ਗੁਰਦਾਸਪੁਰ ਦਾ ਰੇਲਵੇ ਸਟੇਸ਼ਨ 19.26 ਕਰੋੜ ਰੁਪਏ ਖਰਚ ਕੇ ਬਣੇਗਾ ਆਧੁਨਿਕ ,

ਪ੍ਰਧਾਨ ਮੰਤਰੀ ਨੇ ਵਰਚੁਅਲ ਤਰੀਕੇ ਨਾਲ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ
ਗੁਰਦਾਸਪੁਰ 8ਅਗਸਤ (ਬਿਊਰੋ)ਕੇਂਦਰ ਸਰਕਾਰ ਵੱਲੋਂ ਅੰਮ੍ਰਿਤ ਭਾਰਤ ਯੋਜਨਾ ਦੇ ਤਹਿਤ ਦੇਸ਼ ਭਰ ਦੇ ਸੈਂਕੜਿਆਂ ਰੇਲਵੇ ਸਟੇਸ਼ਨਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਇਸ ਤਹਿਤ ਪੰਜਾਬ ਦੇ 16 ਸਟੇਸ਼ਨਾਂ ਦੀ ਚੋਣ ਕੀਤੀ ਗਈ ਹੈ। ਜਿਨ੍ਹਾਂ ਵਿੱਚੋਂ ਗੁਰਦਾਸਪੁਰ ਰੇਲਵੇ ਸਟੇਸ਼ਨ ਨੂੰ ਵੀ 19.26 ਕਰੋੜ ਰੁਪਏ ਖਰਚ ਕੇ ਆਧੁਨਿਕ ਬਣਾਇਆ ਜਾਵੇਗਾ। ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦੇ ਨਵੀਨੀਕਰਨ ਦਾ ਵਰਚੁਅਲ ਨੀਂਹ ਪੱਥਰ ਰੱਖਿਆ।ਇਸ ਮੌਕੇ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ਼ਿਵਬੀਰ ਰਾਜਨ, ਭਾਜਪਾ ਆਗੂ ਬਘੇਲ ਸਿੰਘ ਬਾਹੀਆ ਅਤੇ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਹਾਜ਼ਰ ਸਨ।
ਦੱਸ ਦੇਈਏ ਕਿ ਜ਼ਿਲ੍ਹਾ ਹੈੱਡਕੁਆਰਟਰ ਪਠਾਨਕੋਟ ਅਤੇ ਅੰਮ੍ਰਿਤਸਰ ਨੂੰ ਜੋੜਨ ਲਈ ਬ੍ਰਿਟਿਸ਼ ਸਰਕਾਰ ਵੱਲੋਂ ਬਣਾਇਆ ਗਿਆ ਗੁਰਦਾਸਪੁਰ ਰੇਲਵੇ ਸਟੇਸ਼ਨ ਇੱਕ ਸਦੀ ਬਾਅਦ ਬਦਲਣ ਜਾ ਰਿਹਾ ਹੈ। ਇਸ ਤਹਿਤ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀਡੀਓ ਕਾਨਫਰੰਸਿੰਗ ਰਾਹੀਂ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਮੌਕੇ ਕਰਵਾਏ ਪ੍ਰੋਗਰਾਮ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ਼ਿਵਬੀਰ ਸਿੰਘ ਰਾਜਨ ਅਤੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਿਸ਼ੇਸ਼ ਤੌਰ ’ਤੇ ਪੁੱਜੇ। । ਨਵੀਨੀਕਰਨ ਤਹਿਤ ਸਟੇਸ਼ਨ ‘ਤੇ ਹਰ ਤਰ੍ਹਾਂ ਦੀਆਂ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ। ਜ਼ਿਲ੍ਹਾ ਹੈੱਡਕੁਆਰਟਰ ਹੋਣ ਕਾਰਨ ਇੱਥੇ ਆਧੁਨਿਕ ਰੇਲਵੇ ਸਟੇਸ਼ਨ ਬਣਾਉਣ ਦੀ ਮੰਗ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ।
ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸਥਾਨਕ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ਕਿ ਬੇਸ਼ੱਕ ਉਹ ਕਾਂਗਰਸ ਪਾਰਟੀ ਨਾਲ ਸਬੰਧਤ ਹਨ ਅਤੇ ਇਹ ਪ੍ਰੋਗਰਾਮ ਕੇਂਦਰ ਨਾਲ ਸੰਬੰਧਿਤ ਭਾਜਪਾ ਸਰਕਾਰ ਦਾ ਹੈ ਪਰ ਫਿਰ ਵੀ ਉਹ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹਨ। ਵਿਕਾਸ ਕਿਸੇ ਵੱਲੋਂ ਵੀ ਕਰਵਾਇਆ ਗਿਆ ਹੋਵੇ, ਉਸ ਦੀ ਹਮੇਸ਼ਾ ਕਦਰ ਕੀਤੀ ਜਾਣੀ ਚਾਹੀਦੀ ਹੈ।
ਉੱਥੇ ਹੀ ਜਾਣਕਾਰੀ ਦਿੰਦਿਆ ਭਾਜਪਾ ਜਿਲਾ ਪ੍ਰਧਾਨ ਸਿਵਬੀਰ ਸਿੰਘ ਰਾਜਨ ਨੇ ਦੱਸਿਆ ਕਿ ਇਸ ਰੇਲਵੇ ਸਟੇਸ਼ਨ ਦੀ ਸਮੁੱਚੀ ਇਮਾਰਤ ਅਤੇ ਪਲੇਟਫਾਰਮ ਸਮੇਤ ਸਾਰੀਆਂ ਸਹੂਲਤਾਂ ਆਧੁਨਿਕ ਤਕਨੀਕ ਨਾਲ ਲੈਸ ਹੋਣਗੀਆਂ। ਸਭ ਤੋਂ ਵੱਡੀ ਗੱਲ ਇਹ ਹੋਵੇਗੀ ਕਿ ਹੁਣ ਇੱਥੇ ਦੋ ਵੱਡੇ ਪਲੇਟਫਾਰਮ ਬਣਾਏ ਜਾਣਗੇ ਤਾਂ ਜੋ ਇੱਥੇ ਆਉਣ ਵਾਲੀਆਂ ਟਰੇਨਾਂ ਨੂੰ ਪਲੇਟਫਾਰਮ ‘ਤੇ ਰੋਕਿਆ ਜਾ ਸਕੇ ਅਤੇ ਯਾਤਰੀ ਆਸਾਨੀ ਨਾਲ ਟਰੇਨ ‘ਚ ਚੜ੍ਹ ਸਕਣ। ਇਸ ਦੇ ਨਾਲ ਹੀ ਸਟੇਸ਼ਨ ਦੇ ਦੋਵੇਂ ਪਲੇਟਫਾਰਮਾਂ, ਹੋਰ ਹਿੱਸਿਆਂ ਵਿੱਚ ਪਖਾਨੇ ਅਤੇ ਪੀਣ ਵਾਲੇ ਪਾਣੀ ਦਾ ਵੀ ਢੁੱਕਵਾਂ ਪ੍ਰਬੰਧ ਕੀਤਾ ਜਾਵੇਗਾ। ਇੱਕ ਪ੍ਰਭਾਵਸ਼ਾਲੀ ਸਟੇਸ਼ਨ ਬਿਲਡਿੰਗ ਦਾ ਨਿਰਮਾਣ ਕੀਤਾ ਜਾਵੇਗਾ, ਜਿਸ ਵਿੱਚ ਫਰੰਟ ਬਲਾਕ ਵਿੱਚ 100 ਵਰਗ ਮੀਟਰ ਦੀ ਲਾਬੀ ਬਣਾਈ ਜਾਵੇਗੀ। ਜਨਰਲ ਸ਼੍ਰੇਣੀ ਦੇ ਯਾਤਰੀਆਂ ਲਈ ਵੇਟਿੰਗ ਹਾਲ ਅਤੇ ਦੂਜੀ ਸ਼੍ਰੇਣੀ ਦੇ ਯਾਤਰੀਆਂ ਲਈ ਵੇਟਿੰਗ ਏਰੀਆ ਰੱਖਿਆ ਜਾਵੇਗਾ। ਇਸੇ ਤਰ੍ਹਾਂ ਹੋਰ ਵੀ ਕਈ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ, ਜਦਕਿ 825 ਵਰਗ ਮੀਟਰ ਦੀ ਪਾਰਕਿੰਗ ਹੋਵੇਗੀ।
,
