11-12 ਜੂਨ ਆਦਿ ਧਰਮ ਮੰਡਲ ਦੇ ਸਥਾਪਨਾ ਦਿਵਸ ‘ਤੇ ਵਿਸ਼ੇਸ਼ ਲੇਖ
ਗ਼ਦਰੀ ਬਾਬਾ-ਗ਼ਦਰ ਪਾਰਟੀ ਦੇ ਮਹਾਨ ਜਰਨੈਲ ਆਦਿ ਧਰਮ ਮੰਡਲ ਦੇ ਬਾਨੀ ਬਾਬੂ ਮੰਗੂ ਰਾਮ ਜੀ ਮੁੱਗੋਵਾਲ

ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬਜਵਾੜਾ ਕਲਾਂ ਦੇ ਸ੍ਰੀ ਅਮੀ ਚੰਦ ਹਾਈ ਸਕੂਲ ਦੀ ਨੌਵੀਂ ਜਮਾਤ ਦੇ ਕਮਰੇ ਵਿਚ ਇੱਕ ਵਿਦਿਆਰਥੀ ਬਰਸਾਤ ਸਮੇਂ ਬਰਸਾਤੀ ਗੜ੍ਹਿਆਂ ਦੀ ਮਾਰ ਤੋਂ ਬਚਣ ਲਈ ਦਾਖਲ ਹੋਇਆ। ਉਸ ਦਾ ਸਰੀਰ ਭਾਰੀ ਗੜ੍ਹੇ ਨਾਲ ਬੁਰੀ ਤਰ੍ਹਾਂ ਟੁੱਟ ਭੱਜ ਗਿਆ ਸੀ। ਇਸ ਵਿਦਿਆਰਥੀ ਨੂੰ ਕਮਰੇ ਵਿਚ ਦਾਖਲ ਹੋਣ ਦਾ ਖਮਿਆਜ਼ਾ ਮਾਸਟਰ ਪੋਹਲੋ ਰਾਮ ਪਾਸੋਂ ਬੁਰੀ ਤਰ੍ਹਾਂ ਕੁੱਟਮਾਰ ਆਪਣੇ ਸਰੀਰ ਤੇ ਸਹਿ ਕੇ ਭੁਗਤਣਾ ਪਿਆ। ਇਸ ਵਿਦਿਆਰਥੀ ਦਾ ਕਸੂਰ ਸਿਰਫ ਇਹ ਸੀ ਕਿ ਉਹ ਅਛੂਤ ਮੰਨੀ ਜਾਂਦੀ ‘ਆਦਿ ਧਰਮੀ’ ਜਾਤੀ ਨਾਲ ਸਬੰਧ ਰੱਖਦਾ ਸੀ। ਸਵਰਨ ਜਾਤੀ ਦੇ ਬੱਚਿਆਂ ਵਾਲੀ ਇਸ ਜਮਾਤ ਦੇ ਕਮਰੇ ਵਿਚ ਬਰਸਾਤੀ ਗੜ੍ਹਿਆਂ ਤੋਂ ਬਚਣ ਲਈ ਦਾਖਲ ਹੋਣ ਦੀ ਜੁਅਰਤ ਕਰਨ ਬਦਲੇ ਉੱਚ-ਜਾਤੀ ਮਾਸਟਰ ਪੋਹਲੋ ਰਾਮ ਨੇ ਉਨ੍ਹਾਂ ਨੂੰ ਇਹ ਸਜ਼ਾ ਦਿੱਤੀ। ਇਹ ਘਟਨਾ ਅੰਗਰੇਜ਼ੀ ਰਾਜ ਸਮੇਂ ਕੋਈ 1900 ਦੇ ਇਰਦ-ਗਿਰਦ ਦੀ ਹੈ। ਨੀਵੀਂ ਆਦਿ ਧਰਮੀ ਜਾਤੀ ਦਾ ਇਹ ਵਿਦਿਆਰਥੀ ਮੁੜ ਸਕੂਲ ਨਹੀਂ ਗਿਆ। ਉਸ ਵਕਤ ਕੌਣ ਜਾਣਦਾ ਸੀ ਕਿ ਇਹੋ ਵਿਦਿਆਰਥੀ ਵੱਡਾ ਹੋ ਕੇ ਆਜ਼ਾਦੀ ਘੁਲਾਟੀਆ ਅਤੇ ‘ਗ਼ਦਰ ਪਾਰਟੀ’ ਦਾ ਨਿਧੱੜਕ ਆਗੂ ਬਾਬੂ ਮੰਗੂ ਰਾਮ ਮੁੱਗੋਵਾਲੀਆ ਦੇ ਨਾਂਅ ਨਾਲ ਮਸ਼ਹੂਰ ਹੋਵੇਗਾ।
1909 ਵਿਚ ਇਹ ਨੌਜੁਆਨ ਬਾਬੂ ਮੰਗੂ ਰਾਮ ਮੁੱਗੋਵਾਲੀਆ ਅਮਰੀਕਾ ਚਲਾ ਗਿਆ। ਭਾਰਤ ਦੇਸ਼ ਨੂੰ ਆਜ਼ਾਦ ਕਰਾਉਣ ਲਈ 1913 ਵਿਚ ‘ਗ਼ਦਰ ਪਾਰਟੀ’ ਬਣੀ ਅਤੇ ਲਾਲਾ ਹਰਦਿਆਲ ਜੀ ਦੀ ਪ੍ਰੇਰਨਾ ਸਦਕਾ ਗ਼ਦਰ ਪਾਰਟੀ ਵਿਚ ਸ਼ਾਮਿਲ ਹੋ ਗਿਆ। ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਬੜੇ ਉਤਸਾਹ ਅਤੇ ਸਰਗਰਮੀ ਨਾਲ ਗਤੀਵਿਧੀਆਂ ਵਿਚ ਹਿੱਸਾ ਲੈਣ ਲੱਗਿਆ। ਇਸ ਸਮੇਂ ਪਹਿਲਾ ਸੰਸਾਰ ਮਹਾਂਯੁੱਧ ਚੱਲ ਰਿਹਾ ਸੀ ਅਤੇ ਜਰਮਨੀਆਂ ਨੇ ਗ਼ਦਰ ਪਾਰਟੀ ਨੂੰ ਅੰਗਰੇਜ਼ਾਂ ਖਿਲਾਫ਼ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਸਹਿਯੋਗ ਦੇਣ ਦਾ ਵਾਅਦਾ ਕੀਤਾ। 1915 ਵਿਚ ਗ਼ਦਰ ਪਾਰਟੀ ਦੇ ਪ੍ਰੋਗਰਾਮ ਮੁਤਾਬਕ ਹਥਿਆਰਬੰਦ ਲੜ੍ਹਾਈ ਲਈ ਭਾਰਤ ਦੇ ਗ਼ਦਰੀਆਂ ਨੂੰ ਹਥਿਆਰ ਵੰਡਣ ਵਾਸਤੇ ਅਸਲਾ ਸਮੁੰਦਰੀ ਜਹਾਜ਼ ਰਾਹੀਂ ਦੇ ਕੇ ਬਾਬੂ ਮੰਗੂ ਰਾਮ ਮੁੱਗੋਵਾਲੀਆ ਅਤੇ ਉਨ੍ਹਾਂ ਦੇ 4 ਸਹਾਇਕ ਸਾਥੀਆਂ ਨੂੰ ਭਾਰਤ ਵੱਲ ਰਵਾਨਾ ਕੀਤਾ। ਇਨ੍ਹਾਂ ਗ਼ਦਰੀਆਂ ਨੇ ਆਪਣੇ ਫਰਜ਼ੀ ਨਾਂਅ ਰੱਖੇ ਹੋਏ ਸਨ ਅਤੇ ਜਿਨ੍ਹਾਂ ਵਿਚ ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਨੇ ਆਪਣਾ ਨਾਮ ਨਿਜ਼ਾਮੂਦੀਨ ਰੱਖਿਆ ਸੀ। ਪਰੰਤੂ ਅਮਰੀਕਾ ਤੋਂ ਰਵਾਨਾ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਅਮਰੀਕਾ ਵਿਚ ਗ੍ਰਿਫਤਾਰ ਕਰ ਲਿਆ ਗਿਆ ਅਤੇ ਜੁਰਮ ਵਜੋਂ ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਨੂੰ ਫਾਂਸੀ ਦੀ ਸਜ਼ਾ ਦਾ ਹੁਕਮ ਹੋਇਆ। ਫਾਂਸੀ ਵਾਲੇ ਦਿਨ ਤੋਂ ਪਹਿਲੀ ਰਾਤ ਜਰਮਨੀਆਂ ਦੀ ਮਦਦ ਦੇ ਨਾਲ ਇਹ ਗਦਰੀ ਯੋਧਾ ਜੇਲ੍ਹ ਵਿਚੋਂ ਭੱਜਣ ਵਿਚ ਕਾਮਯਾਬ ਹੋ ਗਿਆ। ਬਾਬਾ ਮੰਗੂ ਰਾਮ ਜੀ ਨੂੰ ਸਾਥੀਆਂ ਸਮੇਤ ਮਨੀਲਾ ਰਵਾਨਾ ਕਰ ਦਿੱਤਾ। ਸਮੁੰਦਰ ਵਿਚ ਭਾਰੀ ਤੂਫ਼ਾਨ ਕਾਰਨ ਉਨ੍ਹਾਂ ਦਾ ਸਮੁੰਦਰੀ ਜਹਾਜ਼ ਰਸਤਾ ਭਟਕ ਗਿਆ ਅਤੇ ਗਲਤੀ ਨਾਲ ਸਿੰਗਾਪੁਰ ਦੀ ਹੱਦ ਵਿਚ ਜਾ ਪੁੱਜਿਆ।
ਜਿੱਥੇ ਉਹਨਾਂ ਨੂੰ ਭਾਰਤ ਦੇਸ਼ ਦੇ ਗਦਾਰਾਂ ਨੇ ਪਛਾਣ ਲਿਆ ਅਤੇ ਮੁੜ ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਨੂੰ ਗ੍ਰਿਫਤਾਰ ਹੋਣਾ ਪਿਆ। ਇਨ੍ਹੀਂ ਦਿਨੀਂ ‘ਮਨੀਲਾ ਟਾਈਮਜ਼’ ਨਾਂਅ ਦੀ ਅਖਬਾਰ ਵਲੋਂ ਨਿਜ਼ਾਮੂਦੀਨ (ਬਾਬੂ ਮੰਗੂ ਰਾਮ ਮੁੱਗੋਵਾਲੀਆ) ਨੂੰ ਤੋਪਾਂ ਨਾਲ ਉਡਾਏ ਜਾਣ ਦੀ ਖ਼ਬਰ ਮੁੱਖ ਪੰਨੇ ‘ਤੇ ਸੁਰਖੀਆਂ ਵਿਚ ਛਪੀ। ਖੁਸ਼ਕਿਸਮਤੀ ਕਿ ਇਹ ਖ਼ਬਰ ਝੂਠੀ ਸੀ ਕਿਉਂਕਿ ਬਾਬੂ ਮੰਗੂ ਰਾਮ ਮੁੱਗੋਵੀਲਆ ਜੀ ਨੂੰ ਇੱਥੇ ਵੀ ਜਰਮਨੀਆਂ ਨੇ ਉਨ੍ਹਾਂ ਦੀ ਕਾਬਲੀਅਤ ਨੂੰ ਮੁੱਖ ਰੱਖਦੇ ਹੋਏ ਆਪਣੇ ਆਪ ਨੂੰ ਜੋਖ਼ਮ ਭਰੇ ਹਾਲਾਤਾਂ ਵਿਚ ਵੀ ਮਦਦ ਕਰਕੇ ਜੇਲ੍ਹ ਵਿਚੋਂ ਸਰੁੱਖਿਅਤ ਕੱਢ ਲਿਆ ਪਰੰਤੂ ਦੁੱਖ ਦੀ ਗੱਲ ਇਹ ਕਿ ਇਹ ਝੂਠੀ ਖ਼ਬਰ ਦਾ ਪਤਾ ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਦੇ ਪਰਿਵਾਰ ਨੂੰ ਲੱਗਿਆ ਤਾਂ ਉਨ੍ਹਾਂ ਨੇ ਕੁਝ ਸਮੇਂ ਬਾਅਦ ਬਾਬੂ ਮੁੰਗੂ ਰਾਮ ਮੁੱਗੋਵਾਲੀਆ ਜੀ ਦੀ ਪਤਨੀ ਬੀਬੀ ਪ੍ਰੇਮੀ ਜੀ ਨੂੰ ਉਨ੍ਹਾਂ ਦੇ ਸਭ ਤੋਂ ਛੋਟੇ ਭਰਾ ਗੰਗਾ ਰਾਮ ਜੀ ਦੇ ਘਰ ਬਿਠਾ ਦਿੱਤਾ (ਸ਼ਾਦੀ ਕਰ ਦਿੱਤੀ)। 1918 ਵਿਚ ਪਹਿਲਾ ਸੰਸਾਰ ਮਹਾਂਯੁੱਧ ਜਰਮਨਾਂ ਦੀ ਹਾਰ ਨਾਲ ਸਮਾਪਤ ਹੋ ਗਿਆ ਅਤੇ ਗ਼ਦਰ ਪਾਰਟੀ ਨੂੰ ਵੀ ਧੱਕਾ ਲੱਗਾ। 1922 ਵਿਚ ‘ਪ੍ਰਿੰਸ ਆਫ਼ ਵੇਲਜ਼’ ਦੁਨੀਆਂ ਦੇ ਦੌਰੇ ਸਮੇਂ ਮਨੀਲਾ ਪੁੱਜੇ। ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਵੀ ਇਸ ਸਮੇਂ ਮਨੀਲਾ ਵਿਚ ਸਨ। ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਦੇ ਗ਼ਦਰ ਪਾਰਟੀ ਦਾ ਸਰਗਰਮ ਆਗੂ ਹੋਣ ਕਾਰਨ ‘ਪ੍ਰਿੰਸ ਆਫ਼ ਵੇਲਜ਼’ ਨੂੰ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਾ ਹੋਵੇ ਦਾ ਖਤਰਾ ਮਹਿਸੂਸ ਕਰਦੇ ਹੋਏ ਬਾਬੂ ਜੀ ਨੂੰ ਮੁੜ 6 ਮਹੀਨੇ ਲਈ ਨਜ਼ਰਬੰਦ ਕਰ ਦਿੱਤਾ ਗਿਆ, ਇੰਨੀ ਵੱਡੀ ਤਾਕਤ ਦੇ ਮਾਲਕ ਸਨ ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ। ਇਸ ਤਰ੍ਹਾਂ ਰਿਹਾਈ ਤੋਂ ਬਾਅਦ ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ 1925 ਵਿਚ ਭਾਰਤ ਵਾਪਸ ਆਉਣ ਦਾ ਪ੍ਰੋਗਰਾਮ ਬਣਾਇਆ ਜਿਹੜਾ ਕਿ ਸ੍ਰੀਲੰਕਾ ਤੋਂ ਹੁੰਦੇ ਹੋਏ ਭਾਰਤ ਵਿਚ ਤਾਮਿਲਨਾਡੂ ਦੇ ਮਧੁਰਈ ਰਾਹੀਂ ਵਾਪਸ ਆਪਣੇ ਪਿੰਡ ਮੁੱਗੋਵਾਲ 25 ਦਸੰਬਰ 1925 ਨੂੰ ਲਗਭਗ ਸ਼ਾਮ 5 ਵਜੇ ਪਹੁੰਚੇ। ਪਿੰਡ ਆ ਕੇ ਬਾਬੂ ਮੰਗੂ ਰਾਮ ਮੁਗੱਵਾਲੀਆ ਜੀ ਨੇ ਆਦਿ ਧਰਮੀ ਔਰਤਾਂ ਨੂੰ ਖੇਤਾਂ ਤੋਂ ਚਾਰਾ ਲਿਆਉਣ ਸਮੇਂ ਹੋ ਰਹੇ ਸਰੀਰਕ ਅਤੇ ਮਾਨਸਿਕ ਸ਼ੋਸ਼ਨ ਦੀਆਂ ਘਟਨਾਵਾਂ ਦਾ ਪਤਾ ਚੱਲਦਿਆਂ ਹੀ ਪੁਰਾਣੇ ਜਖ਼ਮ ਹਰੇ ਹੋ ਗਏ ਅਤੇ ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਨੂੰ ਮੁੜ ਬਰਸਾਤੀ ਗੜ੍ਹਿਆਂ ਤੋਂ ਬਚਣ ਲਈ ਮਾਸਟਰ ਪੋਹਲੋ ਰਾਮ ਦੇ ਬਜਵਾੜੇ ਸਕੂਲ ਸ੍ਰੀ ਅਮੀ ਚੰਦ ਹਾਈ ਸਕੂਲ ਵਿਚ ਖੜ੍ਹਾ ਕਰ ਦਿੱਤਾ। ਜਿਥੇ ਉਨ੍ਹਾਂ ਦੀ ਛੂਤ-ਛੂਤ ਕਾਰਨ ਬੇਦਰਦੀ ਨਾਲ ਕੁੱਟਮਾਰ ਹੋਈ ਸੀ। ਉਨ੍ਹਾਂ ਅੰਦਰ ਤੂਫ਼ਾਨ ਉਠਿਆ ਕਿ ਉਹ ਅੰਗੇਰਜ਼ਾਂ ਦੇ ਖਿਲਾਫ਼ ਆਜ਼ਾਦੀ ਦੀ ਲੜਾਈ ਲੜ ਰਹੇ ਹਨ। ਪਰ ਉਨ੍ਹਾਂ ਦਾ ਆਪਣਾ ‘ਆਦਿ ਧਰਮੀ ਸਮਾਜ’ ਸਾਡੇ ਹੀ ਦੇਸ਼ ਵਿਚ ਛੂਆ-ਛਾਤ ਦੀ ਭੱਠੀ ਵਿਚ ਸੜ ਰਿਹਾ ਹੈ। ਦੇਸ਼ ਵਾਸੀ ਅੰਗੇਰਜ਼ਾਂ ਦੇ ਗ਼ੁਲਾਮ ਹਨ। ਪਰ ਅਸੀਂ ਨੀਵੀਆਂ ਜਾਤੀਆਂ/ਆਦਿ ਧਰਮੀ ਲੋਕ ਉੱਚ ਜਾਤੀਆਂ ਅਤੇ ਅੰਗਰੇਜ਼ਾਂ ਦੋਹਾਂ ਦੇ ਗੁਲਾਮ ਹਾਂ। ਸਾਨੂੰ ਇਨ੍ਹਾਂ ਨੂੰ ਦੋਹਾਂ ਪਾਸੋਂ ਆਜ਼ਾਦੀ ਦੀ ਲੋੜ ਹੈ।
ਪਿੰਡ ਪਹੁੰਚਦੇ ਹੀ ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਦੇ ਵਿਚਾਰਾਂ ਵਿਚ ਤੂਫ਼ਾਨ ਵਾਂਗ ਪਰਿਵਰਤਨ ਆਇਆ। ਉਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਨਾਲ-ਨਾਲ ਆਦਿ ਧਰਮੀਆਂ ਦੀ ਆਜ਼ਾਦੀ ਲਈ ਲੜਨ ਦੀ ਤਜਵੀਜ਼ ਗ਼ਦਰ ਪਾਰਟੀ ਦੇ ਸਨਫ੍ਰਾਂਸਿਸਕੋ ਵਿਖੇ ਸਥਿਤ ਹੈੱਡ ਕੁਆਰਟਰ ਨੂੰ ਲਿਖ ਭੇਜੀ ਜੋ ਕਿ ਪ੍ਰਵਾਨ ਚੜ੍ਹੀ। ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਦੀ ਦੂਸਰੀ ਸ਼ਾਦੀ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਵਾਂਦਰ ਜਟਾਣਾ ਦੀ ਬੀਬੀ ਬਿਸ਼ਨ ਕੌਰ ਨਾਲ ਕਰ ਦਿੱਤੀ ਗਈ। ਉਨ੍ਹਾਂ ਦੇ ਘਰ ਚਾਰ ਪੁੱਤਰ ਪੈਦਾ ਹੋਏ। ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਨੇ ਆਪਣੇ ਪਿੰਡ ਦੇ ਆਦਿ ਧਰਮੀਆਂ ਨੂੰ ਪੜ੍ਹਾਉਣ ਲਈ ਪਿੰਡ ਵਿਚ ‘ਆਦਿ ਧਰਮ ਸਕੂਲ’ ਨਾਂਅ ਦਾ ਸਕੂਲ ਖੋਲ੍ਹਿਆ। ਆਦਿ ਧਰਮੀਆਂ ਨੂੰ ਲਾਮਬੰਦ ਕਰਕੇ ਸੰਘਰਸ਼ ਵਿੱਢਣ ਲਈ ਆਪਣੇ ਪਿੰਡ ਮੁੱਗੋਵਾਲ ਵਿਖੇ 11-12 ਜੂਨ 1926 ਨੂੰ ਆਦਿ ਧਰਮੀਆਂ ਦੀ ਇੱਕ ਕਾਨਫਰੰਸ ਬੁਲਾ ਕੇ ‘ਆਦਿ ਧਰਮ ਮੰਡਲ’ ਦੀ ਸਥਾਪਨਾ ਕੀਤੀ ਅਤੇ ਆਦਿ ਧਰਮੀਆਂ ਨਾਲ ਹੋ ਰਹੀ ਨਫ਼ਰਤ, ਅਨਿਆਏ ਅਤੇ ਅੱਤਿਆਚਾਰ ਦੇ ਖਿਲਾਫ਼ ਕਈ ਮਤੇ ਪਾਸ ਕੀਤੇ ਅਤੇ ਮੰਗਾਂ ਰੱਖੀਆਂ।
ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਜੀ ਕੀ ਜੈ” , ”ਬੋਲੇ ਸੋ ਨਿਰਭੈ ਭਗਵਾਨ ਵਾਲਮੀਕਿ ਮਹਾਰਾਜ ਜੀ ਕੀ ਜੈ” ਪਾਸ ਅਤੇ ਵਿਸ਼ੇਸ਼ ਉਪਰਾਲੇ
ਸੰਨ 1926 ਈ. ਵਿਚ ਆਦਿ ਧਰਮ ਮੰਡਲ ਵਲੋਂ ਆਯੋਜਿਤ ਵਿਰਾਟ ਸਭਾ ਵਿਚ ਲਏ ਗਏ ਫੈਸਲੇ ਅਨੁਸਾਰ ਆਦਿ ਧਰਮ ਦੇ ਨਿਯਮ ਇਸ ਪ੍ਰਕਾਰ ਬਣਾਏ ਗਏਂ
(1) ਜਾਤੀ-ਆਦਿ ਧਰਮੀ (2) ਧਰਮ-ਆਦਿ ਧਰਮ ਅਤੇ ਸ਼ਬਦ ”ਸੋਹੰ” (3) ਧਰਮ ਗ੍ਰੰਥ-ਆਦਿ ਪ੍ਰਕਾਸ਼ (ਅਸੰਖ ਦੀਪ) (4) ਝੰਡਾ ”ਸੋਹੰ” ਚਿੰਨ੍ਹ ਵਾਲਾ ਗੂੜ੍ਹਾ ਸੰਗਤਰੀ ਰੰਗ (5) ਸਵਾਗਤਮ ਬੋਲ- ਮਿਲਦੇ ਸਮੇਂ ”ਜੈ ਗੁਰੂਦੇਵ ਕਹਿਕੇ ਸਵਾਗਤ ਕਰਨਾ (6) ਜੈ ਕਾਰਾ-ਸਮਾਜਿਕ ਅਤੇ ਧਾਰਮਿਕ ਸਭਾਵਾਂ ਵਿਚ ”ਜੋ ਬੈਲੇ ਸੋ ਨਿਰਭੈ-ਸ੍ਰੀ ਗੁਰੂ ਰਵਿਦਾਸ ਮਹਾਰਾਜ ਕੀ ਜੈ, ਸ੍ਰੀ ਗੁਰੂ ਵਾਲਮੀਕਿ ਮਹਾਰਾਜ ਕੀ ਜੈ, ਸ੍ਰੀ ਗੁਰੂ ਕਬੀਰ ਮਹਾਰਾਜ ਕੀ ਜੈ ਆਦਿ-ਆਦਿ (7) ਪਹਿਚਾਣ ਸੰਗਤਰੀ ਰੰਗ ਦੀ ਪਗੜੀ ਜਾਂ ਰੁਮਾਲ ਬੰਨ੍ਹਣਾ।
* 1900 ਦਾ ਇੰਤਕਾਲੇ ਇਰਾਜੀ ਕਾਨੂੰਨ ਖਤਮ ਕਰਵਾਇਆ ਜਿਸ ਨਾਲ ਅਛੂਤ ਅਤੇ ਗੈਰ ਮਰੂਸੀ ਲੋਕਾਂ ਨੂੰ ਜ਼ਮੀਨ ਖਰੀਦਣ ਦਾ ਹੱਕ ਮਿਲਿਆ।
* ਇੱਕ ਗੱਲ ਹੋਰ ਹੈ। ਉਹ ਇਹ ਹੈ ਕਿ ਪਹਿਲਾਂ ਇਨ੍ਹਾਂ ਗੁਰੂਆਂ ਨੂੰ ਭਗਤ ਕਿਹਾ ਜਾਂਦਾ ਸੀ। ਆਦਿ ਧਰਮ ਵਾਲਿਆਂ ਨੇ ਇਨ੍ਹਾਂ ਨੂੰ ਗੁਰੂ ਕਹਿ ਕੇ ਮਾਣ-ਸਤਿਕਾਰ ਦਿੱਤਾ।
* ਬਾਬੂ ਮੰਗੂ ਰਾਮ ਮੁੱਗੋਵਾਲੀਆ ਨੇ ਗੁਰੂ ਰਵਿਦਾਸ ਜੀ ਅਤੇ ਭਗਵਾਨ ਵਾਲਮੀਕਿ ਜੀ ਦੇ ਆਗਮਨ ਪੁਰਬ ‘ਤੇ ਸਰਕਾਰੀ ਛੁੱਟੀ ਮਨਜ਼ੂਰ ਕਰਵਾਈ।
* ਛੂਆ-ਛਾਤ ਨੂੰ ਖ਼ਤਮ ਕਰਨ ਲਈ ਯਤਨ ਕੀਤੇ। ਆਦਿ ਧਰਮੀ ਬੱਚਿਆਂ ਦੀਆਂ ਸਕੂਲਾਂ, ਕਾਲਜਾਂ ਦੀਆਂ ਫੀਸਾਂ ਮੁਆਫ਼ ਕਰਵਾਈਆਂ।
* ਰਈਯਤਨਾਮੇ ਜਾਂ ਰਜ਼ਤਨਾਮੇ ਖ਼ਤਮ ਕਰਵਾਏ ਅਤੇ ਆਦਿ ਧਰਮੀ ਘਰਾਂ ਦੇ ਮਾਲਕ ਬਣਾਏ।
* ਬੋਝਾ-ਬੇਗਾਰ ਬੰਦ ਕਰਵਾਈ।
* ਰਿਜ਼ਰਵੇਸ਼ਨ ਲੈ ਕੇ ਦਿੱਤੀ।
* ਵੋਟ ਦਾ ਹੱਕ ਲੈ ਕੇ ਦਿੱਤਾ ਅਤੇ ਡਿਸਟ੍ਰਿਕ ਬੋਰਡਾਂ ਅਤੇ ਅਸੈਂਬਲੀ ਦੇ ਮੈਂਬਰ ਭਾਵ ਐਮ.ਐਲ.ਏ. ਬਣਨ ਦੇ ਹੱਕ ਲੈ ਕੇ ਦਿੱਤੇ।
* ਪੁਲੀਸ ਅਤੇ ਫ਼ੌਜ ਵਿਚ ਭਰਤੀ ਖੁਲ੍ਹਵਾਈ।
* ਪੰਚਾਇਤ ਦੇ ਮੈਂਬਰ ਭਾਵ ਪੰਚ ਅਤੇ ਸਰਪੰਚ ਬਣਨ ਦਾ ਅਧਿਕਾਰ ਲੈ ਕੇ ਦਿੱਤਾ।
* ਅਛੂਤ ਕੌਮਾਂ ਨੂੰ ਆਪਸ ਵਿਚ ਭਾਈਚਾਰਾ ਅਤੇ ਰਿਸ਼ਤੇਦਾਰੀਆਂ ਕਾਇਮ ਕਰਨ ਦਾ ਸੰਦੇਸ਼ ਦਿੱਤਾ।
ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਨੇ ਸਿੰਧੂ ਘਾਟੀ ਦੀ ਸੱਭਿਅਤਾ ਦੇ ਦੁਖਾਂਤ ਨੂੰ ਗੰਭੀਰਤਾ ਨਾਲ ਲਿਆ। ਉਨ੍ਹਾਂ ਦਾ ਮੰਨਣਾ ਸੀ ਕਿ ਸਿੰਧੂ ਘਾਟੀ ਦੇ ਮਾਲਕ ਅਤੇ ਸਿਰਜਕ ਭਾਰਤ ਦੇ ਮੂਲ ਨਿਵਾਸੀ ਆਦਿ ਧਰਮੀ ਹਨ। ਆਦਿ ਧਰਮੀ ਹਿੰਦੂ ਨਹੀਂ ਹਨ ਬਲਕਿ ਦੇਸ਼ ਵਿਚ ਹਮਲਾਵਰਾਂ ਦੇ ਰੂਪ ਵਿਚ ਬਾਹਰੋਂ ਆਏ ਆਰੀਆ ਲੋਕਾਂ ਭਾਵ ਹਿੰਦੂ ਉੱਚ ਜਾਤੀ ਦੇ ਲੋਕਾਂ ਨੇ ਇਨ੍ਹਾਂ ਨੂੰ ਗ਼ੁਲਾਮ ਬਣਾ ਕੇ ਛੂਆ-ਛਾਤ ਦੇ ਸ਼ਿਕਾਰ ਬਣਾਇਆ ਹੈ। ਬਾਬੂ ਮੰਗ ੂ ਰਾਮ ਮੁਗੋਵਾਲੀਆ ਜੀ ਨੇ ਜਨਵਰੀ 1928 ਵਿਚ ‘ਰਾਇਲ-ਕਮਿਸ਼ਨ’, ਅਕਤੂਬਰ 1928 ਵਿਚ ਸਰ ਜੌਹਨ ‘ਸਾਇਮਨ ਕਮਿਸ਼ਨ’ ਅਤੇ ਅਪ੍ਰੈਲ 1930 ਵਿਚ ‘ਲੋਥੀਅਨ ਕਮੇਟੀ’ ਅੱਗੇ ਆਦਿ ਧਰਮੀ ਸਮਾਜ ਦਾ ਪੱਖ ਪੇਸ਼ ਕੀਤਾ। ਸਾਇਮਨ ਕਮਿਸ਼ਨ ਦੇ ਸਮੇਂ ਲਾਲਾ ਲਾਜਪਤ ਰਾਏ ਨੇ ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਨੂੰ ਸਾਇਮਨ ਕਮਿਸ਼ਨ ਅੱਗੇ ਪੇਸ਼ ਹੋ ਕੇ ਆਪਣਾ ਪੱਖ ਪੇਸ਼ ਕਰਨ ਤੋਂ ਜਬਰੀ ਰੋਕਣਾ ਚਾਹਿਆ ਤਾਂ ਹੱਥੋ ਪਾਈ ਦੌਰਾਨ ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਜ਼ਖਮੀ ਹੋ ਗਏ। 1930 ਵਿਚ ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਨੇ ਲਗਭਗ 10,000 ਆਦਿ ਧਰਮੀਆਂ ਨੂੰ ਲੈ ਕੇ ਲਾਹੌਰ ਦੇ ਵਿਚ ਉਸ ਸਮੇਂ ਦੇ ਸ਼ਾਸਕਾਂ ਨਾਲ ਮੀਟਿੰਗ ਕਰਕੇ ਕਿ ਅਸੀਂ ਹਿੰਦੂ ਨਹੀਂ ਆ ਸਾਡਾ ਧਰਮ ਆਦਿ ਧਰਮ ਹੈ ਅੰਗਰੇਜ਼ ਸਰਕਾਰ ਤੋਂ ਆਦਿ ਧਰਮ ਰਜਿਸਟਰਡ ਕਰਵਾ ਕੇ ਮਾਨਤਾ ਦਿਵਾਈ।
1931 ਦੀ ਮਰਦਮ-ਸ਼ੁਮਾਰੀ ਸਮੇਂ ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਨੇ ਆਦਿ ਧਰਮੀਆਂ ਨੂੰ ਕਿਹਾ ਉਹ ਆਪਣਾ ਧਰਮ ਹਿੰਦੂ ਨਹੀਂ ਬਲਕਿ ‘ਆਦਿ ਧਰਮ’ ਲਿਖਵਾਉਣ। ਇਸ ਸਮੇਂ ਅਛੂਤਾਂ ਦਾ ਧਰਮ ‘ਆਦਿ ਧਰਮ’ ਪ੍ਰਵਾਨ ਹੋਇਆ। ਮਰਦਮ ਸ਼ੁਮਾਰੀ ਦੌਰਾਨ ਪੰਜਾਬ ਦੇ ਚਾਰ ਲੱਖ ਅਠਾਰਾਂ ਹਜ਼ਾਰ, ਸੱਤ ਸੌ ਉਨਾਸੀ (4,18,779) ਆਦਿ ਧਰਮੀਆਂ ਨੇ ਆਪਣਾ ਧਰਮ ‘ਆਦਿ ਧਰਮ’ ਲਿਖਾਇਆ ਜੋ ਕਿ ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਦੀ ਸਖਤ ਘਾਲਣਾ ਦਾ ਸਿੱਟਾ ਅਤੇ ਉਨ੍ਹਾਂ ਦੀ ਲੋਕਪ੍ਰਿਯਤਾ ਵਜੋਂ ਸੀ। ਲੰਡਨ ਵਿਖੇ ਹੋਈਆਂ ਗੋਲਮੇਜ਼ ਕਾਨਫਰੰਸਾਂ ਦੌਰਾਨ ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਨੇ ਆਦਿ ਧਰਮੀਆਂ ਦੇ ਹੱਕ ਵਿਚ ਡਾ. ਅੰਬੇਡਕਰ ਜੀ ਨੂੰ ਪੂਰਾ ਸਾਥ ਦਿੱਤਾ। ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਨੇ ਲੰਡਨ ਨੂੰ ਤਾਰਾਂ ਭਿਜਵਾਈਆਂ ਕਿ ਆਦਿ ਧਰਮੀਆਂ ਦਾ ਨੁਮਾਇੰਦਾ ਮਹਾਤਮਾ ਗਾਂਧੀ ਨਹੀਂ ਬਲਕਿ ਡਾ. ਅੰਬੇਡਕਰ ਹੈ। 1932 ਦੀ ਗੋਲਮੇਜ਼ ਕਾਨਫਰੰਸ ਦੌਰਾਨ ਜਦੋਂ ਮਹਾਤਮਾ ਗਾਂਧੀ ਜੀ ਨੇ ਆਦਿ ਧਰਮੀਆਂ ਨੂੰ ਮਿਲ ਰਹੇ ਅਧਿਕਾਰਾਂ ਦੇ ਖਿਲਾਫ਼ ਪੂਨੇ ਦੀ ਯਰਵਦਾ ਜੇਲ੍ਹ ਵਿਚ ਮਰਨ ਵਰਤ ਰੱਖਿਆ ਤਾਂ ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਨੇ ਵੀ ਗਾਂਧੀ ਜੀ ਦੇ ਖਿਲਾਫ਼ ਅਤੇ ਆਦਿ ਧਰਮੀਆਂ ਦੇ ਹੱਕ ਵਿਚ ਸ਼ਿਮਲਾ ਵਿਖੇ ਮਰਨ ਵਰਤ ਰੱਖਿਆ ਜੋ ਕਿ ਗਾਂਧੀ ਜੀ ਦੇ ਵਰਤ ਨਾਲ ਹੀ ਖਤਮ ਹੋਇਆ ਅਤੇ 28 ਦਿਨ ਚੱਲਿਆ। ਬਾਬਾ ਮੰਗੂ ਰਾਮ ਮੁੱਗੋਵਾਲੀਆ ਜੀ ਸਦਕਾ ਆਦਿ ਧਰਮੀਆਂ ਨੂੰ ਮਿਲੇ ਅਧਿਕਾਰਾਂ ਅਧੀਨ 1937 ਦੀ ਪੰਜਾਬ ਅਸੰਬਲੀ ਚੋਣ ਵਿਚ ਆਦਿ ਧਰਮੀਆਂ ਨੂੰ ਰਿਜ਼ਰਵ ਹੋਈਆਂ 8 ਸੀਟਾਂ ਵਿਚੋਂ 7 ਉਤੇ ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਦੀ ਅਗਵਾਈ ਵਾਲੇ ‘ਆਦਿ-ਧਰਮ ਮੰਡਲ’ ਦੇ ਨੁਮਾਇੰਦੇ ਚੋਣ ਜਿੱਤਣ ਵਿਚ ਸਫ਼ਲ ਹੋਏ। ਅੱਠਵੇਂ ਕਾਂਗਰਸੀ ਐਮ.ਐਲ.ਏ. ਸ: ਮੂਲਾ ਸਿੰਘ ਵੀ ਆਦਿ ਧਰਮ ਮੰਡਲ ਵਿਚ ਸ਼ਾਮਿਲ ਹੋ ਗਏ। ਮੰਡਲ ਵਲੋਂ ਹਫ਼ਤਾਵਾਰੀ ਅਖ਼ਬਾਰ ‘ਆਦਿ-ਡੰਕਾ’ ਉਰਦੂ ਅਤੇ ਪੰਜਾਬੀ ਭਾਸ਼ਾ ਵਿਚ ਕੱਢਿਆ ਜਾਂਦਾ ਸੀ। ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਖ਼ੁਦ 1945 ਤੋਂ 1952 ਤੱਕ ਐਮ.ਐਲ.ਏ. ਰਹੇ। 1947 ਵਿਚ ਮੁਸਲਿਮਲੀਗੀਆਂ ਨੇ ਬਾਬੂ ਮੰਗੂ ਰਾਮ ਜੀ ਨੂੰ ਪਾਕਿਸਤਾਨ ਦੇ ਹੱਕ ਵਿਚ ਵੋਟ ਪਾਉਣ ਲਈ ਜ਼ੋਰ ਪਾਇਆ। ਪਰ ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਨੇ ਦੇਸ਼ ਭਗਤੀ ਦਾ ਸਬੂਤ ਦਿੰਦਿਆਂ ਇਨਕਾਰ ਕਰ ਦਿੱਤਾ। ‘ਦੀ ਪੰਜਾਬ ਲੈਂਡ ਏਲਾਈਨੇਸ਼ਨ ਐਕਟ’ ਅਨੁਸਾਰ ਆਦਿ ਧਰਮੀ ਜ਼ਮੀਨ ਦੇ ਮਾਲਕ ਨਹੀਂ ਸਨ ਬਣ ਸਕਦੇ। ਆਦਿ ਧਰਮੀਆਂ ਦਾ ਬਸੇਰਾ ਰਿਜ਼ਤਨਾਮੇ ਹੋਇਆ ਕਰਦਾ ਸੀ। ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਨੇ ਇਹ ਕਾਨੂੰਨ ਖਤਮ ਕਰਾਇਆ ਅਤੇ ਆਦਿ ਧਰਮੀਆਂ ਨੂੰ ਜ਼ਮੀਨਾਂ ਦੇ ਮਾਲਕ ਬਣਨ ਦਾ ਹੱਕ ਲੈ ਕੇ ਦਿੱਤਾ।
26 ਜਨਵਰੀ 1950 ਨੂੰ ਲਾਗੂ ਹੋਏ ਭਾਰਤੀ ਸੰਵਿਧਾਨ ਵਿਚ ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਵਲੋਂ 11-12 ਜੂਨ 1926 ਦੀ ਆਦਿ ਧਰਮੀ ਕਾਨਫਰੰਸ ਵੇਲੇ ਪਾਸ ਕੀਤੇ ਮਤਿਆਂ ਅਤੇ ਰੱਖੀਆਂ ਮੰਗਾਂ ਨੂੰ ਪ੍ਰਵਾਨ ਕਰ ਲਿਆ ਗਿਆ। 15 ਅਗਸਤ 1972 ਨੂੰ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਜੀ ਨੇ ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਨੂੰ ਸਵਤੰਤਰਤਾ ਸੰਗਰਾਮੀ ਮੰਨਦੇ ਹੋਏ ਤਾਮਰ ਪੱਤਰ ਸਨਮਾਨਿਤ ਕੀਤਾ ਅਤੇ 200 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਲਗਵਾਈ। 1976 ਵਿਚ ਆਦਿ ਧਰਮ ਮੰਡਲ ਦੀ ਗੋਲਡਨ ਜੁਬਲੀ ‘ਆਦਿ ਧਰਮ ਬ੍ਰਦਰਹੁੱਡ ਯੂ.ਕੇ.’ ਵਲੋਂ ਮਨਾਈ ਗਈ। ਇਸ ਸਬੰਧੀ ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਨੂੰ ਵਿਸ਼ੇਸ਼ ਤੌਰ ‘ਤੇ ਇੰਗਲੈਂਡ ਬੁਲਾਇਆ ਗਿਆ। ਜਿਨ੍ਹਾਂ ਵਿਚ ਮੁੱਖ ਤੌਰ ‘ਤੇ ਜਨਕ ਰਾਜ ਭਾਟੀਆ, ਮੰਗੂ ਰਾਮ ਜਸਪਾਲ (ਸੰਪਾਦਕ ਗੁਰੂ ਰਵਿਦਾਸ ਪੱਤ੍ਰਿਕਾ) ਹਰਬੰਸ ਲਾਲ ਹੀਰਾ, ਮਹਿੰਦਰ ਪਾਲ ਰੰਧਾਵਾ ਜੀ ਉਨ੍ਹਾਂ ਨੂੰ ਏਅਰਪੋਰਟ ਤੋਂ ਲੈ ਕੇ ਆਏ, ਰਾਮ ਪ੍ਰਕਾਸ਼ ਪਾਲ, , ਮਾਘੀ ਰਾਮ ਗੰਗੜ, ਬਾਬੂ ਸਵਰਨ ਚੰਦ ਸੰਧਵਾਂ, ਹਰਜੀਤ ਬੰਗਾ, ਭਗਤ ਰਾਮ ਰਾਜੂ ਭਾਮ, ਜੋਗਿੰਦਰ ਮਹੇ, ਚੈਨ ਰਾਮ ਮਹੇ, ਨਿਰਮਲ ਦਾਸ ਸਾਗਰਪੁਰੀਆ, ਮਹਿੰਦਰ ਰਾਮ ਰੰਧਾਵਾ, ਸ. ਭਾਗ ਰਾਮ ਸੰਧਵਾਂ, ਪਿਆਰਾ ਰਾਮ ਘਰਿਆਲਾ, ਹਰਬੰਸ ਲਾਲ ਕਾਲਕਾ ਆਦਿ ਨੇ ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਦਾ ਆਓ ਭਗਤ ਕਰਦਿਆਂ ਮਾਣ ਸਨਮਾਨ ਦਿੱਤਾ। ਉਸ ਉਪਰੰਤ ਆਦਿ ਧਰਮ ਯੂ.ਕੇ. ਵਾਲਿਆਂ ਵਿਚ ਆਦਿ ਧਰਮ ਨੂੰ ਪ੍ਰਫੁਲਿਤ ਕਰਨ ਲਈ ਕੈਪਟਨ ਬੀ.ਆਰ.ਨਈਅਰ, ਜਨਕ ਰਾਜ ਭਾਟੀਆ, ਮਹਿੰਦਰ ਸ਼ਾਹਪੁਰੀ, ਦਲਜੀਤ ਮੱਲ੍ਹ, ਜੀਤ ਸਿੰਘ, ਦੇਵ ਰਾਜ ਲੰਗਾਹ, ਅਮਰਜੀਤ ਗੁਰੂ ਆਦਿ ਬੜੇ ਉਤਸਾਹ ਅਤੇ ਸਰਗਰਮੀ ਨਾਲ ਸੇਵਾਵਾਂ ਨਿਭਾਅ ਰਹੇ ਹਨ।
ਆਖਿਰਕਾਰ 22 ਅਪ੍ਰੈਲ 1980 ਨੂੰ 94 ਸਾਲ 3 ਮਹੀਨੇ 8 ਦਿਨ ਦੀ ਉਮਰ ਵਿਚ ਪੀ.ਜੀ. ਆਈ ਚੰਡੀਗੜ੍ਹ ਵਿਖੇ ਇਨਸਾਨੀਅਤ ਦੀ ਆਜ਼ਾਦੀ ਦਾ ਰਾਖਾ, ਗ਼ਦਰ ਪਾਰਟੀ ਦਾ ਨਿਧੱੜਕ ਆਗੂ ਅਤੇ ਜਰਨੈਲ, ਆਦਿ ਧਰਮ ਮੰਡਲ ਦਾ ਬਾਨੀ ਬਾਬੂ ਮੰਗੂ ਰਾਮ ਮੁੱਗੋਵਾਲੀਆ ਸਰੀਰਕ ਤੌਰ ‘ਤੇ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਿਆ।
