Gen-Z ਨੂੰ ਸਿਆਸਤ ਦੀ ਸਹੀ ਦਿਸ਼ਾ ਦਿਖਾਏਗੀ ਸੰਜੀਵ ਤਲਵਾੜ ਦੀ ਕਿਤਾਬ: ਡਾ. ਦਲਜੀਤ ਚੀਮਾ

ਹੁਸ਼ਿਆਰਪੁਰ 22 ਸਤੰਬਰ ( ਤਰਸੇਮ ਦੀਵਾਨਾ )
– ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਲੇਖਕ ਸੰਜੀਵ ਤਲਵਾੜ ਦੀ ਨਵੀਂ ਕਿਤਾਬ ‘Gen-Z ਦੇਸ਼ ਦਾ ਭਵਿੱਖ ਜਾਂ ਸਿਆਸਤ ਦੇ ਮੂਹਰੇ’ ਦੀ ਸਮੀਖਿਆ ਕਰਦਿਆਂ ਕਿਹਾ ਕਿ ਇਹ ਕਿਤਾਬ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਰਾਜਨੀਤੀ ਦੀਆਂ ਚੁਣੌਤੀਆਂ, ਜ਼ਿੰਮੇਵਾਰੀਆਂ ਅਤੇ ਦੇਸ਼ ਦੇ ਭਵਿੱਖ ਵਿੱਚ ਆਪਣੀ ਭੂਮਿਕਾ ਸਮਝਣ ਲਈ ਮਾਰਗਦਰਸ਼ਨ ਦੇਵੇਗੀ। ਹੁਸ਼ਿਆਰਪੁਰ ਵਿਖੇ ਹੋਈ ਇਕੱਤਰਤਾ ਦੌਰਾਨ ਡਾ. ਚੀਮਾ ਨੇ ਕਿਹਾ ਕਿ ਨੌਜਵਾਨ ਕਿਸੇ ਵੀ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹੁੰਦੇ ਹਨ ਅਤੇ ਸਿਆਸਤ ਵਿੱਚ ਨਵੀਂ ਪੀੜ੍ਹੀ ਦੀ ਸਾਰਥਕ ਸ਼ਮੂਲੀਅਤ ਲੋਕਤੰਤਰ ਨੂੰ ਹੋਰ ਮਜ਼ਬੂਤ ਕਰਦੀ ਹੈ। ਉਨ੍ਹਾਂ ਕਿਹਾ ਕਿ ਸੰਜੀਵ ਤਲਵਾੜ ਨੇ ਆਪਣੀ ਕਿਤਾਬ ਰਾਹੀਂ Gen-Z ਪੀੜ੍ਹੀ ਦੇ ਸਿਆਸੀ ਅਤੇ ਸਮਾਜਿਕ ਸਰੋਕਾਰਾਂ ਨੂੰ ਵਿਚਾਰਨ ਦਾ ਮਹੱਤਵਪੂਰਨ ਉਪਰਾਲਾ ਕੀਤਾ ਹੈ। ਡਾ. ਚੀਮਾ ਨੇ ਕਿਹਾ ਕਿ ਸਿਆਸਤ ਨੂੰ ਸਿਰਫ਼ ਸੱਤਾ ਦਾ ਸਾਧਨ ਨਹੀਂ, ਬਲਕਿ ਲੋਕ ਸੇਵਾ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਵਜੋਂ ਸਮਝਣ ਦੀ ਲੋੜ ਹੈ। ਇਹ ਕਿਤਾਬ ਰਾਜਨੀਤੀ ਵਿੱਚ ਆਉਣ ਦੇ ਇੱਛੁਕ ਨੌਜਵਾਨਾਂ ਲਈ ਵਿਚਾਰ ਅਤੇ ਮਾਰਗਦਰਸ਼ਨ ਦਾ ਇੱਕ ਉਪਯੋਗੀ ਸਰੋਤ ਬਣ ਸਕਦੀ ਹੈ। ਇਸ ਮੌਕੇ ਲੇਖਕ ਸੰਜੀਵ ਤਲਵਾੜ ਨੇ ਡਾ. ਦਲਜੀਤ ਚੀਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਿਤਾਬ ਦਾ ਉਦੇਸ਼ ਨੌਜਵਾਨਾਂ ਨੂੰ ਰਾਜਨੀਤੀ ਪ੍ਰਤੀ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਦੇਸ਼ ਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਬਾਰੇ ਸੋਚਣ ਲਈ ਪ੍ਰੇਰਿਤ ਕਰਨਾ ਹੈ।
ਫੋਟੋ ਅਜਮੇਰ ਦੀਵਾਨਾ
