ਵਾਅਦਿਆਂ ਤੋਂ ਪਲਟਣ ਵਾਲੇ ਲੋਕਤੰਤਰ ਦੇ ਹਤਿਆਰੇ

ਵਾਅਦਿਆਂ ਤੋਂ ਪਲਟਣ ਵਾਲੇ ਲੋਕਤੰਤਰ ਦੇ ਹਤਿਆਰੇ

ਬੋਲੇ ਰਾਕੇਸ਼ ਰਠੌਰ; ਭਗਵੰਤ ਮਾਨ ਨੇ ਬੇਅਦਬੀਆਂ ਦੇ ਮਾਮਲੇ ਚ ਇਨਸਾਫ ਦਾ ਨਾਅਰਾ ਲਾ ਕੇ ਹਥਿਆਈ ਸੱਤਾ, ਪਰ ਹੁਣ ਮੁੱਦਾ ਵਿਸਾਰਿਆ*

ਸੂਬੇ ਚ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਦਾ ਵਾਅਦਾ ਵੀ ਪੂਰਾ ਨਹੀਂ ਕਰ ਸਕੀ ਆਪ ਸਰਕਾਰ*

ਜਲੰਧਰ ਅਪ੍ਰੈਲ 26:(ਸੁਨੀਲ ਕੁਮਾਰ)ਲੋਕਤੰਤਰ ਤੇ ਸੰਵਿਧਾਨ ਨੂੰ ਉਨ੍ਹਾਂ ਲੋਕਾਂ ਤੋਂ ਹੀ ਖਤਰਾ ਹੁੰਦਾ ਹੈ ਜੋ ਚੋਣਾਂ ਚ ਪਹਿਲਾਂ ਝੂਠੇ ਵਾਅਦੇ ਕਰਦੇ ਹਨ, ਫਿਰ ਸੱਤਾ ਹਥਿਆਉਂਦੇ ਹਨ ਤੇ ਆਖਰ ਉਨ੍ਹਾਂ ਮੁੱਦਿਆਂ ਦੀ ਪਰਦਾਪੋਸ਼ੀ ਲਈ ਨਵੇਂ ਸਿਆਸੀ ਰਾਗ ਗਾਉਣੇ ਸ਼ੁਰੂ ਕਰ ਦਿੰਦੇ ਹਨ। ਇਹ ਸ਼ਾਬਦਿਕ ਹਮਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰੋਡ ਸ਼ੋਅਜ਼ ਦੌਰਾਨ ਗੁਰਦਾਸਪੁਰ ਤੇ ਅੰਮ੍ਰਿਤਸਰ ਚ ਲੋਕਤੰਤਰ ਤੇ ਸੰਵਿਧਾਨ ਨੂੰ ਖਤਰੇ ਸਬੰਧੀ ਦਿੱਤੇ ਬਿਆਨਾਂ ਉੱਤੇ ਟਿੱਪਣੀ ਕਰਦੇ ਹੋਏ ਪੰਜਾਬ ਭਾਜਪਾ ਦੇ ਮਹਾਂ ਮੰਤਰੀ ਰਾਕੇਸ਼ ਰਾਠੌਰ ਨੇ ਕੀਤਾ।

ਰਾਠੌਰ ਨੇ ਕਿਹਾ ਕਿ ਵੀਰਵਾਰ ਨੂੰ ਗੁਰਦਾਸਪੁਰ ਚ ਚੋਣ ਸਭਾ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਇਹ ਚੋਣ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਲੜੀ ਜਾ ਰਹੀ ਹੈ। ਲੋਕਾਂ ਨੂੰ ਧਰਮ ਤੇ ਜਾਤ ਪਾਤ ਦੇ ਝਾਂਸੇ ਚ ਆ ਕੇ ਵੋਟ ਨਹੀਂ ਪਾਉਣੀ ਚਾਹੀਦੀ। ਭਾਜਪਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਵਿਅੰਗ ਕਰਦੇ ਹੋਏ ਮਾਨ ਨੇ ਕਿਹਾ ਸੀ ਕਿ ਜੇਕਰ ਇਸ ਵਾਰ ਵੀ ਪਿਛਲੇ ਰੁਝਾਨ ਮੁਤਾਬਕ ਵੋਟ ਪਾਈ ਗਈ ਤਾਂ ਦੇਸ਼ ਚ ਤਾਨਾਸ਼ਾਹੀ ਆ ਜਾਵੇਗੀ।

 

ਰਾਕੇਸ਼ ਰਠੌਰ ਨੇ ਕਿਹਾ ਕਿ ਤਾਨਾਸ਼ਾਹੀ ਦਾ ਮਾਹੌਲ ਦੇਸ਼ ਵਿੱਚ ਨਹੀਂ ਸਗੋਂ ਪੰਜਾਬ ਵਿੱਚ ਵੇਖਿਆ ਜਾ ਸਕਦਾ ਹੈ, ਕਿਉਂਕਿ ਵਿਰੋਧੀ ਵਿਚਾਰਾਂ ਵਾਲੀ ਵਾਲੀਆਂ ਪਾਰਟੀਆਂ ਦੇ ਆਗੂਆਂ ਨੂੰ ਜੇਲ੍ਹਾਂ ਚ ਸੁੱਟਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ।

 

ਉਹਨਾਂ ਸਵਾਲ ਕੀਤਾ ਕਿ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਸੱਤਾ ਚ ਆਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਬੇਅਦਬੀ ਦੇ ਮਾਮਲਿਆਂ ਦੇ ਦੋਸ਼ੀਆਂ ਨੂੰ 24 ਘੰਟਿਆਂ ਦੌਰਾਨ ਸੀਖਾਂ ਪਿੱਛੇ ਭੇਜਿਆ ਜਾਵੇਗਾ, ਕੋਈ ਦੱਸ ਸਕਦਾ ਹੈ ਅੱਜ ਤਕ ਉਸ ਵਾਅਦੇ ਦਾ ਕੀ ਬਣਿਆ।

 

ਏਨਾ ਹੀ ਨਹੀਂ ਭਗਵੰਤ ਮਾਨ ਨੇ ਇਹ ਵੀ ਵਾਅਦਾ ਕੀਤਾ ਸੀ ਕਿ ਸੱਤਾ ਵਿੱਚ ਆਉਣ ਉੱਤੇ ਸੂਬੇ ਚੋਂ ਨਸ਼ਿਆਂ ਦੇ ਮੱਕੜਜਾਲ ਦਾ ਮੁਕੰਮਲ ਖਾਤਮਾ ਕਰ ਦਿੱਤਾ ਜਾਵੇਗਾ, ਜਦਕਿ ਹਕੀਕਤ ਇਹ ਹੈ ਕਿ ਮੌਜੂਦਾ ਸਰਕਾਰ ਬਣੀ ਨੂੰ ਦੋ ਸਾਲ ਹੋ ਚੁੱਕੇ ਹਨ ਤੇ ਅੱਜ ਵੀ ਪੰਜਾਬ ਚ ਹਰ ਰੋਜ਼ ਨਸ਼ਿਆਂ ਨਾਲ ਮੌਤਾਂ ਹੋ ਰਹੀਆਂ ਹਨ।

 

ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਅਪਰਾਧੀਆਂ ਦੀ ਪੁਸ਼ਤ ਪਨਾਹੀ ਕਰ ਰਹੀ ਹੈ, ਉਨ੍ਹਾਂ ਉੱਤੇ ਇਹ ਇਲਜ਼ਾਮ ਹੋਰ ਕੋਈ ਨਹੀਂ ਸਗੋਂ ਉਨ੍ਹਾਂ ਦੀ ਪਾਰਟੀ ਦੇ ਆਪਣੇ ਹੀ ਵਿਧਾਇਕ ਹੀ ਲਾ ਰਹੇ ਹਨ, ਜਿਸ ਦਾ ਇੱਕ ਵੀਡੀਓ ਪਿਛਲੇ ਦਿਨੀਂ ਹੀ ਵਾਇਰਲ ਹੋਇਆ ਹੈ।

 

ਪੰਜਾਬ ਭਾਜਪਾ ਦੇ ਮਹਾਂਮੰਤਰੀ ਰਾਕੇਸ਼ ਰਠੌਰ ਨੇ ਲੋਕਤੰਤਰ ਤੇ ਸੰਵਿਧਾਨ ਦੀ ਹੱਤਿਆ ਦੇ ਮੁੱਦੇ ਉੱਤੇ ਸੀਐਮ ਭਗਵੰਤ ਮਾਨ ਨੂੰ ਘੇਰਦਿਆਂ ਪੁੱਛਿਆ ਕਿ ਉਹ ਦੱਸਣ ਕਿ ਬੇਅਦਬੀ ਦੇ ਮੁੱਦੇ ਉੱਤੇ ਸੱਤਾ ਹਾਸਲ ਕਰ ਤੋਂ ਬਾਅਦ ਵੀ ਕਾਰਵਾਈ ਨਾ ਹੋਣਾ ਤੇ ਸੂਬੇ ਚ ਨਸ਼ਾ ਸਮਗਲਰਾਂ ਦੀ ਪੁਸ਼ਤ ਪਨਾਹੀ ਲੋਕਤੰਤਰ ਤੇ ਸੰਵਿਧਾਨ ਦੀ ਹੱਤਿਆ ਨਹੀਂ ਹੈ।

Leave a Reply

Your email address will not be published. Required fields are marked *