਿਆ ਅਤੇ ਸਾਨੂੰ ਦੋ ਘੰਟੇ ਬਿਠਾਈ ਰੱਖਿਆ। ਜਦੋਂ ਸਕੈਨ ਦੀ ਰਿਪੋਰਟ ਆਈ ਤਾਂ ਤਿੰਨੇ ਡਾਕਟਰ ਸਕੈਨ ਸੈਂਟਰ ਦੇ ਮੂਹਰੇ ਆ ਕੇ ਖੜ ਗਏ ਤੇ ਸਾਨੂੰ ਆਖਣ ਲੱਗੇ ਤੁਸੀਂ ਹੁਣ ਜਾਓ ਅਸੀਂ ਆਪੇ ਸਿਵਲ ਸਰਜਨ ਨੂੰ ਰਿਪੋਰਟ ਭੇਜ ਦਿਆਂਗੇ। ਸਾਨੂੰ ਦੋ ਦਿਨਾਂ ਬਾਅਦ ਸੂਤਰਾਂ ਤੋਂ ਮਿਲੀ ਪਤਾ ਲੱਗਿਆ ਕਿ ਲੁਧਿਆਣਾ ‘ਚ ਬਣੇ ਤਿੰਨ ਡਾਕਟਰਾਂ ਦੇ ਬੋਰਡ ਨੇ ਡਾ:ਲਵਪ੍ਰੀਤ ਸਿੰਘ ਮੁੱਲਾਪੁਰ ਦੇ ਹੱਕ ਵਿੱਚ ਹੀ ਰਿਪੋਰਟ ਬਣਾ ਕੇ ਉਸ ਨੂੰ ਬਚਾਉਣ ਦਾ ਹੀ ਬੰਦੋਬਸਤ ਕੀਤਾ਼। ਉਹਨਾਂ ਕਿਹਾ ਕਿ ਬਲਦੇਵ ਸਿੰਘ ਸਰਾਭਾ ਫੇਰ ਸਿਵਲ ਸਰਜਨ ਜਸਵੀਰ ਸਿੰਘ ਔਲਖ ਨੂੰ ਮਿਲੇ ਲੁਧਿਆਣਾ ਦੇ ਬਣੇ ਬੋਰਡ ਦੀ ਸਾਰੀ ਗੱਲ ਦੱਸੀ ਤਾਂ ਉਨਾਂ ਨੇ ਇਹ ਆ ਕੇ ਪੱਲਾ ਝਾੜ ਦਿੱਤਾ ਕਿ ਮੈਂ ਡਾਕਟਰਾਂ ਦੀ ਰਿਪੋਰਟ ਨੂੰ ਚੈਲੇੰਜ ਨਹੀਂ ਕਰ ਸਕਦਾ, ਮੈਂ ਤਾਂ ਸਿਰਫ ਬੋਰਡ ਹੀ ਬਣਾ ਸਕਦਾ ਹਾਂ । ਸਿਵਲ ਸਰਜਨ ਲੁਧਿਆਣਾ ਨੇ ਆਪਣੀ ਮਰਜ਼ੀ ਦੇ ਨਾਲ ਹੀ ਇੱਕ ਪੰਜ ਡਾਕਟਰਾਂ ਦਾ ਬੋਰਡ ਫੇਰ ਖੰਨੇ ਬਣਾ ਦਿੱਤਾ। ਸਾਨੂੰ ਆਖਿਆ ਕਿ ਤੁਸੀਂ ਕੱਲ ਹੀ ਮਰੀਜ਼ ਨੂੰ ਲੈ ਕੇ ਉੱਥੇ ਪਹੁੰਚੋ। ਜਦੋਂ ਅਸੀਂ ਸਰਕਾਰੀ ਹਸਪਤਾਲ ਖੰਨੇ ਦੇ ਐਸ ਐਮ ਓ ਮਨਿੰਦਰ ਸਿੰਘ ਭਸੀਨ ਵਲੋਂ ਦਿੱਤੇ ਸਮੇਂ ਤੇ ਪਹੁੰਚੇ ਤਾਂ ਉਨ੍ਹਾਂ ਨੇ ਆਪਣੇ ਦਫਤਰ ਵਿੱਚ ਹੀ ਸਾਰੇ ਡਾਕਟਰਾਂ ਨੂੰ ਬੁਲਾ ਕੇ ਦੋ ਘੰਟੇ ਜਾਂਚ ਕੀਤੀ। ਪਰ ਜਦੋਂ ਚਾਰ ਦਿਨਾਂ ਬਾਅਦ ਸਿਵਲ ਸਰਜਨ ਨੂੰ ਰਿਪੋਰਟ ਭੇਜੀ ਗਈ ਤਾਂ ਇਹਨਾਂ ਦੋ ਘੰਟਿਆਂ ਦੇ ਕੀਤੇ ਡਰਾਮੇ ਦੀ ਰਿਪੋਰਟ ਨੇ ਸਿਰਫ ਲੁਧਿਆਣਾ ਵਿਖੇ ਬਣੇ ਤਿੰਨ ਡਾਕਟਰਾਂ ਦੇ ਬੋਰਡ ਦੀ ਰਿਪੋਰਟ ਨੂੰ ਹੀ ਹਰੀ ਝੰਡੀ ਦੇ ਦਿੱਤੀ ਅਤੇ ਆਪਣੇ ਵੱਲੋਂ ਡਾ: ਲਵਪ੍ਰੀਤ ਸਿੰਘ ਮੁੱਲਾਪੁਰ ਨੂੰ ਬਚਾਉਣ ਲਈ ਹਰ ਤਰ੍ਹਾਂ ਦਾ ਯਤਨ ਕੀਤਾ। ਜਦੋਂ ਅਸੀਂ ਡਾਕਟਰਾਂ ਵੱਲੋਂ ਕੀਤੀ ਵਧੀਕੀ ਸਿਵਲ ਸਰਜਨ ਲੁਧਿਆਣਾ ਜਸਬੀਰ ਸਿੰਘ ਔਲਖ ਦੇ ਧਿਆਨ ਵਿੱਚ ਲਿਆਂਦੀ ਤਾਂ ਉਸ ਨੇ ਆਖਿਆ ਕਿ ਮੇਰੇ ਵੱਲੋਂ ਤਾਂ ਦੋ ਬੋਰਡ ਵੀ ਬਣਾ ਦਿੱਤੇ ਮੈਂ ਹੁਣ ਕੁਝ ਨਹੀਂ ਕਰ ਸਕਦਾ। ਆਗੂਆਂ ਨੇ ਆਖਰ ਵਿੱਚ ਆਖਿਆ ਕਿ ਸਿਵਲ ਸਰਜਨ ਲੁਧਿਆਣਾ ਡਾ: ਜਸਬੀਰ ਸਿੰਘ ਔਲਖ ਵੱਲੋਂ ਇੱਕ ਹਫਤੇ ਵਿੱਚ ਦੋ ਬੋਰਡ ਬਣਾ ਕੇ ਸਿਰਫ ਡਾ: ਲਵਪ੍ਰੀਤ ਸਿੰਘ ਮੁੱਲਾਪੁਰ ਨੂੰ ਹੀ ਬਚਾਉਣ ਦਾ ਉਪਰਾਲਾ ਕੀਤਾ, ਜਦਕਿ ਪੀੜਤਾਂ ਲਈ ਕੋਈ ਇਨਸਾਫ਼ ਨਹੀਂ। ਜੇਕਰ ਸਰਕਾਰੀ ਡਾਕਟਰ ਸਰਾਭਾ ਪੰਥਕ ਮੋਰਚੇ ਦੇ ਕਨਵੀਨਰ ਤੇ ਇਮਾਨਦਾਰ ਪੱਤਰਕਾਰ ਬਲਦੇਵ ਸਿੰਘ ਦੇਵ ਸਰਾਭਾ ਦੀ ਭੈਣ ਦੇ ਲੱਗੀ ਸਿਰ ਵਿੱਚ ਸੱਟ ਤੇ ਇਨਸਾਫ਼ ਨਹੀਂ ਦੇ ਸਕਦੇ ਤਾਂ ਉਹ ਆਮ ਇਨਸਾਨ ਨਾਲ ਕਿੱਥੇ ਇਨਸਾਫ਼ ਕਰਦੇ ਹੋਣਗੇ। ਡਾ: ਲਵਪ੍ਰੀਤ ਸਿੰਘ ਮੁੱਲਾਪੁਰ ਵੱਲੋਂ ਕੀਤੀ ਸਾਰੀ ਵਧੀਕੀ ਤੋਂ ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੂੰ ਜਾਣੂ ਕਰਵਾਇਆ ਅਤੇ ਲਿਖਤੀ ਦਰਖਾਸਤ ਵੀ ਦਿੱਤੀ ਗਈ। ਸਿਹਤ ਮੰਤਰੀ ਵੱਲੋਂ ਆਗੂਆਂ ਨੂੰ ਜਲਦ ਜਾਂਚ ਕਰਵਾ ਕੇ ਇਨਸਾਫ਼ ਦੇਣ ਦਾ ਭਰੋਸਾ ਦਿੱਤਾ।
ਫੋਟੋ : ਅਜਮੇਰ ਦੀਵਾਨਾ
