ਸ਼ੰਭੂ/ ਰੋਜ਼ਾਨਾ ਰਿਪੋਰਟਰ

ਭਾਰਤ ਅਮਰੀਕਾ ਵਪਾਰਕ ਸਮਝੌਤੇ ਦੇ ਵਿਰੁੱਧ ਕਿਸਾਨ ਜੱਥੇਬੰਦੀਆਂ ਵੱਲੋਂ ਦੂਸਰੇ ਕਿਸਾਨ ਅੰਦੋਲਨ ਦੀਆਂ ਤਿਆਰੀਆਂ ਲਗਭਗ ਸ਼ੁਰੂ ਹੋ ਗਈਆਂ ਹਨ ਜਾਣਕਾਰੀ ਦੇ ਅਨੁਸਾਰ 21 ਜੁਲਾਈ ਨੂੰ ਕਿਸਾਨ ਜਥੇਬੰਦੀਆਂ ਨੇ ਦਿੱਲੀ ਵੱਲ ਰੁੱਖ ਕੀਤਾ ਹੈ ਅਤੇ ਹਰਿਆਣਾ ਸਰਕਾਰ ਨੇ ਸ਼ੰਬੂ ਬਾਰਡਰ ਤੇ ਇੱਕ ਵਾਰੀ ਫੇਰ ਪੂਰੀ ਫੋਰਸ ਲਗਾ ਦਿੱਤੀ ਹੈ ਜਾਣਕਾਰੀ ਦੇ ਅਨੁਸਾਰ ਕਈ ਥਾਵਾਂ ’ਤੇ ਮਜ਼ਬੂਤ ਬੈਰੀਕੇਡਿੰਗ ਕੀਤੀ ਗਈ ਹੈ। ਜੇ ਸੀ ਬੀ ਅਤੇ ਪੋਕਲੇਨ ਮਸ਼ੀਨਾਂ ਦੀ ਮਦਦ ਨਾਲ ਕੁਝ ਸਥਾਨਾਂ ’ਤੇ ਸੜਕਾਂ ਨੂੰ ਅਸਥਾਈ ਤੌਰ ’ਤੇ ਬੰਦ ਕੀਤਾ ਗਿਆ ਹੈ ਅਤੇ ਵੱਡੀ ਗਿਣਤੀ ਵਿੱਚ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਹਨ।ਆਵਾਜਾਈ ਪ੍ਰਭਾਵਿਤ ਹੋਣ ਕਾਰਨ ਵਾਹਨਾਂ ਦਾ ਵੱਡਾ ਰੁਖ਼ ਅੰਬਾਲਾ-ਚੰਡੀਗੜ੍ਹ ਮਾਰਗ ਵੱਲ ਹੋ ਗਿਆ। ਸਭ ਤੋਂ ਵੱਧ ਅਸਰ ਲਾਲੜੂ ਤੋਂ ਲੈਹਲੀ ਤੱਕ ਦੇ ਖੇਤਰ ਵਿੱਚ ਦੇਖਣ ਨੂੰ ਮਿਲਿਆ। ਹਾਈਵੇਅ ਦੇ ਨਾਲ-ਨਾਲ ਸਰਵਿਸ ਲੇਨਾਂ ਵੀ ਵਾਹਨਾਂ ਨਾਲ ਭਰ ਗਈਆਂ ਹਨ।ਜਾਮ ਕਾਰਨ ਕਈ ਵਾਹਨ ਚਾਲਕਾਂ ਨੇ ਬਦਲਵੇਂ ਰਸਤੇ ਅਪਣਾਉਣ ਦੀ ਕੋਸ਼ਿਸ਼ ਕੀਤੀ, ਪਰ ਉੱਥੇ ਵੀ ਵਧੇ ਟਰੈਫਿਕ ਕਾਰਨ ਕੋਈ ਖ਼ਾਸ ਰਾਹਤ ਨਹੀਂ ਮਿਲੀ। ਸਵੇਰ ਤੋਂ ਹੀ ਵਾਹਨਾਂ ਦੀ ਗਿਣਤੀ ਲਗਾਤਾਰ ਵਧਦੀ ਰਹੀ ਅਤੇ ਜਾਮ ਕਈ ਕਿਲੋਮੀਟਰ ਤੱਕ ਫੈਲ ਗਿਆ। ਕਈ ਥਾਵਾਂ ’ਤੇ ਐਂਬੂਲੈਂਸਾਂ ਅਤੇ ਹੋਰ ਜ਼ਰੂਰੀ ਸੇਵਾਵਾਂ ਨਾਲ ਜੁੜੇ ਵਾਹਨਾਂ ਨੂੰ ਵੀ ਲੰਘਣ ਵਿੱਚ ਦਿੱਕਤ ਆਈ।ਟਰੈਫਿਕ ਪੁਲੀਸ ਵੱਲੋਂ ਚੌਰਾਹਿਆਂ ਅਤੇ ਸੰਵੇਦਨਸ਼ੀਲ ਥਾਵਾਂ ’ਤੇ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਲਗਾਤਾਰ ਯਤਨ ਕੀਤੇ ਗਏ।ਪ੍ਰਸ਼ਾਸਨ ਨੇ ਲੋਕਾਂ ਨੂੰ ਯਾਤਰਾ ’ਤੇ ਨਿਕਲਣ ਤੋਂ ਪਹਿਲਾਂ ਟਰੈਫਿਕ ਦੀ ਸਥਿਤੀ ਬਾਰੇ ਜਾਣਕਾਰੀ ਹਾਸਲ ਕਰਨ ਅਤੇ ਸੰਭਵ ਹੋਣ ‘ਤੇ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਆਵਾਜਾਈ ਨੂੰ ਆਮ ਬਣਾਉਣ ਲਈ ਕਦਮ ਚੁੱਕੇ ਜਾ ਰਹੇ ਹਨ।ਸ਼ੰਭੂ ਸਰਹੱਦ ਖੇਤਰ ਵਿੱਚ ਕਾਨੂੰਨ-ਵਿਵਸਥਾ ਬਣਾਈ ਰੱਖਣ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਅੰਬਾਲਾ ਬੀ ਐੱਨ ਐੱਸ ਐੱਸ ਦੀ ਧਾਰਾ 163 ਲਾਗੂ ਕਰ ਦਿੱਤੀ ਹੈ। ਇਹ ਹੁਕਮ 27 ਜੁਲਾਈ ਤੱਕ ਪ੍ਰਭਾਵੀ ਰਹਿਣਗੇ। ਇਸ ਤਹਿਤ ਸਰਹੱਦੀ ਖੇਤਰ ਵਿੱਚ ਪੰਜ ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ, ਰੁਕਣ ਜਾਂ ਬਿਨਾਂ ਲੋੜ ਦੇ ਘੁੰਮਣ-ਫਿਰਣ ’ਤੇ ਪਾਬੰਦੀ ਲਾਈ ਗਈ ਹੈ। ਪ੍ਰਸ਼ਾਸਨ ਨੇ ਚਿਤਾਵਨੀ ਦਿੱਤੀ ਹੈ ਕਿ ਹੁਕਮਾਂ ਦੀ ਉਲੰਘਣਾ ਕਰਨ ਜਾਂ ਅਮਨ-ਕਾਨੂੰਨ ਵਿੱਚ ਵਿਘਨ ਪੈਦਾ ਕਰਨ ਵਾਲੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਹਰਿਆਣਾ ਸਰਕਾਰ ਨੇ ਵੀ ਇਹ ਐਲਾਨ ਕੀਤਾ ਹੈ ਕਿ ਜੇਕਰ ਕੋਈ ਪ੍ਰਦਰਸ਼ਨਕਾਰੀ ਵੱਲੋਂ ਮਾਹੌਲ ਨੂੰ ਖਰਾਬ ਕੀਤਾ ਗਿਆ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ।
