ਸਿੱਖਿਆ ਵਿਭਾਗ ਵਾਤਾਵਰਨ ਸੁਰੱਖਿਆ ਕਰਨ ਲਈ ਤਿਆਰ ਬਰ ਤਿਆਰ 

ਸਿੱਖਿਆ ਵਿਭਾਗ ਵਾਤਾਵਰਨ ਸੁਰੱਖਿਆ ਕਰਨ ਲਈ ਤਿਆਰ ਬਰ ਤਿਆਰ 

ਸਾਰੇ ਵਿਦਿਆਰਥੀ ਪੌਦੇ ਲਗਾਉਣਗੇ

ਸਿਰਫ ਪੌਦੇ ਲਗਾਉਣਾ ਹੀ ਨਹੀਂ ਸਗੋਂ ਉਹਨਾਂ ਦੀ ਸਾਂਭ ਸੰਭਾਲ ਵੀ ਜਰੂਰੀ ਹੈ :- ਸੁਖਵਿੰਦਰ ਸਿੰਘ

 

ਹੁਸ਼ਿਆਰਪੁਰ, ਪੰਜਾਬ ਵਿੱਚ ਇਸ ਵਾਰ ਗਰਮੀ ਨੇ ਨਵੇਂ ਰਿਕਾਰਡ ਕਾਇਮ ਕੀਤੇ ਹਨ। ਤੇਜ਼ ਗਰਮੀ ਨੇ ਸਾਨੂੰ ਰੁੱਖਾਂ ਅਤੇ ਪੌਦਿਆਂ ਦੀ ਮਹੱਤਤਾ ਨੂੰ ਵੀ ਸਮਝਾਇਆ ਹੈ। ਅਜਿਹੀ ਸਥਿਤੀ ਵਿੱਚ ਜ਼ਿਲ੍ਹਾ ਮੈਜਿਸਟਰੇਟ ਹੁਸ਼ਿਆਰਪੁਰ ਕੋਮਲ ਮਿੱਤਲ ਦੀਆਂ ਹਦਾਇਤਾਂ ਤਹਿਤ ਮਾਨਸੂਨ ਦੌਰਾਨ ਸਿੱਖਿਆ ਵਿਭਾਗ ਵੱਲੋਂ ਸਕੂਲੀ ਬੱਚਿਆਂ ਅਤੇ ਅਧਿਆਪਕਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ ਕਿ ਉਹ ਹੁਸ਼ਿਆਰਪੁਰ ਵਿੱਚ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਵਾਤਾਵਰਨ ਦੀ ਸੰਭਾਲ ਨੂੰ ਉਤਸ਼ਾਹਿਤ ਕਰਨ। ਇਸ ਤਹਿਤ ਸਕੂਲੀ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਬੂੱਟੇ ਲਗਾਉਣ ਦੀ ਮੁਹਿੰਮ ਵਿੱਚ ਬੱਚਿਆਂ ਦੇ ਨਾਲ-ਨਾਲ ਅਧਿਕਾਰੀ, ਸੰਸਥਾ ਮੁਖੀ ਅਤੇ ਅਧਿਆਪਕ ਵੀ ਭੂਮਿਕਾ ਨਿਭਾਉਣਗੇ। ਸਰਕਾਰੀ ਐਲੀਮੈਂਟਰੀ/ਮਿਡਲ ਸਕੂਲ ਛਾਉਣੀ ਕਲਾਂ ਹੁਸ਼ਿਆਰਪੁਰ ਵਿਖੇ ਬੂਟੇ ਲਗਾਉਂਦੇ ਹੋਏ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ

ਵਾਤਾਵਰਨ ਦੀ ਸੰਭਾਲ ਲਈ ਪਹਿਲਕਦਮੀ ਕਰਦਿਆਂ ਸਿੱਖਿਆ ਵਿਭਾਗ ਨੇ ਹਰੇਕ ਸਕੂਲ ਨੂੰ ਰੁੱਖ ਲਗਾਉਣ ਦਾ ਟੀਚਾ ਮਿਥਿਆ ਹੈ। ਇਸ ਨੂੰ ਪੂਰਾ ਕਰਨ ਲਈ ਸਕੂਲ ਮੁਖੀ ਦੀ ਭੂਮਿਕਾ ਅਹਿਮ ਹੋਵੇਗੀ। ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਇੱਕ-ਇੱਕ ਬੂਟਾ ਲਗਾਉਣਾ ਹੋਵੇਗਾ, ਜਦਕਿ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਅਨੁਸਾਰ ਬੂਟੇ ਲਗਾਉਣ ਦੀ ਜ਼ਿੰਮੇਵਾਰੀ ਦਿੱਤੀ ਜਾਵੇਗੀ। ਇਸ ਗੱਲ ਦਾ ਜਾਇਜ਼ਾ ਲਿਆ ਜਾਵੇਗਾ ਕਿ ਕਿਸ ਸਕੂਲ ਦੇ ਵਿਦਿਆਰਥੀਆਂ ਵੱਲੋਂ ਕਿੰਨੇ ਬੂਟੇ ਲਗਾਏ ਗਏ ਹਨ। ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਕਮਲਦੀਪ ਕੌਰ ਨੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਅਤੇ ਸਕੂਲ ਮੁਖੀਆਂ ਨੂੰ ਜ਼ਿੰਮੇਵਾਰੀ ਸੌਂਪਦਿਆਂ ਦੱਸਿਆ ਕਿ ਹੁਣ ਵਿਦਿਆਰਥੀਆਂ ਦੇ ਮਾਪੇ ਵੀ ਇਸ ਮੁਹਿੰਮ ਵਿੱਚ ਸ਼ਾਮਲ ਹੋਣਗੇ । ਹਰ ਕੋਈ ਹੁਣ ਬੂਟੇ ਲਗਾਉਣ ਅਤੇ ਉਨ੍ਹਾਂ ਨੂੰ ਵੱਡਾ ਕਰਨ ਦਾ ਪ੍ਰਣ ਲੈ ਰਿਹਾ ਹੈ। ਉਨ੍ਹਾਂ ਕਿਹਾ ਕਿ ਬੂਟੇ ਲਗਾਉਣ ਦੀ ਹੀ ਨਹੀਂ ਸਗੋਂ ਇਨ੍ਹਾਂ ਦੀ ਸਾਂਭ ਸੰਭਾਲ ਵੀ ਜ਼ਰੂਰੀ ਹੈ। ਸਾਡੀ ਜ਼ਿੰਮੇਵਾਰੀ ਸਿਰਫ਼ ਰੁੱਖ ਲਗਾਉਣ ਤੱਕ ਹੀ ਸੀਮਤ ਨਹੀਂ ਹੋਣੀ ਚਾਹੀਦੀ। ਉਨ੍ਹਾਂ ਲਈ ਰੁੱਖਾਂ ਦਾ ਪਾਲਣ ਪੋਸ਼ਣ ਵੀ ਜ਼ਰੂਰੀ ਹੈ । ਪਿੰਡ ਛਾਉਣੀ ਕਲਾ ਵਿੱਚ 200 ਬੂਟੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ। ਅੱਜ ਤੱਕ ਪਹਿਲੇ ਦਿਨ 21 ਬੂਟੇ ਲਗਾਏ ਜਾ ਚੁੱਕੇ ਹਨ। ਇਸ ਮੌਕੇ ਉਨ੍ਹਾਂ ਨਾਲ ਕੋਆਰਡੀਨੇਟਰ ਰਜਨੀਸ਼ ਕੁਮਾਰ ਗੁਲਿਆਨੀ, ਅਮਿਤ ਕੁਮਾਰ ਰਮਸਾ, ਮੁੱਖ ਅਧਿਆਪਕ ਰਵਿੰਦਰ ਕੁਮਾਰ ਪਾਠਕ, ਮੁੱਖ ਅਧਿਆਪਕਾ ਮੋਨਿਕਾ ਰਾਣੀ, ਰਜਵੰਤ ਕੌਰ, ਰਜਨੀ ਕੁਮਾਰੀ, ਰੀਤੂ ਦੇਵੀ, ਜੋਤਿਕਾ ਪ੍ਰਸਾਦ, ਸੰਦੀਪ ਕੌਰ, ਰਜਨੀਸ਼ ਸਰੀਨ, ਰੀਮਾ ਰਾਣੀ, ਸੀਮਾ ਰਾਣੀ ਆਦਿ ਹਾਜ਼ਰ ਸਨ ।

ਜੁਲਾਈ ਤੋਂ 15 ਅਗਸਤ ਤੱਕ ਬੂਟੇ ਲਗਾਉਣੇ ਹੋਣਗੇ

ਜ਼ਿਲ੍ਹਾ ਸਿੱਖਿਆ ਅਫ਼ਸਰ ਕਮਲਦੀਪ ਕੌਰ ਦਾ ਕਹਿਣਾ ਹੈ ਕਿ ਬੂਟੇ ਲਗਾਉਣ ਲਈ ਚੋਣ ਸਕੂਲ ਵਿੱਚ , ਖੇਡ ਮੈਦਾਨ, ਪਿੰਡ ਆਦਿ ਜਨਤਕ ਥਾਵਾਂ ’ਤੇ ਕੀਤੀ ਜਾ ਸਕਦੀ ਹੈ। ਇਸ ਕੰਮ ਵਿੱਚ ਪ੍ਰਾਈਵੇਟ ਸਕੂਲਾਂ ਦਾ ਵੀ ਸਹਿਯੋਗ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਜੰਗਲਾਤ ਵਿਭਾਗ ਵੱਲੋਂ ਹਰ ਸਾਲ ਲੱਖਾਂ ਬੂਟੇ ਲਗਾਏ ਜਾਂਦੇ ਹਨ ਅਤੇ ਵੰਡੇ ਜਾਂਦੇ ਹਨ। ਇਹ ਕੰਮ ਹਰ ਸਾਲ 1 ਜੁਲਾਈ ਤੋਂ ਮਾਨਸੂਨ ਸ਼ੁਰੂ ਹੋਣ ਨਾਲ ਸ਼ੁਰੂ ਹੋ ਜਾਂਦਾ ਹੈ। ਮਾਨਸੂਨ ਆ ਗਿਆ ਹੈ ਅਤੇ ਜ਼ਿਲ੍ਹੇ ਨੂੰ ਹਰਿਆ ਭਰਿਆ ਬਣਾਉਣ ਲਈ ਜੰਗਲਾਤ ਵਿਭਾਗ ਨੇ ਕਈ ਨਰਸਰੀਆਂ ਵਿੱਚ ਬੂਟੇ ਤਿਆਰ ਕੀਤੇ ਹਨ। ਇਹ ਬੂਟੇ ਜੰਗਲਾਤ ਵਿਭਾਗ ਵੱਲੋਂ ਸਿੱਖਿਆ ਵਿਭਾਗ ਨੂੰ ਮੁਫ਼ਤ ਵੰਡੇ ਜਾ ਰਹੇ ਹਨ।

 

ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਖਵਿੰਦਰ ਸਿੰਘ ਕੋਆਰਡੀਨੇਟਰ ਰਜਨੀਸ਼ ਕੁਮਾਰ ਗੁਲਿਆਨੀ ਨਾਲ ਸਰਕਾਰੀ ਸਕੂਲ ਛਾਉਣੀ ਕਲਾਂ ਹੁਸ਼ਿਆਰਪੁਰ ਵਿੱਚ ਬੂਟੇ ਲਗਾਉਂਦੇ ਹੋਏ।

Leave a Reply

Your email address will not be published. Required fields are marked *