ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਤਹਿਤ 82 ਫ਼ੀਸਦੀ ਐਨਿਊਮੇਰੇਸ਼ਨ ਫਾਰਮਾਂ ਦੀ ਡਿਜ਼ੀਟਾਈਜ਼ੇਸ਼ਨ ਮੁਕੰਮਲ

ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਤਹਿਤ 82 ਫ਼ੀਸਦੀ ਐਨਿਊਮੇਰੇਸ਼ਨ ਫਾਰਮਾਂ ਦੀ ਡਿਜ਼ੀਟਾਈਜ਼ੇਸ਼ਨ ਮੁਕੰਮਲ

ਸਾਲ 2003 ਦੀ ਵੋਟਰ ਸੂਚੀ ਨਾਲ ਮੈਪ ਨਾ ਹੋ ਸਕੇ ਕਰੀਬ 84 ਹਜ਼ਾਰ ਵੋਟਰਾਂ ਜਿਨ੍ਹਾਂ ਨੂੰ 13 ਅਗਸਤ ਤੋਂ ਬਾਅਦ ਨੋਟਿਸ ਜਾਰੀ ਕੀਤੇ ਜਾਣਗੇ

13 ਅਗਸਤ ਨੂੰ ਡਰਾਫਟ ਵੋਟਰ ਸੂਚੀ ਹੋਵੇਗੀ ਜਾਰੀ; 12 ਸਤੰਬਰ ਤੱਕ ਦਾਅਵੇ ਅਤੇ ਇਤਰਾਜ਼ ਕੀਤੇ ਜਾ ਸਕਣਗੇ

ਰੈਸ਼ਨਲਾਈਜ਼ੇਸ਼ਨ ਤੋਂ ਬਾਅਦ ਜ਼ਿਲ੍ਹੇ ਵਿੱਚ ਪੋਲਿੰਗ ਬੂਥਾਂ ਦੀ ਗਿਣਤੀ 838 ਤੋਂ ਵਧ ਕੇ 936 ਹੋਈ

ਡਰਾਫਟ ਸੂਚੀ ਤੋਂ ਬਾਹਰ ਰਹਿ ਗਏ ਵੋਟਰ ਆਪਣੇ ਦਾਅਵੇ ਅਤੇ ਇਤਰਾਜ਼ ਅਤੇ ਨਵੀਂ ਵੋਟ ਬਣਵਾਉਣ ਵਾਲੇ ਵੋਟਰ ਫਾਰਮ ਨੰਬਰ 6 ਅਤੇ ਸ਼ਿਫਟ ਹੋ ਗਏ ਵੋਟਰ ਫਾਰਮ ਨੰਬਰ 8 ਜ਼ਰੂਰ ਭਰ ਕੇ ਦੇਣ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 4 ਅਗਸਤ/ ਰੋਜ਼ਾਨਾਂ ਰਿਪੋਰਟਰ

ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਨੇ ਦੱਸਿਆ ਕਿ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਤਹਿਤ ਐਨਿਊਮੇਰੇਸ਼ਨ ਫਾਰਮ ਭਰਨ ਦਾ ਪੜਾਅ ਸਫ਼ਲਤਾਪੂਰਵਕ ਮੁਕੰਮਲ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਐਸ.ਆਈ.ਆਰ. ਤੋਂ ਪਹਿਲਾਂ ਜ਼ਿਲ੍ਹੇ ਵਿੱਚ ਕੁੱਲ 8,54,423 ਰਜਿਸਟਰਡ ਵੋਟਰ ਸਨ, ਜਿਨ੍ਹਾਂ ਵਿੱਚੋਂ 82 ਫ਼ੀਸਦੀ ਐਨਿਊਮੇਰੇਸ਼ਨ ਫਾਰਮ ਪ੍ਰਾਪਤ ਹੋਏ ਅਤੇ ਉਨ੍ਹਾਂ ਦੀ ਡਿਜ਼ੀਟਾਈਜ਼ੇਸ਼ਨ ਬੀ.ਐਲ.ਓਜ਼ ਵੱਲੋਂ ਮੁਕੰਮਲ ਕਰ ਲਈ ਗਈ ਹੈ। ਬਾਕੀ 1,53,714 ਫਾਰਮ (ਲਗਭਗ 18 ਫ਼ੀਸਦੀ) ਵੱਖ-ਵੱਖ ਕਾਰਨਾਂ ਕਰਕੇ ਡਿਜ਼ੀਟਾਈਜ਼ ਨਹੀਂ ਹੋ ਸਕੇ।

 

ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਖਰੜ ਵਿੱਚ ਕੁੱਲ 3,02,540 ਵੋਟਰਾਂ ਵਿੱਚੋਂ 81.61 ਫ਼ੀਸਦੀ ਫਾਰਮ ਡਿਜ਼ੀਟਾਈਜ਼ ਹੋਏ ਜਦਕਿ 18.39 ਫ਼ੀਸਦੀ ਫਾਰਮ ਡਿਜ਼ੀਟਾਈਜ਼ ਨਹੀਂ ਹੋ ਸਕੇ। ਮੋਹਾਲੀ ਹਲਕੇ ਵਿੱਚ ਕੁੱਲ 2,40,956 ਵੋਟਰਾਂ ਵਿੱਚੋਂ ਕਰੀਬ 80 ਫ਼ੀਸਦੀ ਫਾਰਮ ਡਿਜ਼ੀਟਾਈਜ਼ ਹੋਏ ਜਦਕਿ 20.02 ਫ਼ੀਸਦੀ ਫਾਰਮ ਡਿਜ਼ੀਟਾਈਜ਼ ਨਹੀਂ ਹੋਏ। ਇਸੇ ਤਰ੍ਹਾਂ ਡੇਰਾਬੱਸੀ ਹਲਕੇ ਵਿੱਚ ਕੁੱਲ 3,10,927 ਵੋਟਰਾਂ ਵਿੱਚੋਂ 84 ਫ਼ੀਸਦੀ ਫਾਰਮ ਡਿਜ਼ੀਟਾਈਜ਼ ਹੋਏ ਜਦਕਿ 16.03 ਫ਼ੀਸਦੀ ਫਾਰਮ ਡਿਜ਼ੀਟਾਈਜ਼ ਨਹੀਂ ਹੋ ਸਕੇ।

 

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜਿਹੜੇ ਲਗਭਗ 18 ਫ਼ੀਸਦੀ ਫਾਰਮ ਡਿਜ਼ੀਟਾਈਜ਼ ਨਹੀਂ ਹੋ ਸਕੇ, ਉਨ੍ਹਾਂ ਨੂੰ ਬੀ.ਐਲ.ਓਜ਼ ਵੱਲੋਂ ਗੈਰਹਾਜ਼ਰ, ਸਥਾਈ ਤੌਰ ‘ਤੇ ਤਬਦੀਲ ਹੋ ਚੁੱਕੇ, ਡੁਪਲੀਕੇਟ ਜਾਂ ਮ੍ਰਿਤਕ ਦੀਆਂ ਸ਼੍ਰੇਣੀਆਂ ਵਿੱਚ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ 21,772 ਮ੍ਰਿਤਕ ਵੋਟਰ ਸਾਹਮਣੇ ਆਏ ਹਨ, ਜੋ ਕੁੱਲ ਵੋਟਰਾਂ ਦਾ 2.55 ਫ਼ੀਸਦੀ ਬਣਦੇ ਹਨ। ਇਹ ਜਾਣਕਾਰੀ ਪਰਿਵਾਰਕ ਮੈਂਬਰਾਂ ਤੋਂ ਪ੍ਰਾਪਤ ਤਸਦੀਕ ਦੇ ਆਧਾਰ ‘ਤੇ ਦਰਜ ਕੀਤੀ ਗਈ ਹੈ।

 

ਉਨ੍ਹਾਂ ਦੱਸਿਆ ਕਿ 8.19 ਫ਼ੀਸਦੀ ਵੋਟਰ ਆਪਣੇ ਦਰਜ ਪਤੇ ਤੋਂ ਸਥਾਈ ਤੌਰ ‘ਤੇ ਤਬਦੀਲ ਹੋ ਚੁੱਕੇ ਹਨ, ਜਿਨ੍ਹਾਂ ਵਿੱਚ ਵਿਆਹ ਉਪਰੰਤ ਸਹੁਰੇ ਘਰ ਚਲੀਆਂ ਗਈਆਂ ਮਹਿਲਾਵਾਂ ਵੀ ਸ਼ਾਮਲ ਹੋ ਸਕਦੀਆਂ ਹਨ। ਇਸ ਤੋਂ ਇਲਾਵਾ 5.87 ਫ਼ੀਸਦੀ ਵੋਟਰ ਇਸ ਮੁਹਿੰਮ ਦੌਰਾਨ ਆਪਣੇ ਪਤੇ ‘ਤੇ ਨਹੀਂ ਮਿਲੇ, ਜਿਨ੍ਹਾਂ ਵਿੱਚ ਪ੍ਰਵਾਸੀ ਵੋਟਰ ਵੀ ਸ਼ਾਮਲ ਹੋ ਸਕਦੇ ਹਨ। ਇਸੇ ਤਰ੍ਹਾਂ ਲਗਭਗ ਇੱਕ ਫ਼ੀਸਦੀ (8,101) ਵੋਟਰਾਂ ਦੀਆਂ ਐਂਟਰੀਆਂ ਡੁਪਲੀਕੇਟ ਪਾਈਆਂ ਗਈਆਂ, ਜਿਨ੍ਹਾਂ ਨੇ ਆਪਣੇ ਪਹਿਲੇ ਸਥਾਨ ‘ਤੇ ਹੀ ਵੋਟ ਕਾਇਮ ਰੱਖਣ ਨੂੰ ਤਰਜੀਹ ਦਿੱਤੀ ਹੈ।

 

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 13 ਅਗਸਤ, 2026 ਨੂੰ ਡਰਾਫਟ ਵੋਟਰ ਸੂਚੀ ਜਾਰੀ ਕੀਤੀ ਜਾਵੇਗੀ। ਇਸ ਦੀ ਇੱਕ-ਇੱਕ ਕਾਪੀ ਹਰੇਕ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀ ਨੂੰ ਮੁਹੱਈਆ ਕਰਵਾਈ ਜਾਵੇਗੀ ਅਤੇ ਹਰੇਕ ਬੀ.ਐਲ.ਓ. ਕੋਲ ਵੀ ਆਪਣੇ ਪੋਲਿੰਗ ਬੂਥ ਨਾਲ ਸਬੰਧਤ ਡਰਾਫਟ ਵੋਟਰ ਸੂਚੀ ਉਪਲਬਧ ਹੋਵੇਗੀ।

 

ਉਨ੍ਹਾਂ ਦੱਸਿਆ ਕਿ 13 ਅਗਸਤ ਤੋਂ 12 ਸਤੰਬਰ, 2026 ਤੱਕ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ। ਇਸ ਦੌਰਾਨ ਕਰੀਬ 84 ਹਜ਼ਾਰ ਵੋਟਰ, ਜਿਨ੍ਹਾਂ ਦੀ ਐਸ.ਆਈ.ਆਰ. ਦੌਰਾਨ ਸਾਲ 2003 ਦੀ ਵੋਟਰ ਸੂਚੀ ਨਾਲ ਮੈਪਿੰਗ ਨਹੀਂ ਹੋ ਸਕੀ, ਉਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ। ਇਸ ਤੋਂ ਇਲਾਵਾ ਜਿਨ੍ਹਾਂ ਯੋਗ ਵਿਅਕਤੀਆਂ ਦਾ ਨਾਮ ਡਰਾਫਟ ਵੋਟਰ ਸੂਚੀ ਵਿੱਚ ਸ਼ਾਮਲ ਨਹੀਂ ਹੋਵੇਗਾ, ਉਹ ਵੀ ਆਪਣੇ ਦਾਅਵੇ ਅਤੇ ਇਤਰਾਜ਼ ਦਰਜ ਕਰਵਾ ਸਕਣਗੇ।

 

ਉਨ੍ਹਾਂ ਕਿਹਾ ਕਿ ਸਾਰੇ ਦਾਅਵੇ ਅਤੇ ਇਤਰਾਜ਼ 8 ਅਕਤੂਬਰ, 2026 ਤੱਕ ਸਬੰਧਤ ਵਿਧਾਨ ਸਭਾ ਹਲਕਿਆਂ ਦੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ (ਈ.ਆਰ.ਓਜ਼./ਐੱਸ.ਡੀ.ਐੱਮ.) ਵੱਲੋਂ ਨਿਪਟਾਏ ਜਾਣਗੇ। ਇਸ ਕਾਰਜ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਵਧੀਕ ਈ.ਆਰ.ਓਜ਼ ਵੀ ਤਾਇਨਾਤ ਕੀਤੇ ਗਏ ਹਨ। ਇਸ ਉਪਰੰਤ 12 ਅਕਤੂਬਰ, 2026 ਨੂੰ ਅੰਤਿਮ ਵੋਟਰ ਸੂਚੀ ਜਾਰੀ ਕੀਤੀ ਜਾਵੇਗੀ।

 

ਜ਼ਿਲ੍ਹਾ ਚੋਣ ਅਫ਼ਸਰ ਨੇ ਸਮੂਹ ਯੋਗ ਵੋਟਰਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਦਾ ਨਾਮ ਡਰਾਫਟ ਵੋਟਰ ਸੂਚੀ ਵਿੱਚ ਸ਼ਾਮਲ ਨਾ ਹੋਵੇ, ਉਹ ਨਿਰਧਾਰਤ ਸਮੇਂ ਦੌਰਾਨ ਆਪਣੇ ਦਾਅਵੇ ਅਤੇ ਇਤਰਾਜ਼ ਜ਼ਰੂਰ ਦਰਜ ਕਰਵਾਉਣ। ਉਨ੍ਹਾਂ ਕਿਹਾ ਕਿ ਨਵੀਂ ਵੋਟ ਬਣਵਾਉਣ ਲਈ ਫਾਰਮ ਨੰਬਰ-6 ਅਤੇ ਵੋਟ ਨੂੰ ਇੱਕ ਥਾਂ ਤੋਂ ਦੂਜੀ ਥਾਂ ਤਬਦੀਲ ਕਰਵਾਉਣ ਲਈ ਫਾਰਮ ਨੰਬਰ-8 ਭਰਿਆ ਜਾਵੇ। ਉਨ੍ਹਾਂ ਕਿਹਾ ਕਿ ਇਹ ਸਮੁੱਚੀ ਪ੍ਰਕਿਰਿਆ 13 ਅਗਸਤ ਤੋਂ 8 ਅਕਤੂਬਰ ਤੱਕ ਚੱਲੇਗੀ ਤਾਂ ਜੋ ਕੋਈ ਵੀ ਯੋਗ ਵੋਟਰ ਆਪਣੇ ਵੋਟ ਦੇ ਅਧਿਕਾਰ ਤੋਂ ਵਾਂਝਾ ਨਾ ਰਹੇ।

 

ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਰੈਸ਼ਨਲਾਈਜ਼ੇਸ਼ਨ ਦੀ ਪ੍ਰਕਿਰਿਆ ਪੂਰੀ ਕੀਤੀ ਗਈ ਹੈ, ਜਿਸ ਤਹਿਤ ਕਿਸੇ ਵੀ ਪੋਲਿੰਗ ਬੂਥ ‘ਤੇ ਵੋਟਰਾਂ ਦੀ ਗਿਣਤੀ 1,200 ਤੋਂ ਵੱਧ ਨਹੀਂ ਰਹੇਗੀ। ਇਸ ਪ੍ਰਕਿਰਿਆ ਦੌਰਾਨ ਰਾਜਨੀਤਿਕ ਪਾਰਟੀਆਂ ਅਤੇ ਬੂਥ ਲੈਵਲ ਏਜੰਟਾਂ (ਬੀ.ਐਲ.ਏਜ਼.) ਨਾਲ ਸਲਾਹ-ਮਸ਼ਵਰਾ ਕਰਨ ਉਪਰੰਤ ਜ਼ਿਲ੍ਹੇ ਵਿੱਚ ਪੋਲਿੰਗ ਬੂਥਾਂ ਦੀ ਗਿਣਤੀ 838 ਤੋਂ ਵਧਾ ਕੇ 936 ਕਰ ਦਿੱਤੀ ਗਈ ਹੈ।

 

ਉਨ੍ਹਾਂ ਦੱਸਿਆ ਕਿ ਰੈਸ਼ਨਲਾਈਜ਼ੇਸ਼ਨ ਤੋਂ ਬਾਅਦ ਖਰੜ ਵਿਧਾਨ ਸਭਾ ਹਲਕੇ ਵਿੱਚ ਪੋਲਿੰਗ ਬੂਥਾਂ ਦੀ ਗਿਣਤੀ 288 ਤੋਂ ਵਧ ਕੇ 324, ਮੋਹਾਲੀ ਵਿੱਚ 256 ਤੋਂ ਵਧ ਕੇ 283 ਅਤੇ ਡੇਰਾਬੱਸੀ

ਵਿੱਚ 294 ਤੋਂ ਵਧ ਕੇ 329 ਹੋ ਗਈ ਹੈ।

Leave a Reply

Your email address will not be published. Required fields are marked *