ਪੰਜਾਬ ਵਿੱਚ ਪੁਲਿਸ ਮੁਲਾਜ਼ਮ ਹੀ ਸੁਰੱਖਿਅਤ ਨਹੀਂ ਤਾਂ ਆਮ ਲੋਕਾਂ ਦੀ ਸੁਰੱਖਿਆ ਤਾ ਫੇਰ ਰੱਬ ਆਸਰੇ ਹੀ ਹੈ : ਕੁਲਵਿੰਦਰ ਸਿੰਘ ਜੰਡਾ

ਪੰਜਾਬ ਵਿੱਚ ਪੁਲਿਸ ਮੁਲਾਜ਼ਮ ਹੀ ਸੁਰੱਖਿਅਤ ਨਹੀਂ ਤਾਂ ਆਮ ਲੋਕਾਂ ਦੀ ਸੁਰੱਖਿਆ ਤਾ ਫੇਰ ਰੱਬ ਆਸਰੇ ਹੀ ਹੈ : ਕੁਲਵਿੰਦਰ ਸਿੰਘ ਜੰਡਾ

ਹੁਸ਼ਿਆਰਪੁਰ, 19 ਸਤੰਬਰ (ਤਰਸੇਮ ਦੀਵਾਨਾ)

ਅੰਮ੍ਰਿਤਸਰ ਦੇ ਭਗਤਾਂਵਾਲਾ ਅਨਾਜ ਮੰਡੀ ਇਲਾਕੇ ਵਿੱਚ ਪੀਸੀਆਰ ਡਿਊਟੀ ਦੌਰਾਨ ਏਐਸਆਈ ਹਰਜੀਤ ਸਿੰਘ ਦੀ ਗੋਲੀ ਮਾਰ ਕੇ ਕੀਤੀ ਗਈ ਹੱਤਿਆ ਦੀ ਸਖ਼ਤ ਨਿੰਦਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਕੌਮੀ ਮੀਤ ਪ੍ਰਧਾਨ ਅਤੇ ਸੱਭਿਆਚਾਰ ਸੰਭਾਲ ਸੁਸਾਇਟੀ ਰਜਿ. ਪੰਜਾਬ ਦੇ ਪ੍ਰਧਾਨ ਮਾਸਟਰ ਕੁਲਵਿੰਦਰ ਸਿੰਘ ਜੰਡਾ ਨੇ ਘਟਨਾ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਮਾਸਟਰ ਕੁਲਵਿੰਦਰ ਸਿੰਘ ਜੰਡਾ ਨੇ ਕਿਹਾ ਕਿ ਡਿਊਟੀ ’ਤੇ ਤਾਇਨਾਤ ਪੁਲਿਸ ਅਧਿਕਾਰੀ ਦੀ ਇਸ ਤਰ੍ਹਾਂ ਗੋਲੀ ਮਾਰ ਕੇ ਹੱਤਿਆ ਹੋ ਜਾਣਾ ਪੰਜਾਬ ਦੀ ਕਾਨੂੰਨ ਵਿਵਸਥਾ ਅਤੇ ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ ਸਬੰਧੀ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਕਿਹਾ ਕਿ ਅਪਰਾਧੀਆਂ ਅੰਦਰ ਕਾਨੂੰਨ ਦਾ ਡਰ ਕਾਇਮ ਰੱਖਣਾ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਹੈ, ਪਰ ਲਗਾਤਾਰ ਵਾਪਰ ਰਹੀਆਂ ਹਿੰਸਕ ਘਟਨਾਵਾਂ ਨੇ ਸਰਕਾਰ ਦੇ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕੀਤੇ ਹਨ।

ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਪੁਲਿਸ ਦਾ ਇੱਕ ਅਧਿਕਾਰੀ ਆਪਣੀ ਡਿਊਟੀ ਨਿਭਾਉਂਦਿਆਂ ਹੀ ਸੁਰੱਖਿਅਤ ਨਹੀਂ ਹੈ ਤਾਂ ਆਮ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਕੀਤੇ ਜਾ ਰਹੇ ਦਾਅਵਿਆਂ ਦੀ ਹਕੀਕਤ ਬਾਰੇ ਸਰਕਾਰ ਨੂੰ ਪੰਜਾਬ ਦੀ ਜਨਤਾ ਨੂੰ ਸਪੱਸ਼ਟ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ’ਤੇ ਸਿਰਫ਼ ਬਿਆਨਬਾਜ਼ੀ ਕਰਨ ਦੀ ਬਜਾਏ ਸਰਕਾਰ ਨੂੰ ਅਪਰਾਧੀਆਂ ਵਿਰੁੱਧ ਸਖ਼ਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਕਰਨੀ ਚਾਹੀਦੀ ਹੈ।

ਮਾਸਟਰ ਜੰਡਾ ਨੇ ਕਿਹਾ ਕਿ ਸਾਲ 2026 ਦੌਰਾਨ ਪੁਲਿਸ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ। ਉਨ੍ਹਾਂ ਦੱਸਿਆ ਕਿ ਫਰਵਰੀ ਮਹੀਨੇ ਵਿੱਚ ਗੁਰਦਾਸਪੁਰ ਦੇ ਆਦੀਆਂ ਪਿੰਡ ਦੀ ਪੁਲਿਸ ਚੌਕੀ ’ਤੇ ਏਐਸਆਈ ਗੁਰਨਾਮ ਸਿੰਘ ਅਤੇ ਹੋਮਗਾਰਡ ਜਵਾਨ ਅਸ਼ੋਕ ਕੁਮਾਰ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਸੀ। ਇਸ ਤੋਂ ਬਾਅਦ ਮਈ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠਾ ਇਲਾਕੇ ਵਿੱਚ ਡਿਊਟੀ ’ਤੇ ਜਾਂਦੇ ਸਮੇਂ ਏਐਸਆਈ ਜੋਗਾ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹੁਣ ਏਐਸਆਈ ਹਰਜੀਤ ਸਿੰਘ ਦੀ ਹੱਤਿਆ ਨੇ ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਲੈ ਕੇ ਮੁੜ ਗੰਭੀਰ ਚਿੰਤਾ ਪੈਦਾ ਕਰ ਦਿੱਤੀ ਹੈ।

ਉਨ੍ਹਾਂ ਮੰਗ ਕੀਤੀ ਕਿ ਏਐਸਆਈ ਹਰਜੀਤ ਸਿੰਘ ਦੇ ਕਤਲ ਦੇ, ਮਾਮਲੇ ਦੀ ਡੂੰਘਾਈ ਨਾਲ ਅਤੇ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਪੁਲਿਸ ਮੁਲਾਜ਼ਮਾਂ ’ਤੇ ਵੱਧ ਰਹੇ ਹਮਲਿਆਂ ਦੇ ਕਾਰਨਾਂ ਦੀ ਸਮੀਖਿਆ ਕਰਕੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਪ੍ਰਭਾਵਸ਼ਾਲੀ ਸੁਰੱਖਿਆ ਪ੍ਰਬੰਧ ਕੀਤੇ ਜਾਣ।

ਮਾਸਟਰ ਕੁਲਵਿੰਦਰ ਸਿੰਘ ਜੰਡਾ ਨੇ ਕਿਹਾ ਕਿ ਪੰਜਾਬ ਦੇ ਪੁਲਿਸ ਮੁਲਾਜ਼ਮ ਅਤੇ ਆਮ ਨਾਗਰਿਕ ਦੋਵੇਂ ਹੀ ਸੁਰੱਖਿਅਤ ਮਾਹੌਲ ਦੇ ਹੱਕਦਾਰ ਹਨ। ਸਰਕਾਰ ਨੂੰ ਕਾਨੂੰਨ ਵਿਵਸਥਾ ਦੇ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਨਾ ਵਰਤਦਿਆਂ ਅਪਰਾਧੀਆਂ ਖ਼ਿਲਾਫ਼ ਸਖ਼ਤ ਕਾਰਵਾਈ ਯਕੀਨੀ ਬਣਾਉਣੀ ਚਾਹੀਦੀ ਹੈ।

Leave a Reply

Your email address will not be published. Required fields are marked *