ਰਾਜਪੁਰਾ ਪੁਲਿਸ ਨੇ ਕੱਸਿਆ ਚੋਰਾਂ ਤੇ ਸ਼ਿਕੰਜਾ,ਮੋਟਰਸਾਈਕਲ-ਐਕਟਿਵਾ ਚੋਰੀ ਕਰਨ ਵਾਲੇ ਗਿਰੋਹ ਦੇ 4 ਮੈਂਬਰ ਕਾਬੂ, 5 ਵਾਹਨ ਬਰਾਮਦ

ਰਾਜਪੁਰਾ, 22 ਅਕਤੂਬਰ: ਬਿਊਰੋ
ਸ਼ਹਿਰ ਵਿੱਚ ਲਗਾਤਾਰ ਹੋ ਰਹੀਆਂ ਵਾਹਨ ਚੋਰੀਆਂ ਦੀਆਂ ਵਾਰਦਾਤਾਂ ਨੂੰ ਲੈ ਕੇ ਰਾਜਪੁਰਾ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਮੋਟਰਸਾਈਕਲ ਅਤੇ ਐਕਟਿਵਾ ਚੋਰੀ ਕਰਨ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇਹਨਾਂ ਕੋਲੋਂ ਚੋਰੀ ਦੇ 3 ਮੋਟਰਸਾਈਕਲ ਅਤੇ 3 ਐਕਟਿਵਾ ਬਰਾਮਦ ਕੀਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਟੀ ਥਾਣਾ ਦੇ ਐਸਐਚਓ ਸੁਮਿਤ ਮੋਰ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸ਼ਹਿਰ ਵਿੱਚ ਇਲਾਕਾ ਬੰਦੀ ਅਤੇ ਨਾਕਾਬੰਦੀ ਮੁਹਿੰਮ ਚਲਾਈ ਜਾ ਰਹੀ ਸੀ। ਇਸ ਦੌਰਾਨ ਫੋਕਲ ਪੁਆਇੰਟ ਚੌਂਕੀ ਇੰਚਾਰਜ ਸਤਨਾਮ ਸਿੰਘ ਦੀ ਅਗਵਾਈ ਹੇਠ ਲਗਾਏ ਗਏ ਨਾਕੇ ‘ਤੇ ਇੱਕ ਗੁਪਤ ਸੂਚਨਾ ਦੇ ਆਧਾਰ ‘ਤੇ 2 ਚੋਰੀ ਦੇ ਮੋਟਰਸਾਈਕਲਾਂ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ।
ਪੁਲਿਸ ਨੇ ਮਾਮਲਾ ਦਰਜ ਕਰਕੇ ਜਦੋਂ ਉਹਨਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ 5 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਲਿਆ ਤਾਂ ਸਖਤ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ ਹੋਏ। ਦੋਸ਼ੀਆਂ ਨੇ ਮੰਨਿਆ ਕਿ ਉਹਨਾਂ ਦਾ ਇੱਕ ਹੋਰ ਸਾਥੀ ਹੈ ਜਿਸ ਨੂੰ ਉਹ ਚੋਰੀ ਦਾ ਸਮਾਨ ਵੇਚਦੇ ਸਨ ਅਤੇ ਉਸ ਤੋਂ ਬਾਅਦ 2 ਹੋਰ ਸਾਥੀਆਂ ਨੂੰ ਵੀ ਗ੍ਰਿਫਤਾਰ ਕਰਕੇ ਇੱਕ ਹੋਰ ਮੋਟਰਸਾਈਕਲ ਅਤੇ 3 ਐਕਟਿਵਾ ਬਰਾਮਦ ਕੀਤੀਆਂ ਗਈਆਂ।
ਐਸਐਚਓ ਨੇ ਦੱਸਿਆ ਕਿ ਇਹ ਚਾਰੇ ਦੋਸ਼ੀ ਰਾਜਪੁਰਾ ਦੇ ਹੀ ਰਹਿਣ ਵਾਲੇ ਹਨ। ਪੁੱਛਗਿੱਛ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਗਿਰੋਹ ਰਾਤ ਦੇ ਸਮੇਂ ਬਣ ਰਹੀਆਂ ਨਵੀਆਂ ਇਮਾਰਤਾਂ ਵਿੱਚੋਂ ਬਿਜਲੀ ਦੀਆਂ ਤਾਰਾਂ ਦੀ ਵੀ ਚੋਰੀ ਕਰਦਾ ਸੀ।
ਐਸਐਚਓ ਸੁਮਿਤ ਮੋਰ ਨੇ ਦਾਅਵਾ ਕੀਤਾ ਕਿ ਜਲਦ ਹੀ ਇਹਨਾਂ ਤੋਂ ਚੋਰੀ ਦਾ ਸਮਾਨ ਖਰੀਦਣ ਵਾਲੇ ਵਿਅਕਤੀ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ। ਫਿਲਹਾਲ ਇਹਨਾਂ ਕੋਲੋਂ ਅੱਗੇ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।
