ਸਹਿਰ ਵਿੱਚ ਆਵਾਰਾ ਕੁੱਤਿਆਂ ਦਾ ਆਤੰਕ ਦਿਨੋ-ਦਿਨ ਵੱਧਦਾ ਜਾ ਰਿਹਾ ਹੈ : ਵਿਸ਼ਵਨਾਥ ਬੰਟੀ

ਹੁਸ਼ਿਆਰਪੁਰ ਮਾਰਚ ( ਤਰਸੇਮ ਦੀਵਾਨਾ ) – ਸ਼ਹਿਰ ਦੀ ਹਰ ਗਲੀ ਅਤੇ ਮੁਹੱਲੇ ਵਿੱਚ ਆਵਾਰਾ ਕੁੱਤਿਆਂ ਦਾ ਆਤੰਕ ਦਿਨੋ-ਦਿਨ ਵੱਧਦਾ ਜਾ ਰਿਹਾ ਹੈ। ਸੜਕਾਂ ‘ਤੇ ਘੁੰਮਦੇ ਆਵਾਰਾ ਕੁੱਤਿਆਂ ਦੇ ਝੁੰਡਾਂ ਦੇ ਡਰ ਕਾਰਨ ਨਾ ਸਿਰਫ਼ ਆਮ ਲੋਕ ਸਵੇਰੇ-ਸ਼ਾਮ ਆਪਣੇ ਘਰਾਂ ਤੋਂ ਬਾਹਰ ਨਿਕਲਣ ਤੋਂ ਗੁਰੇਜ ਕਰਦੇ ਹਨ, ਸਗੋਂ ਛੋਟੇ। ਬੱਚਿਆਂ ਅਤੇ ਬਜ਼ੁਰਗਾਂ ਲਈ ਘਰਾਂ ਦੇ ਅੰਦਰ ਹੀ ਕੈਦ ਰਹਿਣਾ ਇੱਕ ਮਜਬੂਰੀ ਬਣ ਗਈ ਹੈ। ਆਵਾਰਾ ਕੁੱਤਿਆਂ ਦੇ ਝੁੰਡ ਅਕਸਰ ਰਾਹਗੀਰਾਂ ‘ਤੇ ਹਮਲਾ ਕਰਦੇ ਹਨ। ਕੁੱਤਿਆਂ ਦੇ ਕੱਟਣ ਨਾਲ ਬਹੁਤ ਸਾਰੇ ਲੋਕ ਜਾਨ ਗੁਆ ਚੁੱਕੇ ਹਨ ਜਾਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਚੁੱਕੇ ਹਨ। ਇਹਨਾਂ ਗੱਲਾਂ ਦਾ ਪ੍ਰਗਟਾਵਾ ਗਊਸ਼ਾਲਾ ਦੇ ਪ੍ਰਧਾਨ ਅਤੇ ਕਾਂਗਰਸ ਦੇ ਉੱਘੇ ਆਗੂ ਵਿਸ਼ਵਨਾਥ ਬੰਟੀ ਨੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਕੀਤਾ ! ਉਹਨਾ ਕਿਹਾ ਕਿ ਸੜਕ ‘ਤੇ ਲੰਘਦੇ ਵਾਹਨਾਂ ਦੇ ਸਾਹਮਣੇ ਅਚਾਨਕ ਕੁੱਤਿਆਂ ਦੇ ਆਉਣ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ। ਸਕੂਲ ਅਤੇ ਟਿਊਸ਼ਨ ਜਾਣ ਵਾਲੇ ਬੱਚੇ ਵੀ ਡਰੇ ਸਹਿਮੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਕੁੱਤੇ ਕੂੜੇ ਦੇ ਢੇਰਾਂ ‘ਤੇ ਪਏ ਜ਼ਹਿਰੀਲੇ ਕੂੜੇ ਅਤੇ ਖਿੰਡੇ ਹੋਏ ਮਾਸ ਨੂੰ ਖਾ ਕੇ ਆਦਮਖੋਰ ਬਣ ਜਾਂਦੇ ਹਨ। ਜਿਸ ਕਾਰਨ ਲੋਕਾਂ ਦੀ ਜਾਨ ਹਮੇਸ਼ਾ ਖ਼ਤਰੇ ਵਿੱਚ ਰਹਿੰਦੀ ਹੈ।ਉਹਨਾਂ ਕਿਹਾ ਕਿ ਇਸ ਸਮੱਸਿਆ ਦੀ ਗੰਭੀਰਤਾ ਨੂੰ ਦੇਖਦੇ ਹੋਏ ਨਗਰ ਨਿਗਮ ਨੂੰ ਇਸ ਸਮੱਸਿਆ ਦਾ ਪਹਿਲ ਦੇ ਆਧਾਰ ‘ਤੇ ਢੁਕਵਾਂ ਹੱਲ ਲੱਭਣਾ ਚਾਹੀਦਾ ਹੈ ! ਉਹਨਾ ਕਿਹਾ ਕਿ ਆਵਾਰਾ ਕੁੱਤਿਆਂ ਦੀ ਵੱਧਦੀ ਗਿਣਤੀ ਨੂੰ ਕੰਟਰੋਲ ਕਰਨ ਲਈ ਨਸਬੰਦੀ, ਅਤੇ ਟੀਕਾਕਰਨ ਦੀ ਮੁਹਿੰਮ ਤੁਰੰਤ ਸ਼ੁਰੂ ਕੀਤੀ ਜਾਵੇ ਅਤੇ ਨਿਗਮ ਦੀ ਜ਼ਮੀਨ ‘ਤੇ ਕੁੱਤਿਆਂ ਲਈ ਡਾਗ ਸ਼ੈਲਟਰ ਕੰਪਾਉਂਡ ਬਣਾਏ ਜਾਣ। ਤਾਂ ‘ਜੋ ਸ਼ਹਿਰ ਵਾਸੀ ਜਲਦੀ ਤੋਂ ਜਲਦੀ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਣ ਅਤੇ ਉਨ੍ਹਾਂ ਦੀ ਜਾਨ ਸੁਰੱਖਿਅਤ ਰਹਿ ਸਕੇ। ਉਨ੍ਹਾਂ ਕਿਹਾ ਕਿ ਲੋਕਾਂ ਨੇ ਆਪਣੇ ਵਾਰਡਾਂ ਦੇ ਕੌਂਸਲਰਾਂ ਨੂੰ ਬਹੁਤ ਉਮੀਦਾਂ ਨਾਲ ਚੁਣਿਆ ਹੈ, ਇਸ ਲਈ ਲੋਕਾਂ ਦੀਆਂ ਸਮੱਸਿਆਵਾਂ ਨੂੰ ਮੈਰਿਟ ਦੇ ਆਧਾਰ ‘ਤੇ ਹੱਲ ਕਰਨਾ ਮੇਅਰ ਸਮੇਤ ਪੂਰੇ ਕਾਰਪੋਰੇਸ਼ਨ ਹਾਊਸ ਦਾ ਮੁੱਢਲਾ ਫਰਜ਼ ਹੋਣਾ ਚਾਹੀਦਾ ਹੈ।
