ਭਾਜਪਾ 9 ਸਾਲਾਂ ਦਾ ਕੰਮ 9 ਮਹੀਨਿਆਂ ‘ਚ ਕਰਕੇ ਦਿਖਾਏਗੀ : ਅਸ਼ਵਨੀ ਸ਼ਰਮਾ

ਕਾਂਗਰਸੀ ਸੰਸਦ ਮੈਂਬਰ ਨੇ 9 ਸਾਲਾਂ ‘ਚ ਸੰਸਦ ‘ਚ 9 ਵਾਰ ਵੀ ਜਲੰਧਰ ਦੀ ਆਵਾਜ਼ ਨਹੀਂ ਚੁੱਕੀI
ਜਲੰਧਰ ਜ਼ਿਮਨੀ ਚੋਣ ਬਾਲ ਹੋਵੇਗੀ ਨਵੇਂ ਦੌਰ ਦੀ ਸ਼ੁਰੂਆਤ : ਇੰਦਰ ਇਕਬਾਲ ਸਿੰਘ ਅਟਵਾਲ
ਜਲੰਧਰ 8 ਮਈ (ਸੁਨੀਲ ਕੁਮਾਰ) : ਅੱਜ ਚੋਣ ਪ੍ਰਚਾਰ ਦੇ ਆਖਰੀ ਦਿਨ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਅਕਾਲੀ ਦਲ ਦੇ ਗਠਜੋੜ ਤੋਂ ਮੁਕਤ ਹੋ ਕੇ ਲੜ ਰਹੀ ਹੈ ਅਤੇ ਇਹ ਚੋਣ ਕਈ ਪੱਖਾਂ ਤੋਂ ਖਾਸ ਵੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਸੰਸਦ ਮੈਂਬਰ ਨੇ 9 ਸਾਲਾਂ ਵਿੱਚ 9 ਵਾਰ ਵੀ ਜਲੰਧਰ ਦੀ ਆਵਾਜ਼ ਪਾਰਲੀਮੈਂਟ ਵਿੱਚ ਨਹੀਂ ਚੁੱਕੀ, ਉਲਟਾ 900 ਕਰੋੜ ਦੇ ਸਮਾਰਟ ਸਿਟੀ ਫੰਡ ’ਤੇ ਵੀ ਨਜਰ ਨਹੀਂ ਰੱਖੀ। ਉਨ੍ਹਾਂ ਕਿਹਾ ਕਿ ਹੁਣ ਤੱਕ ਚੋਣ ਪ੍ਰਚਾਰ ਦੌਰਾਨ ਭਾਜਪਾ ਨੂੰ ਜਿਸ ਤਰ੍ਹਾਂ ਲੋਕਾਂ ਦਾ ਪਿਆਰ ਮਿਲਿਆ ਹੈ, ਉਸ ਤੋਂ ਸਪੱਸ਼ਟ ਹੈ ਕਿ ਲੋਕ ਭਾਜਪਾ ਨੂੰ ਜਿਤਾਉਣ ਦਾ ਮਨ ਬਣਾ ਚੁੱਕੇ ਹਨ। ਜੋ ਕੰਮ ਕਾਂਗਰਸ ਦੇ ਸੰਸਦ ਮੈਂਬਰ 9 ਸਾਲਾਂ ‘ਚ ਨਹੀਂ ਕਰ ਸਕੇ, ਭਾਜਪਾ ਸੰਸਦ ਮੈਂਬਰ ਉਹ 9 ਮਹੀਨਿਆਂ ‘ਚ ਕਰਨਗੇ। ਉਨ੍ਹਾਂ ਕਿਹਾ ਕਿ ਭਾਜਪਾ 9 ਮਹੀਨਿਆਂ ‘ਚ ਵਿਕਾਸ ਦਾ ਟ੍ਰੇਲਰ ਦਿਖਾ ਦੇਵੇਗੀ, ਜਦਕਿ ਪੂਰੀ ਤਸਵੀਰ ਦੇਖਣ ਲਈ 2024 ਦੀਆਂ ਲੋਕ ਸਭਾ ਚੋਣਾਂ ‘ਚ ਲੋਕ ਖੁਦ ਭਾਜਪਾ ਨੂੰ ਚੁਣਨਗੇ। ਦੂਜੇ ਪਾਸੇ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੇ ਕਿਹਾ ਕਿ ਜਲੰਧਰ ਜ਼ਿਮਨੀ ਚੋਣ ਪੰਜਾਬ ਵਿੱਚ ਇੱਕ ਨਵੇਂ ਦੌਰ ਦੀ ਸ਼ੁਰੂਆਤ ਕਰੇਗੀ ਅਤੇ ਪੰਜਾਬ ਵਿੱਚ ਇੱਕ ਨਵੀਂ ਸਵੇਰ ਹੋਵੇਗੀ।
ਅਸ਼ਵਨੀ ਸ਼ਰਮਾ ਨੇ ਹੁਣ ਤੱਕ ਦੇ ਚੋਣ ਪ੍ਰਚਾਰ ਬਾਰੇ ਗੱਲ ਕਰਦਿਆਂ ਕਿਹਾ ਕਿ ਭਾਜਪਾ ਦੇ ਵਰਕਰ ਪਿਛਲੇ 2 ਮਹੀਨਿਆਂ ਤੋਂ ਲਗਾਤਾਰ ਲੋਕਾਂ ਨਾਲ ਸੰਪਰਕ ਕਰ ਰਹੇ ਹਨ ਅਤੇ ਭਾਜਪਾ ਨੂੰ ਬੜਾ ਸੁਖਦ ਅਨੁਭਵ ਹੋਇਆ ਹੈ। ਜਿੱਥੇ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਮੰਤਰੀ, ਸੰਸਦ ਮੈਂਬਰ, ਵਿਧਾਇਕ ਆਦਿ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਸਨ, ਉਥੇ ਹੀ 6500 ਵਰਕਰਾਂ ਨੇ ਵੀ ਚੋਣ ਪ੍ਰਚਾਰ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਪਿੰਡਾਂ ਅਤੇ ਸ਼ਹਿਰਾਂ ਦੇ 2.50 ਲੱਖ ਪਰਿਵਾਰਾਂ ਨਾਲ ਸੰਪਰਕ ਕੀਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਦੇਸ਼ ਹਰੇਕ ਵੋਟਰ ਤੱਕ ਪਹੁੰਚਾਇਆ। ਜਿਸ ਤਰ੍ਹਾਂ ਪੇਂਡੂ ਖੇਤਰਾਂ ਵਿੱਚ ਲੋਕਾਂ ਨੇ ਭਾਜਪਾ ਦਾ ਸਵਾਗਤ ਕੀਤਾ, ਭਾਜਪਾ ਦੀਆਂ ਰੈਲੀਆਂ ਵਿੱਚ ਸ਼ਮੂਲੀਅਤ ਕੀਤੀ, ਉਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਸਕੀਮਾਂ ਅਤੇ ਨੀਤੀਆਂ ਨੂੰ ਪਿੰਡਾਂ ਅਤੇ ਸ਼ਹਿਰਾਂ ਵਿੱਚ ਪਸੰਦ ਕੀਤਾ ਜਾ ਰਿਹਾ ਹੈ।
ਅਸ਼ਵਨੀ ਸ਼ਰਮਾ ਨੇ ਲੋਕ ਸਭਾ ਜ਼ਿਮਨੀ ਚੋਣ ਬਾਰੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਹਰ ਚੋਣ ਪੂਰੀ ਗੰਭੀਰਤਾ ਨਾਲ ਲੜਦੀ ਹੈ। ਫਿਰ ਉਹ ਜ਼ਿਮਨੀ ਚੋਣ ਹੋਵੇ, ਵਿਧਾਇਕ ਦੀ ਚੋਣ ਹੋਵੇ, ਕੌਂਸਲਰ ਦੀ ਚੋਣ ਹੋਵੇ ਜਾਂ ਕਿਸੇ ਵੀ ਪੱਧਰ ਦੀ ਚੋਣ ਹੋਵੇ। ਇਸ ਜ਼ਿਮਨੀ ਚੋਣ ਵਿੱਚ ਵੀ ਕਈ ਕੇਂਦਰੀ ਮੰਤਰੀ, ਸੰਸਦ ਮੈਂਬਰ, ਪੂਰੇ ਸੂਬੇ ਦੀਆਂ ਟੀਮਾਂ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਮੰਤਰੀ ਚੋਣ ਪ੍ਰਚਾਰ ਵਿੱਚ ਡਟੇ ਰਹੇ। ਉਨ੍ਹਾਂ ਕਿਹਾ ਕਿ ਚੋਣਾਂ ਦੇ ਆਖਰੀ ਪੜਾਅ ‘ਤੇ ਜਿਸ ਤਰ੍ਹਾਂ ਵਿਰੋਧੀ ਪਾਰਟੀਆਂ ਸ਼ਰਾਬ ਵੰਡਦੀਆਂ ਹਨ, ਉਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਇਕ ਬੂੰਦ ਵੀ ਸ਼ਰਾਬ ਨਹੀਂ ਵੰਡੇਗੀ। ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਭ੍ਰਿਸ਼ਟਾਚਾਰ ਅਤੇ ਦੇਸ਼ ਵਿਰੋਧੀ ਤਾਕਤਾਂ ਦੇ ਖਿਲਾਫ ਜ਼ੀਰੋ ਟੋਲਰੈਂਸ ਰੱਖਦੀ ਹੈ, ਉਸੇ ਤਰ੍ਹਾਂ ਭਾਜਪਾ ਵੀ ਨਸ਼ਿਆਂ ਖਿਲਾਫ ਜ਼ੀਰੋ ਟਾਲਰੈਂਸ ਰੱਖੇਗੀ। ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਸ਼ਾ ਖਤਮ ਕਰਨ, ਔਰਤਾਂ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ, ਬਜ਼ੁਰਗਾਂ ਅਤੇ ਵਿਧਵਾਵਾਂ ਦੀ ਪੈਨਸ਼ਨ ਦੁੱਗਣੀ ਕਰਨ ਦੇ ਵਾਅਦੇ ਕਰਕੇ ਸੱਤਾ ਹਾਸਲ ਕੀਤੀ ਸੀ, ਪਰ ਵਾਅਦੇ ਪੂਰੇ ਨਹੀਂ ਕਰ ਰਹੀ। ਹੁਣ ਸੂਬੇ ਦੇ ਲੋਕ ‘ਆਪ’ ਸਰਕਾਰ ਤੋਂ ਪੂਰੀ ਤਰ੍ਹਾਂ ਨਿਰਾਸ਼ ਹੋ ਚੁੱਕੇ ਹਨ। ਜਿਸ ਤਰ੍ਹਾਂ ਪੰਜਾਬ ‘ਚ ਅਮਨ ਕਾਨੂੰਨ ਦੀ ਸਥਿਤੀ ਵਿਗੜ ਚੁੱਕੀ ਹੈ ਅਤੇ ਜਿਸ ਤਰ੍ਹਾਂ ਕਾਂਗਰਸੀ ਸੰਸਦ ਮੈਂਬਰ ਨੇ ਜਲੰਧਰ ਵੱਲ ਧਿਆਨ ਨਹੀਂ ਦਿੱਤਾ, ਅਜਿਹੇ ‘ਚ ਜਨਤਾ ਹੁਣ ਸਿਰਫ ਭਾਜਪਾ ਨੂੰ ਹੀ ਉਮੀਦ ਦੇ ਰੂਪ ‘ਚ ਦੇਖ ਰਹੀ ਹੈ ਅਤੇ ਭਾਜਪਾ ਨੂੰ ਇਕ ਬਿਹਤਰ ਵਿਕਲਪ ਵਜੋਂ ਦੇਖਿਆ ਜਾ ਰਿਹਾ ਹੈ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਬੀਤੀ 6 ਮਈ ਨੂੰ ਭਾਜਪਾ ਵੱਲੋਂ ਜਲੰਧਰ ਵਿੱਚ ਰੋਡ ਸ਼ੋਅ ਕੀਤਾ ਗਿਆ ਸੀ। ਉਸ ਰੋਡ ਸ਼ੋਅ ਦੌਰਾਨ ਲੋਕਾਂ ਵੱਲੋਂ ਦਿਖਾਇਆ ਗਿਆ ਪਿਆਰ ਇਤਿਹਾਸਕ ਸੀ। ਉਸ ਦੇ ਨਿੱਜੀ ਫੇਸਬੁੱਕ ‘ਤੇ 70,000 ਲੋਕਾਂ ਨੇ ਉਸਨੂੰ ਲਾਈਵ ਦੇਖਿਆ, ਜਦਕਿ ਹੋਰ ਸੋਸ਼ਲ ਮੀਡੀਆ, ਯੂਟਿਊਬ, ਭਾਜਪਾ ਦੇ ਫੇਸਬੁੱਕ ‘ਤੇ ਵੀ ਅਣਗਿਣਤ ਲੋਕ ਦੇਖ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਰੋਡ ਸ਼ੋਅ ਵਿਚ ਲੋਕਾਂ ਦਾ ਜੋ ਸਮਰਥਨ ਅਤੇ ਉਤਸ਼ਾਹ ਦੇਖਣ ਨੂੰ ਮਿਲਿਆ ਹੈ, ਉਸ ਤੋਂ ਸਪੱਸ਼ਟ ਹੈ ਕਿ ਹੁਣ ਲੋਕ ਜਲੰਧਰ ਲੋਕ ਸਭਾ ਜ਼ਿਮਨੀ ਚੋਣ, ਆਗਾਮੀ 2024 ਦੀਆਂ ਲੋਕ ਸਭਾ ਆਮ ਚੋਣਾਂ ਅਤੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਸੱਤਾ ਵਿਚ ਦੇਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਜ਼ਿਮਨੀ ਚੋਣ ਵਿੱਚ ਮੀਡੀਆ ਦੀ ਭੂਮਿਕਾ ਵੀ ਬਹੁਤ ਸ਼ਿਲਾਘਯੋਗ ਰਹੀ ਹੈ। ਉਨ੍ਹਾਂ ਜਲੰਧਰ ਦੀ ਕਾਇਆ ਕਲਪ ਅਤੇ ਪੰਜਾਬ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਵੋਟ ਪਾ ਕੇ ਸੰਸਦ ਵਿੱਚ ਭੇਜਣ ਦੀ ਅਪੀਲ ਕੀਤੀ।
ਇਸ ਮੌਕੇ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਯੂਨਾਈਟਿਡ ਦੇ ਸਾਂਝੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੇ ਕਿਹਾ ਕਿ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਪੰਜਾਬ ਵਿੱਚ ਇੱਕ ਨਵੇਂ ਦੌਰ ਅਤੇ ਨਵੀਂ ਸਵੇਰ ਦੀ ਸ਼ੁਰੂਆਤ ਸਾਬਤ ਹੋਵੇਗੀ। ਅਟਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜਾਬ ਨਾਲ ਵਿਸ਼ੇਸ਼ ਲਗਾਉ ਅਤੇ ਸਨੇਹ ਹੈ। ਹੁਣ ਤਾਂ ਪਿੰਡਾਂ-ਸ਼ਹਿਰਾਂ ਵਿੱਚ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਯੋਜਨਾਵਾਂ ਦਾ ਹਰ ਪਾਸੇ ਜ਼ਿਕਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਵਿੱਚ ਭਾਜਪਾ ਨੂੰ ਜਿਤਾ ਕੇ ਪੰਜਾਬ ਵਿਕਾਸ ਵੱਲ ਵਧੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਕ ਵਾਰ ਸੇਵਾ ਕਰਨ ਦਾ ਮੌਕਾ ਜ਼ਰੂਰ ਦਿੱਤਾ ਜਾਵੇ। ਇੰਦਰ ਇਕਬਾਲ ਸਿੰਘ ਅਟਵਾਲ ਨੇ ਕਿਹਾ ਕਿ ਕਾਂਗਰਸ ਦੇ 9 ਸਾਲ ਸੰਸਦ ਮੈਂਬਰ ਰਹੇ, ਪਰ ਉਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਸਹੀ ਢੰਗ ਨਾਲ ਨਹੀਂ ਨਿਭਾਇਆ। ਉਨ੍ਹਾਂ ਕੇਂਦਰ ਸਰਕਾਰ ਦੀਆਂ ਅਣਗਿਣਤ ਸਕੀਮਾਂ ਦਾ ਲਾਭ ਵੀ ਲੋਕਾਂ ਤੱਕ ਨਹੀਂ ਪਹੁੰਚਾਇਆ। ਅਜਿਹੇ ਵਿੱਚ ਉਨ੍ਹਾਂ ਨੂੰ ਵੀ ਮੌਕਾ ਮਿਲਣਾ ਚਾਹੀਦਾ ਹੈ ਤਾਂ ਜੋ ਜਲੰਧਰ ਦਾ ਵਿਕਾਸ ਹੋ ਸਕੇ ਅਤੇ ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਲਾਗੂ ਕੀਤਾ ਜਾ ਸਕੇ।
ਇਸ ਮੌਕੇ ਅਸ਼ਵਨੀ ਸ਼ਰਮਾ ਦੇ ਨਾਲ ਮੰਚ ‘ਤੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ, ਮੀਤ ਪ੍ਰਧਾਨ ਡਾ: ਸੁਭਾਸ਼ ਸ਼ਰਮਾ, ਦਿਆਲ ਸਿੰਘ ਸੋਢੀ, ਬੁਲਾਰੇ ਅਨਿਲ ਸਰੀਨ, ਮੀਡੀਆ ਸਕੱਤਰ ਜਨਾਰਦਨ ਸ਼ਰਮਾ, ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ, ਅਮਿਤ ਭਾਟੀਆ ਆਦਿ ਵੀ ਹਾਜ਼ਰ ਸਨI
