ਮੁੱਖ ਮੰਤਰੀ ਭਗਵੰਤ ਸਿੰਘ ਮਾਨ 18 ਜੂਨ ਨੂੰ ਸਤਲੁਜ ਦੇ ਧੁੱਸੀ ਬੰਨ੍ਹ ’ਤੇ ਬਣਨ ਵਾਲੀ ਪੱਕੀ ਸੜਕ ਦਾ ਰੱਖਣਗੇ ਨੀਂਹ ਪੱਥਰ*

ਸੰਤ ਸੀਚੇਵਾਲ ਦੇ ਲਗਾਤਾਰ ਯਤਨਾਂ ਸਦਕਾ ਮੰਡ ਇਲਾਕੇ ਦੀ ਦਹਾਕਿਆਂ ਪੁਰਾਣੀ ਮੰਗ ਹੋਈ ਪੂਰੀ

ਜਲੰਧਰ/ਸ਼ਾਹਕੋਟ/16 ਜੂਨ/ਰੋਜ਼ਾਨਾ ਰਿਪੋਰਟਰ

ਸਾਰ

ਮੰਡ ਇਲਾਕੇ ਦੇ ਲੋਕਾਂ ਦੀਆਂ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਪੂਰਾ ਕਰਦਿਆਂ ਪੰਜਾਬ ਸਰਕਾਰ ਵੱਲੋਂ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ’ਤੇ ਗਿਦੜਪਿੰਡੀ ਤੋਂ ਫਿਲੌਰ ਤੱਕ ਪੱਕੀ ਸੜਕ ਬਣਾਉਣ ਦੇ ਪ੍ਰਾਜੈਕਟ ਦਾ ਨੀਂਹ ਪੱਥਰ 18 ਜੂਨ ਨੂੰ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਰੱਖਿਆ ਜਾਵੇਗਾ

ਵਿਸਤਾਰ

ਮੰਡ ਇਲਾਕੇ ਦੇ ਲੋਕਾਂ ਦੀਆਂ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਪੂਰਾ ਕਰਦਿਆਂ ਪੰਜਾਬ ਸਰਕਾਰ ਵੱਲੋਂ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ’ਤੇ ਗਿਦੜਪਿੰਡੀ ਤੋਂ ਫਿਲੌਰ ਤੱਕ ਪੱਕੀ ਸੜਕ ਬਣਾਉਣ ਦੇ ਪ੍ਰਾਜੈਕਟ ਦਾ ਨੀਂਹ ਪੱਥਰ 18 ਜੂਨ ਨੂੰ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਰੱਖਿਆ ਜਾਵੇਗਾ। ਇਸ ਇਤਿਹਾਸਕ ਪ੍ਰਾਜੈਕਟ ਨੂੰ ਅਮਲੀ ਰੂਪ ਦੇਣ ਲਈ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਲੰਮੇ ਸਮੇਂ ਤੋਂ ਕੀਤੇ ਜਾ ਰਹੇ ਯਤਨਾਂ ਨੂੰ ਇਲਾਕੇ ਦੇ ਲੋਕ ਵੱਡੀ ਪ੍ਰਾਪਤੀ ਵਜੋਂ ਦੇਖ ਰਹੇ ਹਨ।

 

ਮੁੱਖ ਮੰਤਰੀ ਦੇ ਦੌਰੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਪੁਲਿਸ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੰਡਾਲਾ ਛੰਨਾ ਅਤੇ ਆਸ-ਪਾਸ ਦੇ ਇਲਾਕਿਆਂ ਦਾ ਦੌਰਾ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਸਮਾਗਮ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ।

 

ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਸਾਲ 2023 ਦੌਰਾਨ ਮੰਡਾਲਾ ਛੰਨਾ ਨੇੜੇ ਬੰਨ੍ਹ ਟੁੱਟਣ ਕਾਰਨ ਇਲਾਕੇ ਦੇ ਲੋਕਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਸੀ। ਉਸ ਸਮੇਂ ਤੋਂ ਹੀ ਬੰਨ੍ਹ ਨੂੰ ਮਜ਼ਬੂਤ ਕਰਨ ਅਤੇ ਇਸ ਉੱਪਰ ਪੱਕੀ ਸੜਕ ਬਣਾਉਣ ਦੀ ਮੰਗ ਲਗਾਤਾਰ ਉਠਾਈ ਜਾ ਰਹੀ ਸੀ। ਸੰਤ ਸੀਚੇਵਾਲ ਨੇ ਕਿਹਾ ਕਿ ਗਿਦੜਪਿੰਡੀ ਤੋਂ ਫਿਲੌਰ ਤੱਕ ਬਣਨ ਵਾਲੀ ਇਹ ਸੜਕ ਮੰਡ ਖੇਤਰ ਦੇ ਦਰਜਨਾਂ ਪਿੰਡਾਂ ਨੂੰ ਆਪਸ ਵਿੱਚ ਜੋੜੇਗੀ। ਇਸ ਮੌਕੇ ਮੰਡਾਲਾ ਛੰਨਾ, ਗੱਟਾ ਮੁੰਡੀ ਕਾਸੂ, ਗਿਦੜਪਿੰਡੀ ਅਤੇ ਹੋਰ ਪਿੰਡਾਂ ਦੇ ਵਸਨੀਕਾਂ ਨੇ ਕਿਹਾ ਕਿ ਸਾਲਾਂ ਤੋਂ ਉਹ ਇਸ ਸੜਕ ਦੀ ਮੰਗ ਕਰ ਰਹੇ ਸਨ ਪਰ ਕਿਸੇ ਵੀ ਸਰਕਾਰ ਨੇ ਇਸ ਵੱਲ ਗੰਭੀਰਤਾ ਨਾਲ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਸੰਤ ਸੀਚੇਵਾਲ ਨੇ ਇਸ ਮੰਗ ਨੂੰ ਸਰਕਾਰ ਤੱਕ ਪਹੁੰਚਾ ਕੇ ਲਗਾਤਾਰ ਪੈਰਵੀ ਕੀਤੀ, ਜਿਸ ਸਦਕਾ ਅੱਜ ਇਹ ਸੁਪਨਾ ਸਾਕਾਰ ਹੋ ਰਿਹਾ ਹੈ। ਪਿੰਡ ਵਾਸੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸੰਤ ਸੀਚੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸੜਕ ਮੰਡ ਇਲਾਕੇ ਦੀ ਤਸਵੀਰ

ਬਦਲ ਦੇਵੇਗੀ।

Leave a Reply

Your email address will not be published. Required fields are marked *