ਖਾਲਸਾ ਕਾਲਜ ਮਾਹਿਲਪੁਰ ਦੇ ਵਿਦਿਆਰਥੀਆਂ ਨੂੰ ਵਜ਼ੀਫਾ ਰਾਸ਼ੀ ਤਕਸੀਮ ਕੀਤੀ
ਹੁਸ਼ਿਆਰਪੁਰ /ਮਾਹਿਲਪੁਰ, 21 ਜੁਲਾਈ ( ਤਰਸੇਮ ਦੀਵਾਨਾ ) –

ਖੇਤਰ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਕਰਵਾਏ ਵਜੀਫਾ ਵੰਡ ਸਮਾਰੋਹ ਮੌਕੇ ਸਿੱਖ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ ਅਮਰੀਕਾ ਵੱਲੋਂ ਕਾਲਜ ਦੇ ਛੇ ਵਿਦਿਆਰਥੀਆਂ ਨੂੰ ਕੁੱਲ ਦੋ ਲੱਖ ਇੱਕੀ ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਸਕਾਲਰਸ਼ਿਪ ਦੇ ਤੌਰ ‘ਤੇ ਪ੍ਰਦਾਨ ਕੀਤੀ। ਇਸ ਮੌਕੇ ਸਮਾਗਮ ਦੇ ਮੁੱਖ ਮਹਿਮਾਨ ਫਾਊਂਡੇਸ਼ਨ ਦੇ ਪ੍ਰਬੰਧਕੀ ਨਿਰਦੇਸ਼ਕ ਗੁਰਬੀਰ ਸਿੰਘ ਬਰਾੜ, ਖ਼ਾਲਸਾ ਕਾਲਜ ਚੰਡੀਗੜ੍ਹ ਦੇ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ, ਅਤੇ ਸਾਬਕਾ ਸੈਨੇਟਰ ਡਾ. ਜਗਤਾਰ ਸਿੰਘ ਨੇ ਸ਼ਿਰਕਤ ਕੀਤੀ। ਕਾਲਜ ਦੇ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਵੱਲੋਂ ਹਾਜ਼ਰ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ ਗਿਆ ਅਤੇ ਕਾਲਜ ਦੀਆਂ ਪ੍ਰਾਪਤੀਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ । ਉਹਨਾਂ ਗੁਰਬੀਰ ਸਿੰਘ ਬਰਾੜ ਦਾ ਕਾਲਜ ਆਉਣ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਸਹਾਇਤਾ ਰਾਸ਼ੀ ਪ੍ਰਦਾਨ ਕਰਨ ਲਈ ਧੰਨਵਾਦ ਕੀਤਾ ਅਤੇ ਸਕਾਲਰਸ਼ਿਪ ਦੇ ਰੂਪ ਵਿੱਚ ਸਹਾਇਤਾ ਰਾਸ਼ੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ। ਸਮਾਗਮ ਦੇ ਮੁੱਖ ਮਹਿਮਾਨ ਸ. ਗੁਰਬੀਰ ਬਰਾੜ ਨੇ ਕਾਲਜ ਦੀ ਇਲਾਕੇ ਨੂੰ ਪਾਈ ਦੇਣ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਕਾਲਜ ਦੇ ਕਰੀਬ 100 ਵਿਦਿਆਰਥੀਆਂ ਨੂੰ ਉਹਨਾਂ ਦੀ ਸੰਸਥਾ ਵੱਲੋਂ ਸਕਾਲਰਸ਼ਿਪ ਪਰਦਾਨ ਕੀਤੀ ਜਾਵੇਗੀ। ਵਜੀਫਾ ਰਾਸ਼ੀ ਪ੍ਰਾਪਤ ਕਰਨ ਵਾਲੇ ਕਾਲਜ ਦੇ ਛੇ ਵਿਦਿਆਰਥੀਆਂ ਵਿਚ ਸਿਧਾਂਤ ਰਾਣਾ, ਸਪਨਾ, ਪ੍ਰਭਜੋਤ ਕੌਰ ਮਾਨ, ਆਰਿਫ਼ ਮੁਹੰਮਦ ,ਮਹਿਕ ਲਹਿਲ, ਅਤੇ ਮੁਸਕਾਨ ਬੰਗਾ ਸ਼ਾਮਿਲ ਸਨ।ਇਸ ਮੌਕੇ ਕਾਲਜ ਦਾ ਸਮੂਹ ਸਟਾਫ ਹਾਜ਼ਰ ਸੀ। ਮੰਚ ਸੰਚਾਲਨ ਡਾ. ਦੇਵ ਕੁਮਾਰ ਵੱਲੋਂ ਕੀਤਾ ਗਿਆ।
ਫੋਟੋ ਅਜਮੇਰ ਦੀਵਾਨਾ
