ਜਨਗਣਨਾ ਫਾਰਮ ਵਿੱਚ ਗੈਰ-ਸੰਵਿਧਾਨਕ ਸ਼ਬਦਾਂ ਦੀ ਵਰਤੋਂ ਕਰਨ ਵਾਲੇ ਅਧਿਕਾਰੀਆਂ ‘ਤੇ ਤੁਰੰਤ ਹੋਵੇ ਐਫ ਆਈ ਆਰ ਦਰਜ : ਬੇਗਮਪੁਰਾ ਟਾਈਗਰ ਫੋਰਸ

 

ਹੁਸ਼ਿਆਰਪੁਰ 9 ਮਈ (ਤਰਸੇਮ ਦੀਵਾਨਾ )

ਬੇਗਮਪੁਰਾ ਟਾਈਗਰ ਫੋਰਸ ਦੇ ਪੰਜਾਬ ਪ੍ਰਧਾਨ ਬੀਰਪਾਲ ਠਰੋਲੀ, ਜਸਵਿੰਦਰ ਸਿੰਘ ਜੌਲੀ ਪੰਜਾਬ ਪ੍ਰਧਾਨ ਯੂਨਾਈਟਿਡ ਅੰਬਡੇਕਰ ਸੈਨਾ ਪੰਜਾਬ, ਹੈਪੀ ਫਤਹਿਗੜ੍ਹ ਜਿਲ੍ਹਾ ਪ੍ਰਧਾਨ ਬੇਗਮਪੁਰਾ ਟਾਈਗਰ ਫੋਰਸ, ਅਮਨਦੀਪ ਕੌਂਡਲ, ਬਿਸ਼ਨ ਪਾਲ ਠਰੋਲੀ, ਮੋਹਿਤ ਬੱਧਣ, ਰੋਹਿਤ ਬੱਧਣ, ਢਿੱਲੋ,ਆਦਿ ਨੇ ਜਨਗਣਨਾ ਫਾਰਮ ਤਿਆਰ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਸਖ਼ਤ ਰੁਖ ਅਖਤਿਆਰ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਨੁਸੂਚਿਤ ਜਾਤੀ ਦੇ ਕਾਲਮ ਵਿੱਚ ਗੈਰ-ਸੰਵਿਧਾਨਕ ਸ਼ਬਦਾਂ ਦੀ ਵਰਤੋਂ ਕਰਨ ਵਾਲੇ ਜ਼ਿੰਮੇਵਾਰ ਅਫਸਰਾਂ ‘ਤੇ ਐਸਸੀ ਐਸਟੀ ਐਕਟ ਦੇ ਤਹਿਤ ਤੁਰੰਤ ਐਫ.ਆਈ.ਆਰ (FIR) ਦਰਜ ਕੀਤੀ ਜਾਵੇ। ਆਗੂਆਂ ਨੇ ਕਿਹਾ ਕਿ ਜਨਗਣਨਾ ਦੇ ਫਾਰਮਾਂ ਵਿੱਚ ਅਨੁਸੂਚਿਤ ਜਾਤੀ ਵਰਗ ਲਈ ਵਰਤੇ ਗਏ ਕੁਝ ਸ਼ਬਦ ਸੰਵਿਧਾਨ ਦੀ ਮਰਿਆਦਾ ਦੇ ਖਿਲਾਫ ਹਨ। ਉਨ੍ਹਾਂ ਕਿਹਾ ਕਿ ਅਜਿਹੀ ਸ਼ਬਦਾਵਲੀ ਐਸਸੀ ਸਮਾਜ ਦੇ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਕੋਈ ਅਣਜਾਣੇ ਵਿੱਚ ਹੋਈ ਗਲਤੀ ਨਹੀਂ, ਸਗੋਂ ਇੱਕ ਸੋਚੀ-ਸਮਝੀ ਸਾਜ਼ਿਸ਼ ਪ੍ਰਤੀਤ ਹੁੰਦੀ ਹੈ। ਇਸ ਲਈ ਫਾਰਮ ਤਿਆਰ ਕਰਨ ਵਾਲੇ ਉੱਚ ਅਧਿਕਾਰੀਆਂ ‘ਤੇ ਬਣਦੀਆਂ ਕਾਨੂੰਨੀ ਧਾਰਾਵਾਂ ਤਹਿਤ ਕੇਸ ਦਰਜ ਹੋਣਾ ਚਾਹੀਦਾ ਹੈ।

ਬਾਬਾ ਸਾਹਿਬ ਅੰਬੇਡਕਰ ਜੀ ਦੇ ਲਿਖੇ ਸੰਵਿਧਾਨ ਨੇ ਸਾਨੂੰ ਸਭਨੂੰ ਸਨਮਾਨ ਨਾਲ ਜਿਊਣ ਦਾ ਹੱਕ ਦਿੱਤਾ ਹੈ : ਠਰੋਲੀ, ਜੌਲੀ,ਹੈਪੀ

 

ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਇਨ੍ਹਾਂ ਗੈਰ-ਸੰਵਿਧਾਨਕ ਸ਼ਬਦਾਂ ਨੂੰ ਤੁਰੰਤ ਫਾਰਮਾਂ ਵਿੱਚੋਂ ਹਟਾਇਆ ਜਾਵੇ ਅਤੇ ਸੰਵਿਧਾਨ ਅਨੁਸਾਰ ਸਹੀ ਸ਼ਬਦਾਵਲੀ ਦੀ ਵਰਤੋਂ ਯਕੀਨੀ ਬਣਾਈ ਜਾਵੇ। ਉਹਨਾਂ ਕਿਹਾ ਕਿ ਸੰਵਿਧਾਨ ਨੇ ਸਾਨੂੰ ਸਨਮਾਨ ਨਾਲ ਜਿਊਣ ਦਾ ਹੱਕ ਦਿੱਤਾ ਹੈ, ਪਰ ਕੁਝ ਅਧਿਕਾਰੀ ਆਪਣੀ ਮਾਨਸਿਕਤਾ ਕਾਰਨ ਐਸਸੀ ਵਰਗ ਲਈ ਗਲਤ ਸ਼ਬਦਾਂ ਦੀ ਵਰਤੋਂ ਕਰ ਰਹੇ ਹਨ। ਜੇਕਰ ਇਨ੍ਹਾਂ ਸ਼ਬਦਾਂ ਨੂੰ ਤੁਰੰਤ ਨਾ ਹਟਾਇਆ ਗਿਆ ਅਤੇ ਫਾਰਮ ਤਿਆਰ ਕਰਨ ਵਾਲੇ ਅਧਿਕਾਰੀਆਂ ‘ਤੇ ਕਾਰਵਾਈ ਨਾ ਹੋਈ, ਤਾਂ ਬੇਗਮਪੁਰਾ ਟਾਈਗਰ ਫੋਰਸ ਸੂਬਾ ਪੱਧਰੀ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ ! ਉਹਨਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਲੈ ਕੇ ਜਲਦ ਹੀ ਮੁੱਖ ਮੰਤਰੀ ਅਤੇ ਰਾਜਪਾਲ ਨੂੰ ਮੰਗ ਪੱਤਰ ਸੌਂਪਣਗੇ ਤਾਂ ਜੋ ਅਨੁਸੂਚਿਤ ਜਾਤੀ ਭਾਈਚਾਰੇ ਦੇ ਮਾਣ-ਸਨਮਾਨ ਨੂੰ ਬਹਾਲ ਰੱਖਿਆ ਜਾ ਸਕੇ। ਉਨ੍ਹਾਂ ਜਥੇਬੰਦੀ ਦੇ ਵਰਕਰਾਂ ਨੂੰ ਵੀ ਤਿਆਰ-ਬਰ-ਤਿਆਰ ਰਹਿਣ ਦਾ ਸੱਦਾ ਦਿੱਤਾ ਹੈ।

Leave a Reply

Your email address will not be published. Required fields are marked *