ਸਪੈਸ਼ਲ ਓਲੰਪਿਕਸ ਭਾਰਤ ਦੀ ਏਜੀਐਮ ਵਿੱਚ ਪੰਜਾਬ ਦਾ ਸ਼ਾਨਦਾਰ ਪ੍ਰਦਰਸ਼ਨ ਚਾਰ ਸ਼੍ਰੇਣੀਆਂ ਵਿੱਚ ਪੁਰਸਕਾਰ ਜਿੱਤ ਕੇ ਬਣਾਇਆ ਰਿਕਾਰਡ

ਹੁਸ਼ਿਆਰਪੁਰ, 7 ਅਕਤੂਬਰ (ਤਰਸੇਮ ਦੀਵਾਨਾ)
ਸਪੈਸ਼ਲ ਓਲੰਪਿਕਸ ਭਾਰਤ (ਐਸ.ਓ.ਬੀ.) ਦੀ ਨਵੀਂ ਦਿੱਲੀ ਵਿਖੇ ਹੋਈ ਸਾਲਾਨਾ ਆਮ ਸਭਾ (ਏ.ਜੀ.ਐਮ.) ਵਿੱਚ ਪੰਜਾਬ ਚੈਪਟਰ ਨੇ ਸ਼ਾਨਦਾਰ ਉਪਲਬਧੀ ਹਾਸਲ ਕਰਦਿਆਂ ਚਾਰ ਵੱਖ-ਵੱਖ ਸ਼੍ਰੇਣੀਆਂ ਵਿੱਚ ਪੁਰਸਕਾਰ ਪ੍ਰਾਪਤ ਕੀਤੇ। ਪੰਜਾਬ ਨੂੰ ਦੇਸ਼ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ ਸਭ ਤੋਂ ਵੱਧ ਚਾਰ ਸ਼੍ਰੇਣੀਆਂ ਵਿੱਚ ਸਨਮਾਨ ਮਿਲਿਆ। ਇਸ ਉਪਲਬਧੀ ਨਾਲ ਪੰਜਾਬ ਦੀ ਪੂਰੀ ਟੀਮ ਵਿੱਚ ਖੁਸ਼ੀ ਦੀ ਲਹਿਰ ਹੈ।
ਐਸ.ਓ.ਬੀ. ਪੰਜਾਬ ਦੇ ਪ੍ਰਧਾਨ ਸ੍ਰੀ ਅਸ਼ੋਕ ਅਰੋੜਾ ਅਤੇ ਏਰੀਆ ਡਾਇਰੈਕਟਰ ਪਰਮਜੀਤ ਸਿੰਘ ਸਚਦੇਵਾ ਨੇ ਏਜੀਐਮ ਵਿੱਚ ਪੰਜਾਬ ਦੀ ਨੁਮਾਇੰਦਗੀ ਕੀਤੀ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਕੇਂਦਰੀ ਖੇਡ ਮੰਤਰੀ ਦੀ ਪਤਨੀ ਸ੍ਰੀਮਤੀ ਗੀਤਾ ਮੰਡਾਵੀਆ, ਸਪੈਸ਼ਲ ਓਲੰਪਿਕਸ ਭਾਰਤ ਦੀ ਚੇਅਰਪਰਸਨ ਡਾ. ਮੱਲਿਕਾ ਨੱਡਾ ਅਤੇ ਜਨਰਲ ਸਕੱਤਰ ਡੀ.ਜੀ. ਚੌਧਰੀ ਸਮੇਤ ਹੋਰ ਅਹੁਦੇਦਾਰ ਮੌਜੂਦ ਸਨ।
ਪੰਜਾਬ ਨੂੰ ਜਿਨ੍ਹਾਂ ਚਾਰ ਸ਼੍ਰੇਣੀਆਂ ਵਿੱਚ ਪੁਰਸਕਾਰ ਮਿਲੇ, ਉਨ੍ਹਾਂ ਵਿੱਚ ਰਾਸ਼ਟਰੀ ਦਫ਼ਤਰ ਦੀਆਂ ਸਾਰੀਆਂ ਗਤੀਵਿਧੀਆਂ ਵਿੱਚ 100 ਫ਼ੀਸਦੀ ਭਾਗੀਦਾਰੀ, ਸਰਵੋਤਮ ਵਿੱਤੀ ਪ੍ਰਬੰਧਨ, ਐਸ.ਓ.ਬੀ. ਦੇ ਸਿਹਤ ਪ੍ਰੋਗਰਾਮ ਵਿੱਚ ਸ਼ਾਨਦਾਰ ਪ੍ਰਦਰਸ਼ਨ ਅਤੇ ਖਿਡਾਰੀਆਂ ਦੀ ਸਭ ਤੋਂ ਵੱਧ ਰਜਿਸਟ੍ਰੇਸ਼ਨ ਸ਼ਾਮਲ ਹਨ।
ਇਸ ਉਪਲਬਧੀ ’ਤੇ ਪਰਮਜੀਤ ਸਿੰਘ ਸਚਦੇਵਾ ਨੇ ਪੂਰੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਨਮਾਨ ਕਿਸੇ ਇੱਕ ਵਿਅਕਤੀ ਦਾ ਨਹੀਂ, ਸਗੋਂ ਪੂਰੀ ਟੀਮ ਦੀ ਮਿਹਨਤ ਅਤੇ ਸਹਿਯੋਗ ਦਾ ਨਤੀਜਾ ਹੈ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਸਪੋਰਟਸ ਡਾਇਰੈਕਟਰ ਮਨਦੀਪ ਬਰਾੜ ਵੱਲੋਂ ਰਾਸ਼ਟਰੀ ਦਫ਼ਤਰ ਦੀਆਂ ਸਾਰੀਆਂ ਗਤੀਵਿਧੀਆਂ ਵਿੱਚ ਪੰਜਾਬ ਦੀ ਭਾਗੀਦਾਰੀ ਯਕੀਨੀ ਬਣਾਉਣ, ਪ੍ਰੋਗਰਾਮ ਮੈਨੇਜਰ ਉਮਾ ਸ਼ੰਕਰ ਦੇ ਯੋਗਦਾਨ ਅਤੇ ਵੱਧ ਤੋਂ ਵੱਧ ਖਿਡਾਰੀਆਂ ਦੀ ਰਜਿਸਟ੍ਰੇਸ਼ਨ ਵਿੱਚ ਐਸ.ਐਸ.ਏ. ਦੇ ਸਹਿਯੋਗ ਦੀ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ ਕਿ ਪੰਜਾਬ ਨੇ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਹੈ, ਪਰ ਅਜੇ ਬਹੁਤ ਕੁਝ ਕਰਨਾ ਬਾਕੀ ਹੈ। ਭਵਿੱਖ ਦੀਆਂ ਯੋਜਨਾਵਾਂ ਨੂੰ ਲੈ ਕੇ ਜਲਦ ਹੀ ਐਸ.ਪੀ.ਐਮ.ਸੀ. ਦੀ ਮੀਟਿੰਗ ਕਰਕੇ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ, ਤਾਂ ਜੋ ਅਗਲੇ ਸਾਲ ਪੰਜਾਬ ਇਸ ਤੋਂ ਵੀ ਬਿਹਤਰ ਪ੍ਰਦਰਸ਼ਨ ਕਰ ਸਕੇ। ਇਸ ਮੌਕੇ ਟੀਮ ਦੇ ਸਾਰੇ ਮੈਂਬਰਾਂ ਦੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ ਗਈ।
ਫੋਟੋ
ਅਜਮੇਰ ਦੀਵਾਨਾ
