ਨਵੀਂ ਦਿੱਲੀ/ 17 ਮਾਰਚ 2026/ਰੋਜ਼ਾਨਾਂ ਰਿਪੋਰਟਰ

ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਇਸ ਵੇਲੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਰਹੀ ਹੈ। ਇਸ ਦਾ ਅਸਰ ਜਿੱਥੇ ਫਸਲਾਂ ਤੇ ਵੇਖਣ ਨੂੰ ਮਿਲ ਰਿਹਾ ਹੈ, ਉਥੇ ਆਮ ਜਨ ਜੀਵਨ ਵੀ ਪ੍ਰਭਾਵਿਤ ਹੁੰਦਾ ਵਿਖਾਈ ਦੇ ਰਿਹਾ ਹੈ। ਬੀਤੇ ਦਿਨ ਖਬਰ ਯੂਪੀ ਤੋਂ ਸਾਹਮਣੇ ਆਈ ਸੀ ਜਿੱਥੇ ਇੱਕ ਕਿਸਾਨ ਦੀ ਅਸਮਾਨੀ ਬਿਜਲੀ ਡਿੱਗਣ ਕਾਰਨ ਮੌਤ ਹੋ ਗਈ, ਜਦੋਂਕਿ ਹੁਣ ਖਬਰ ਅਰੁਣਾਚਲ ਪ੍ਰਦੇਸ਼ ਤੋਂ ਸਾਹਮਣੇ ਆਈ ਹੈ। ਜਿੱਥੇ ਲੈਂਡਸਲਾਈਡ ਕਾਰਨ ਚਾਰ ਲੋਕ ਮਾਰੇ ਗਏ।ਅਰੁਣਾਚਲ ਪ੍ਰਦੇਸ਼ ਦੇ ਈਟਾਨਗਰ ਦੇ ਨੀਤੀ ਵਿਹਾਰ ਵਿੱਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਦੌਰਾਨ ਕੰਧ ਡਿੱਗਣ ਨਾਲ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਈਟਾਨਗਰ ਰਾਜਧਾਨੀ ਖੇਤਰ (ਆਈਸੀਆਰ) ਦੇ ਪੁਲਿਸ ਸੁਪਰਡੈਂਟ (ਐਸਪੀ) ਜੁੰਮੀਰ ਬਸਰ ਨੇ ਦੱਸਿਆ ਕਿ ਭਾਰੀ ਬਾਰਿਸ਼ ਕਾਰਨ ਜ਼ਮੀਨ ਖਿਸਕਣ ਕਾਰਨ ਘਟਨਾ ਸਥਾਨ ‘ਤੇ ਕੰਮ ਕਰ ਰਹੇ ਸੱਤ ਵਿਅਕਤੀ ਮਲਬੇ ਹੇਠ ਦੱਬ ਗਏ।ਇਹ ਘਟਨਾ ਸ਼ਾਮ 4:00 ਵਜੇ ਦੇ ਕਰੀਬ ਵਾਪਰੀ, ਜਦੋਂ ਲਗਾਤਾਰ ਬਾਰਿਸ਼ ਕਾਰਨ ਕੰਧ ਡਿੱਗ ਗਈ, ਜਿਸ ਕਾਰਨ ਮਜ਼ਦੂਰ ਮਲਬੇ ਹੇਠ ਦੱਬ ਗਏ। ਬਚਾਅ ਟੀਮਾਂ ਨੇ ਬਾਅਦ ਵਿੱਚ ਸਾਰੇ ਸੱਤ ਮਜ਼ਦੂਰਾਂ ਨੂੰ ਮਲਬੇ ਵਿੱਚੋਂ ਬਾਹਰ ਕੱਢਿਆ, ਪਰ ਡਾਕਟਰੀ ਪੇਸ਼ੇਵਰਾਂ ਨੇ ਉਨ੍ਹਾਂ ਵਿੱਚੋਂ ਚਾਰ ਨੂੰ ਮ੍ਰਿਤਕ ਐਲਾਨ ਦਿੱਤਾ।ਤਿੰਨ ਜ਼ਖਮੀ ਵਿਅਕਤੀ ਇਸ ਸਮੇਂ ਹਸਪਤਾਲ ਵਿੱਚ ਇਲਾਜ ਅਧੀਨ ਹਨ। ਮ੍ਰਿਤਕਾਂ ਦੀ ਪਛਾਣ ਚੋਕੀ ਤਸਰ (23), ਗੋਦਕ ਰਾਜਾ (30), ਗੋਦਕ ਤਾਬਿਨ (35) ਅਤੇ ਰਤਨ ਬਰਮਨ (26) ਵਜੋਂ ਹੋਈ ਹੈ।
