ਸ਼ਹੀਦ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੇ ਵਿਰੋਧ ‘ਚ ਹੁਸ਼ਿਆਰਪੁਰ ਹੋਇਆ ਮੁਕੰਮਲ ਬੰਦ
• ਸਿੱਖ, ਦਲਿਤ, ਕਿਸਾਨ, ਸਿਆਸੀ ਤੇ ਸਮਾਜਿਕ ਜਥੇਬੰਦੀਆਂ ਨੇ ਕੀਤਾ ਇੱਕਜੁੱਟਤਾ ਦਾ ਪ੍ਰਗਟਾਵਾ
• ਭੁਪਿੰਦਰ ਸਿੰਘ ਸੱਜਣ ਤੇ ਗੁਰਨਾਮ ਸਿੰਘ ਸਿੰਗੜੀਵਾਲਾ ਸਮੇਤ ਸਿੱਖ ਆਗੂਆਂ ਨੂੰ ਪੁਲਿਸ ਨੇ ਹਿਰਾਸਤ ‘ਚ ਲਿਆ
ਹੁਸ਼ਿਆਰਪੁਰ,15 ਅਕਤੂਬਰ (ਤਰਸੇਮ ਦੀਵਾਨਾ ) –

ਮਾਨਸਾ ਵਿਖੇ ਨਸ਼ਿਆਂ ਦੇ ਵਿਰੁੱਧ ਮੁਹਿੰਮ ਚਲਾ ਰਹੇ ਸਮਾਜਿਕ ਕਾਰਕੁਨ ਪਰਵਿੰਦਰ ਸਿੰਘ ਝੋਟੇ ਦੇ ਬੇਕਿਰਕ ਕਤਲ ਤੋਂ ਬਾਅਦ ਸਮੁੱਚੇ ਪੰਜਾਬ ਵਿੱਚ ਗੁੱਸੇ ਤੇ ਰੋਸ ਦੀ ਲਹਿਰ ਚੱਲ ਪਈ ਹੈ | ਸ਼ਰੇਆਮ ਚਲਦੇ ਲਾਈਵ ਵਿੱਚ ਡਰੱਗ ਮਾਫੀਆ ਵੱਲੋਂ ਕੀਤੇ ਗਏ ਇਸ ਕਤਲ ਨੇ ਸਮੁੱਚੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ | ਇਸ ਕਤਲ ਦੇ ਰੋਸ ਵਜੋਂ ਮਾਨਸਾ ਤੋਂ 15 ਅਕਤੂਬਰ ਨੂੰ ਦਿੱਤੀ ਗਈ ਪੰਜਾਬ ਬੰਦ ਦੇ ਸੱਦੇ ‘ਤੇ ਵੀਰਵਾਰ ਨੂੰ ਹੁਸ਼ਿਆਰਪੁਰ ਮੁਕੰਮਲ ਬੰਦ ਰਿਹਾ | ਮੁੱਖ ਤੌਰ ਤੇ ਇਸ ਬੰਦ ਦੇ ਸੱਦੇ ਨੂੰ ਅਕਾਲੀ ਦਲ ਵਾਰਸ ਪੰਜਾਬ ਦੇ ਨਾਲ ਨਾਲ਼ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸ਼੍ਰੋਮਣੀ ਅਕਾਲੀ ਦਲ ਬਾਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਸਿੱਖ, ਦਲਿਤ, ਕਿਸਾਨ, ਨਿਹੰਗ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਭਰਪੂਰ ਸਮਰਥਨ ਦਿੱਤਾ ਗਿਆ | ਸਮੂਹ ਜਥੇਬੰਦੀਆਂ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੇਲਵੇ ਰੋਡ ਹੁਸ਼ਿਆਰਪੁਰ ਵਿਖੇ ਇਕੱਤਰ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਰੋਸ ਮਾਰਚ ਕੀਤਾ ਅਤੇ ਬੰਦ ਦੇ ਸੱਦੇ ਦੇ ਬਾਵਜੂਦ ਖੁੱਲੀਆਂ ਬੈਂਕਾਂ, ਕੁੱਝ ਨਿੱਜੀ ਸਕੂਲਾਂ ਅਤੇ ਹੋਰ ਅਦਾਰਿਆਂ ਨੂੰ ਬੰਦ ਕਰਵਾਇਆ | ਅੱਜ ਸਵੇਰ ਸਾਰ ਹੀ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਸੁੰਨਮਸਾਨ ਪਸਰੀ ਰਹੀ ਤੇ ਹੁਸ਼ਿਆਰਪੁਰ ਸ਼ਹਿਰ ਦੇ ਦੁਕਾਨਦਾਰਾਂ ਵੱਲੋਂ ਆਪ ਮੁਹਾਰੇ ਹੀ ਇਸ ਬੰਦ ਦੇ ਸੱਦੇ ਨੂੰ ਸਮਰਥਨ ਦਿੰਦਿਆਂ ਪਰਵਿੰਦਰ ਸਿੰਘ ਝੋਟੇ ਦੇ ਬੇਕਿਰਕ ਕਤਲ ਦੇ ਰੋਸ ਵੱਜੋਂ ਆਪਣੇ ਕਾਰੋਬਾਰੀ ਅਦਾਰੇ ਬੰਦ ਰੱਖੇ ਗਏ | ਇਸ ਮੌਕੇ ਆਪਣੇ ਸੰਬੋਧਨ ਵਿੱਚ ਸਿੱਖ ਜਥੇਬੰਦੀਆਂ ਦੇ ਆਗੂ ਭਾਈ ਰਣਵੀਰ ਸਿੰਘ ਬੈਂਸਤਾਨੀ, ਨਿਹੰਗ ਬਾਬਾ ਗੁਰਪ੍ਰੀਤ ਸਿੰਘ ਚੀਮਾ ਅਰਬਾਂ ਖਰਬਾਂ ਦਲ, ਅਨਿਲ਼ ਬਾਘਾ ਤੇ ਹੋਰ ਆਗੂਆਂ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਕਾਰਕੁਨਾਂ ਦੇ ਯੋਜਨਾਬੱਧ ਢੰਗ ਨਾਲ ਕਤਲ ਕੀਤੇ ਜਾ ਰਹੇ ਹਨ ਜੋ ਨਿਸ਼ਚੇ ਹੀ ਸਰਕਾਰੀ ਅਤੇ ਡਰੱਗ ਮਾਫੀਆ ਦੇ ਇਸ਼ਾਰਿਆਂ ‘ਤੇ ਹੀ ਹੋ ਰਹੇ ਹਨ ਇਸ ਮਾਮਲੇ ਵਿੱਚ ਪੁਲਿਸ ਵਿੱਚ ਸ਼ਾਮਿਲ ਕਾਲੀਆਂ ਭੇਡਾਂ ਮੁੱਖ ਰੋਲ ਅਦਾ ਕਰ ਰਹੀਆਂ ਹਨ। ਜਿਸ ਕਾਰਨ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਜਿਸ ਕਾਰਨ ਲੋਕਾਂ ਵਿੱਚ ਰੋਸ ਦੀ ਲਹਿਰ ਸਮੁੱਚੇ ਪੰਜਾਬ ਵਿੱਚ ਫੈਲ ਗਈ ਹੈ ਪਰ ਨਸ਼ਿਆਂ ਦੀ ਅਮਰ ਵੇਲ ਤੋਂ ਦੁਖੀ ਹੋਏ ਪੰਜਾਬ ਵਾਸੀ ਹੁਣ ਜਾਗ ਪਏ ਹਨ ਜਿਸ ਨੇ ਲੋਕ ਲਹਿਰ ਦਾ ਰੂਪ ਧਾਰ ਲਿਆ ਹੈ | ਆਗੂਆਂ ਨੇ ਕਿਹਾ ਕਿ ਸ਼ਹੀਦ ਪਰਵਿੰਦਰ ਸਿੰਘ ਝੋਟੇ ਦੇ ਕਾਤਲਾਂ ਨੂੰ ਸਜ਼ਾਵਾਂ ਦਵਾਉਣ ਅਤੇ ਪਰਿਵਾਰ ਦੇ ਨਾਲ ਇੱਕ ਜੁੱਟਤਾ ਦਾ ਪ੍ਰਗਟਾਵਾ ਕਰਨ ਲਈ ਹੀ ਅੱਜ ਮੁਕੰਮਲ ਬੰਦ ਰਖਿਆ ਗਿਆ ਹੈ। ਉਨ੍ਹਾਂ ਸਮੁੱਚੇ ਜ਼ਿਲ੍ਹਾ ਵਾਸੀਆਂ ਨੂੰ ਆਪਸੀ ਵਖਰੇਵਾਂ ਤੋਂ ਪਾਸੇ ਹੋ ਕੇ ਇੱਕਜੁੱਟ ਹੋ ਕੇ ਇਸ ਪੰਜਾਬ ਬੰਦ ਦੌਰਾਨ ਹੁਸ਼ਿਆਰਪੁਰ ਬੰਦ ਨੂੰ ਮੁਕੰਮਲ ਤੌਰ ‘ਤੇ ਕਾਮਯਾਬ ਬਣਾਉਣ ਲਈ ਧੰਨਵਾਦ ਕੀਤਾ ਤਾਂ ਜੋ ਅੰਨੀ ਬੋਲੀ ਸਰਕਾਰ ਦੀਆਂ ਅੱਖਾਂ ਖੋਲੀਆਂ ਜਾ ਸਕਣ ਅਤੇ ਨਸ਼ਾ ਤਸਕਰਾਂ ਤੇ ਡਰੱਗ ਮਾਫੀਆ ਦੀ ਪੁਸਤ ਪਨਾਹੀ ਰੋਕੀ ਜਾ ਸਕੇ |
ਸਿੱਖ ਆਗੂ ਲਏ ਹਿਰਾਸਤ ਵਿੱਚ :
ਇਸੇ ਦੌਰਾਨ ਹੀ ਨਸ਼ਾ ਵਿਰੋਧੀ ਕਾਰਕੁਨ ਸ਼ਹੀਦ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਅਕਾਲੀ ਦਲ ਵਾਰਸ ਪੰਜਾਬ ਦੇ ਹਲਕਾ ਸ਼ਾਮ ਚੁਰਾਸੀ ਇੰਚਾਰਜ ਭਾਈ ਭੁਪਿੰਦਰ ਸਿੰਘ ਸੱਜਣ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਸਿੰਗੜੀਵਾਲਾ ਅਤੇ ਕੁੱਝ ਹੋਰ ਸਿੱਖ ਆਗੂਆਂ ਨੂੰ ਡੀਐਸਪੀ ਨਰਿੰਦਰ ਸਿੰਘ ਦੀ ਅਗਵਾਈ ਵਿੱਚ ਹੁਸ਼ਿਆਰਪੁਰ ਪੁਲਿਸ ਵੱਲੋਂ ਨਸਰਾਲਾ ਵਿਖ਼ੇ ਹਿਰਾਸਤ ਵਿੱਚ ਲੈ ਲਿਆ ਗਿਆ | ਜਿਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਸਿੰਗੜੀਵਾਲਾ ਨੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਗਾਉਂਦਿਆਂ ਗ੍ਰਿਫਤਾਰੀ ਦਿੱਤੀ | ਇਹਨਾਂ ਸਿੱਖ ਆਗੂਆਂ ਨੂੰ ਕੁਝ ਘੰਟਿਆਂ ਬਾਅਦ ਪੁਲਿਸ ਵੱਲੋਂ ਰਿਹਾ ਕਰ ਦਿੱਤਾ ਗਿਆ | ਜ਼ਿਕਰਯੋਗ ਹੈ ਕਿ ਅਕਾਲੀ ਦਲ ਵਾਰਸ ਪੰਜਾਬ ਦੇ ਇੱਕ ਵੱਖਰੇ ਗੁੱਟ ਵੱਲੋਂ ਆਪਣੇ ਤੌਰ ਤੇ ਗੁਰਦੁਆਰਾ ਕਲਗੀਧਰ ਚਰਨ ਪਾਵਨ ਹੁਸ਼ਿਆਰਪੁਰ ਤੋਂ ਆਪਣਾ ਰੋਸ ਪ੍ਰਦਰਸ਼ਨ ਸ਼ਾਮ 84 ਹਲਕਾ ਇੰਚਾਰਜ ਭੁਪਿੰਦਰ ਸਿੰਘ ਸੱਜਣ ਦੀ ਅਗਵਾਈ ਵਿੱਚ ਆਰੰਭ ਕੀਤਾ ਗਿਆ ਜੋ ਹੁਸ਼ਿਆਰਪੁਰ ਦੇ ਬਾਜ਼ਾਰਾਂ ਸਮੇਤ ਪਿਪਲਾਂਵਾਲਾ ਸਿੰਗੜੀ ਵਾਲਾ ਅਤੇ ਨਸਰਾਲਾ ਵਿਖ਼ੇ ਪਹੁੰਚਿਆ ਜਿੱਥੇ ਹੁਸ਼ਿਆਰਪੁਰ ਜਲੰਧਰ ਮੁੱਖ ਮਾਰਗ ਤੇ ਧਰਨੇ ਲਗਾ ਦਿੱਤਾ | ਜਿੱਥੇ ਕੁਝ ਸਮੇਂ ਬਾਅਦ ਹੁਸ਼ਿਆਰਪੁਰ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ | ਸਿੱਖ ਆਗੂਆਂ ਦਾ ਕਹਿਣਾ ਹੈ ਕਿ ਹਿਰਾਸਤ ਵਿੱਚ ਲੈਣ ਦੌਰਾਨ ਡੀਐਸਪੀ ਨਰਿੰਦਰ ਸਿੰਘ ਦਾ ਵਤੀਰਾ ਬੇਹੱਦ ਇਤਰਾਜਯੋਗ ਤੇ ਨਿੰਦਣਯੋਗ ਸੀ ਜੋ ਕਿ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਆਗੂਆਂ ਨੂੰ ਉਕਸਾਉਣ ਵਾਲਾ ਸੀ | ਇੱਕ ਆਗੂਆਂ ਨੇ ਮੰਗ ਕੀਤੀ ਕਿ ਪਬਲਿਕ ਪੋਸਟ ਤੇ ਤਾਇਨਾਤ ਅਧਿਕਾਰੀ ਡੀਐਸਪੀ ਨਰਿੰਦਰ ਸਿੰਘ ਦੇ ਇਸ ਵਤੀਰੇ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਵੇ | ਆਗੂਆਂ ਦਾ ਕਹਿਣਾ ਸੀ ਕਿ ਜੇਕਰ ਪੁਲਿਸ ਨੇ ਇਹੀ ਜੋਰ ਨਸ਼ੇ ਦੇ ਵਪਾਰੀਆਂ ਖਿਲਾਫ ਦਿਖਾਇਆ ਹੁੰਦਾ ਤਾਂ ਅੱਜ ਪੰਜਾਬ ਦੇ ਇਹ ਮੰਦਭਾਗੇ ਹਾਲਾਤ ਨਾ ਬਣਦੇ | ਇਸੇ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਹੁਸ਼ਿਆਰਪੁਰ ਫਗਵਾੜਾ ਰੋਡ ਬਾਈਪਾਸ ਜਾਮ ਕਰ ਦਿੱਤਾ ਗਿਆ ਇਸ ਰੋਸ ਪ੍ਰਦਰਸ਼ਨ ਵਿੱਚ ਪਿੰਡਾਂ ਤੋਂ ਆਏ ਵੱਖ ਵੱਖ ਕਿਸਾਨ ਮਜਦੂਰ ਜਥੇਬੰਦੀਆਂ ਦੇ ਆਗੂ ਸ਼ਾਮਿਲ ਹੋਏ ਜਿਨ੍ਹਾਂ ਨੇ ਨਸ਼ਿਆਂ ਦੇ ਵਿਰੋਧ ਵਿੱਚ ਜੰਗ ਲੜ ਰਹੇ ਪਹਿਲੇ ਸ਼ਹੀਦ ਪਰਵਿੰਦਰ ਸਿੰਘ ਝੋਟਾ ਦੇ ਬੇਕਿਰਕ ਕਤਲ ਦੇ ਰੋਸ ਵੱਜੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਇਸ ਦੌਰਾਨ ਮਾਨਸਾ ਦੇ ਸਮੁੱਚੇ ਪੁਲਿਸ ਪ੍ਰਸਾਸ਼ਨ ਨੂੰ ਤਬਦੀਲ ਕਰਨ ਸਮੇਤ ਐੱਸਐੱਸਪੀ ਤੇ ਡੀਐੱਸਪੀ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ ਗਈ | ਇਸ ਧਰਨਾ ਲੱਗਣ ਦੇ ਖਬਰ ਮਿਲਦਿਆਂ ਹੀ ਪੁਲਿਸ ਚੌਂਕੀ ਪੁਰਹੀਰਾਂ ਦੇ ਇੰਚਾਰਜ ਰਜੇਸ਼ ਕੁਮਾਰ ਮੌਕੇ ਤੇ ਪਹੁੰਚੇ ਅਤੇ ਉਹਨਾਂ ਦੀ ਪ੍ਰਦਰਸ਼ਨਕਾਰੀਆਂ ਨਾਲ ਤੂੰ ਤੂੰ ਮੈਂ ਮੈਂ ਹੋ ਗਈ ਪਰ ਇਸ ਦੇ ਬਾਵਜੂਦ ਧਰਨੇ ਪ੍ਰਦਰਸ਼ਨ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹ ਗਿਆ |
Views: 4
