ਐਡਵੋਕੇਟ ਸਮੀਰ ਤੇਜ਼ੀ ਦੇ ਪਰਿਵਾਰ ਖ਼ਿਲਾਫ਼ ਦਰਜ ਕਰਾਸ ਕੇਸ ਦੇ ਵਿਰੋਧ ’ਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਮੁਕੰਮਲ ਹੜਤਾਲ
ਦਸੂਆ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਖ਼ਿਲਾਫ਼ ਵਕੀਲਾਂ ਵੱਲੋਂ ਰੋਸ ਮੁਜ਼ਾਹਰਾ, ਐਸਐਸਪੀ ਤੋਂ ਮਾਮਲੇ ’ਚ ਤੁਰੰਤ ਕਾਰਵਾਈ ਦੀ ਮੰਗ

ਹੁਸ਼ਿਆਰਪੁਰ, 24 ਸਤੰਬਰ (ਤਰਸੇਮ ਦੀਵਾਨਾ) – ਜ਼ਿਲ੍ਹਾ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਵੱਲੋਂ ਐਡਵੋਕੇਟ ਸਮੀਰ ਤੇਜ਼ੀ ਦੇ ਹੱਕ ਵਿੱਚ ਅੱਜ ਮੁਕੰਮਲ ਹੜਤਾਲ ਕਰਦਿਆਂ ਰੋਸ ਮੁਜ਼ਾਹਰਾ ਕੀਤਾ ਗਿਆ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ ਦੀ ਅਗਵਾਈ ਹੇਠ ਵਕੀਲਾਂ ਨੇ ਅਦਾਲਤੀ ਕੰਮਕਾਜ ਪੂਰੀ ਤਰ੍ਹਾਂ ਠੱਪ ਰੱਖਿਆ ਅਤੇ ਦਸੂਹਾ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ’ਤੇ ਇਤਰਾਜ਼ ਜਤਾਇਆ।
ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ ਨੇ ਦੱਸਿਆ ਕਿ 8/9/2026 ਨੂੰ ਦਸੂਹਾ ਤੋਂ ਆ ਰਹੇ ਐਡਵੋਕੇਟ ਸਮੀਰ ਤੇਜ਼ੀ ਦੇ ਘਰ ’ਤੇ ਕੁਝ ਵਿਅਕਤੀਆਂ ਵੱਲੋਂ ਕਥਿਤ ਤੌਰ ’ਤੇ ਜਾਨਲੇਵਾ ਹਮਲਾ ਕੀਤਾ ਗਿਆ, ਜਿਸ ਦੌਰਾਨ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੱਟਾਂ ਲੱਗੀਆਂ ਅਤੇ ਕਾਫ਼ੀ ਨੁਕਸਾਨ ਹੋਇਆ। ਉਨ੍ਹਾਂ ਕਿਹਾ ਕਿ ਵਕੀਲ ਭਾਈਚਾਰੇ ਵੱਲੋਂ ਕੀਤੀ ਗਈ ਜੱਦੋ-ਜਹਿਦ ਤੋਂ ਬਾਅਦ 13/9/2026 ਨੂੰ ਕਥਿਤ ਦੋਸ਼ੀਆਂ ਖ਼ਿਲਾਫ਼ ਗੈਰ-ਜ਼ਮਾਨਤੀ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ।
ਐਡਵੋਕੇਟ ਭਾਰਦਵਾਜ ਨੇ ਦੋਸ਼ ਲਗਾਇਆ ਕਿ ਇਸ ਤੋਂ ਬਾਅਦ ਦਸੂਹਾ ਦੇ ਵਿਧਾਇਕ ਕਰਮਬੀਰ ਸਿੰਘ ਘੁੰਮਣ ਨੇ ਕਥਿਤ ਤੌਰ ’ਤੇ ਦੋਸ਼ੀ ਧਿਰ ਦੇ ਹੱਕ ਵਿੱਚ ਦਖ਼ਲ ਦਿੰਦਿਆਂ ਐਡਵੋਕੇਟ ਸਮੀਰ ਤੇਜ਼ੀ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਕਰਾਸ ਕੇਸ ਦਰਜ ਕਰਵਾ ਦਿੱਤਾ। ਉਨ੍ਹਾਂ ਕਿਹਾ ਕਿ ਵਕੀਲ ਭਾਈਚਾਰੇ ਵੱਲੋਂ ਇਸ ਕਾਰਵਾਈ ਨੂੰ ਲੈ ਕੇ ਗੰਭੀਰ ਰੋਸ ਪ੍ਰਗਟ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਪਹਿਲੇ ਮਾਮਲੇ ਵਿੱਚ ਨਾਮਜ਼ਦ ਵਿਅਕਤੀਆਂ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ ਵਕੀਲਾਂ ਵਿੱਚ ਰੋਸ ਹੈ। ਇਸੇ ਦੇ ਵਿਰੋਧ ਵਜੋਂ ਅੱਜ ਪੂਰੇ ਜ਼ਿਲ੍ਹੇ ਵਿੱਚ ਅਦਾਲਤੀ ਕੰਮਕਾਜ ਬੰਦ ਰੱਖਿਆ ਗਿਆ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸਮੁੱਚੀ ਕਾਰਜਕਾਰਨੀ ਨੇ ਐਸਐਸਪੀ ਹੁਸ਼ਿਆਰਪੁਰ ਤੋਂ ਮਾਮਲੇ ਵਿੱਚ ਤੁਰੰਤ ਦਖ਼ਲ ਦੇ ਕੇ ਕਾਨੂੰਨ ਅਨੁਸਾਰ ਕਾਰਵਾਈ ਕਰਨ ਅਤੇ ਕਥਿਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਲੋੜੀਂਦੇ ਕਦਮ ਚੁੱਕਣ ਦੀ ਮੰਗ ਕੀਤੀ।
ਇਸ ਮੌਕੇ ਬਾਰ ਐਸੋਸੀਏਸ਼ਨ ਦੇ ਸਕੱਤਰ ਪੁਨੀਤ ਇੰਦਰ ਸਿੰਘ ਕੰਗ, ਮੀਤ ਪ੍ਰਧਾਨ ਮਾਨਿਕ ਡੋਗਰਾ, ਮੀਤ ਪ੍ਰਧਾਨ ਗੁਰਪ੍ਰੀਤ ਕੌਰ, ਜੁਆਇੰਟ ਸਕੱਤਰ ਨੈਨਸੀ ਸ਼ਰਮਾ, ਐਡਵੋਕੇਟ ਪ੍ਰੀਤੀ ਜੱਸਲ, ਮਨਦੀਪ ਕੌਰ, ਲਵਪ੍ਰੀਤ ਸਿੰਘ, ਰਿਤਿਕਾ, ਚੇਤਨਾ ਕੁਮਾਰਾ, ਅਕਸ਼ੇ ਸ਼ਰਮਾ, ਆਸ਼ੀਸ਼ ਵਰਮਾ, ਧਰੁਵ ਵਰਮਾ, ਹਿਤੇਸ਼ ਪੁਰੀ, ਬੀ.ਐਸ. ਰਿਆੜ, ਸਾਬਕਾ ਪ੍ਰਧਾਨ ਵਰਿੰਦਰ ਮੈਨਨ, ਮਨੋਜ ਸ਼ਰਮਾ, ਸਰਵਜੀਤ ਸਹੋਤਾ, ਰੋਹਿਤ ਸ਼ਰਮਾ, ਵੀ.ਕੇ. ਪ੍ਰਦੇਸੀ, ਨਿਰਵੈਰ ਸਿੱਧੂ, ਅਜੇ ਚੋਪੜਾ, ਸ਼ਿਬਮ ਸ਼ਰਮਾ, ਸੁਖਵਿੰਦਰ ਸਿੰਘ ਕੋਟਲੀ, ਰੋਹਿਤ ਸੇਠੀ ਸਮੇਤ ਵੱਡੀ ਗਿਣਤੀ ਵਿੱਚ ਵਕੀਲ ਹਾਜ਼ਰ ਸਨ।
ਫੋਟੋ ਅਜਮੇਰ ਦੀਵਾਨਾ
