ਜਲੰਧਰ ਦੇ ਵੇਰਕਾ ਮਿਲਕ ਪਲਾਂਟ ਇਲਾਕੇ ਵਿੱਚ ਅਵਾਰਾ ਕੁੱਤਿਆਂ ਦਾ ਖੌਫ, ਪਰੇਸ਼ਾਨ ਹੋਏ ਲੋਕ

ਜਲੰਧਰ,15 ਦਿਸੰਬਰ(ਸੁਨੀਲ) ਜਲੰਧਰ ਦੇ ਵੇਰਕਾ ਮਿਲਕ ਪਲਾਂਟ ਇਲਾਕੇ ਵਿੱਚ ਅਵਾਰਾ ਕੁੱਤਿਆਂ ਦਾ ਖੌਫ ਇਸ ਹੱਦ ਤੱਕ ਵੱਧ ਚੁੱਕਾ ਹੈ ਕਿ ਆਮ ਲੋਕ ਰੋਜ਼ਾਨਾ ਦਹਿਸ਼ਤ ਦੇ ਸਾਏ ਹੇਠ ਜ਼ਿੰਦਗੀ ਬਿਤਾਉਣ ‘ਤੇ ਮਜਬੂਰ ਹਨ। ਇਲਾਕੇ ਦੇ ਰਹਿਣ ਵਾਲਿਆਂ ਦਾ ਕਹਿਣਾ ਹੈ ਕਿ ਕੁੱਤਿਆਂ ਦੀ ਬੇਤਹਾਸ਼ਾ ਜਨਸੰਖਿਆ ਕਾਰਨ ਪੈਦਲ ਚੱਲਣ ਵਾਲਾ ਹਰ ਵਿਅਕਤੀ ਹਮਲੇ ਦੇ ਖਤਰੇ ਵਿੱਚ ਹੈ। ਕਈ ਲੋਕ ਪਹਿਲਾਂ ਹੀ ਦੰਦ ਮਾਰ ਕੇ ਜ਼ਖ਼ਮੀ ਹੋ ਚੁੱਕੇ ਹਨ ਤੇ ਕਈ ਵਾਰ ਤਾਂ ਸਕੂਲੀ ਬੱਚਿਆਂ ਅਤੇ ਫੈਕਟਰੀ ਕਰਮਚਾਰੀਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਲੋਕਾਂ ਦੇ ਦਾਅਵੇ ਅਨੁਸਾਰ ਇਹ ਸਮੱਸਿਆ ਨਵੀਂ ਨਹੀਂ, ਸਾਲਾਂ ਤੋਂ ਇਹ ਅਵਾਰਾ ਕੁੱਤੇ ਲਗਾਤਾਰ ਇਲਾਕੇ ਵਿੱਚ ਆਉਣ-ਜਾਣ ਵਾਲਿਆਂ ਨੂੰ ਸ਼ਿਕਾਰ ਬਣਾਉਂਦੇ ਆ ਰਹੇ ਹਨ। ਪਰ ਹੈਰਾਨੀ ਦੀ ਗੱਲ ਹੈ ਕਿ ਇੰਨੀ ਵੱਡੀ ਸਮੱਸਿਆ ਦੇ ਬਾਵਜੂਦ ਨਗਰ ਨਿਗਮ ਦੇ ਜ਼ਿੰਮੇਵਾਰ ਅਧਿਕਾਰੀ ਅਤੇ ਹੋਰ ਸਬੰਧਤ ਵਿਭਾਗ ਪੂਰੀ ਤਰ੍ਹਾਂ ਬੇਪਰਵਾਹ ਬਣੇ ਬੈਠੇ ਹਨ। ਨਾ ਤਾਂ ਕੋਈ ਡੰਗ ਕੋਚਿੰਗ ਮੁਹਿੰਮ ਚਲਾਈ ਗਈ, ਨਾ ਹੀ ਇਲਾਕੇ ਨੂੰ ਸੁਰੱਖਿਅਤ ਬਣਾਉਣ ਲਈ ਕੋਈ ਤੇਜ਼ ਕਾਰਵਾਈ ਕੀਤੀ ਗਈ। ਸਥਾਨਕ ਲੋਕਾਂ ਨੇ ਸਖ਼ਤ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਜੇਕਰ ਨਿਗਮ ਨੇ ਤੁਰੰਤ ਕਾਰਵਾਈ ਨਾ ਕੀਤੀ, ਤਾਂ ਕਿਸੇ ਵੱਡੇ ਹਾਦਸੇ ਨੂੰ ਰੋਕਣਾ ਮੁਸ਼ਕਲ ਹੋ ਜਾਵੇਗਾ।ਉਨ੍ਹਾਂ ਨੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਸਿੱਧਾ ਚੇਤਾਵਨੀ ਦਿੱਤੀ ਹੈ ਕਿ ਲੋਕਾਂ ਦੀ ਜਾਨ ਨਾਲ ਖੇਡ ਰਹੀ ਇਸ ਲਾਪਰਵਾਹੀ ਦਾ ਹਿਸਾਬ ਦੇਣਾ ਪਵੇਗਾ। ਇਲਾਕਾ ਵਾਸੀਆਂ ਦੀ ਮੰਗ ਸਾਫ਼ ਹੈ ਜਾਂ ਤਾਂ ਅਵਾਰਾ ਕੁੱਤਿਆਂ ‘ਤੇ ਨਿਯੰਤਰਣ ਕਰਕੇ ਸੁਰੱਖਿਆ ਯਕੀਨੀ ਬਣਾਈ ਜਾਵੇ, ਨਹੀਂ ਤਾਂ ਨਗਰ ਨਿਗਮ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।
