ਤੁਰ ਗਿਆ ਬਸਪਾ ਦਾ ਧਾਕੜ ਆਗੂ ਭਗਵਾਨ ਸਿੰਘ ਚੌਹਾਨ

ਹੁਸ਼ਿਆਰਪੁਰ 9 ਦਸੰਬਰ (ਤਰਸੇਮ ਦੀਵਾਨਾ ) – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ , ਗੁਰੂਆਂ,ਰਹਿਬਰਾਂ, ਵਿਦਵਾਨਾਂ ਦੇ ਕ੍ਰਾਂਤੀਕਾਰੀ ਫਲਸਫੇ ਤੇ ਤਰਕ ਦਲੀਲ ਨਾਲ ਬਿਨਾਂ ਕਿਸੇ ਡਰ ਸੰਕੋਚ ਤੋਂ ਸੱਚੀ ਅਤੇ ਮੌਕੇ ਦੇ ਹਾਲਾਤਾਂ ਦੀ ਬੇਝਿਜਕ ਗੱਲ ਕਰਨ ਵਾਲਾ ਬਹੁਜਨ ਸਮਾਜ ਦਾ ਧਾਕੜ ਤੇ ਬੱਬਰ ਸ਼ੇਰ ਆਗੂ ਸ੍ਰੀ ਭਗਵਾਨ ਸਿੰਘ ਚੌਹਾਨ ਅੱਜ ਲੰਮੀ ਬਿਮਾਰੀ ਤੋਂ ਬਾਅਦ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਿਆ। ਕਰੀਬ ਤਿੰਨ ਕੁ ਦਹਾਕੇ ਪਹਿਲਾਂ ਬਸਪਾ ਸੰਸਥਾਪਕ ਸ੍ਰੀ ਕਾਂਸ਼ੀ ਰਾਮ ਦੇ ਅੰਦੋਲਨ ਵਿਚ ਸ਼ਾਮਲ ਹੋਏ ਸ੍ਰੀ ਚੌਹਾਨ ਨੇ ਬਹੁਜਨ ਸਮਾਜ ਅੰਦਰ ਆਪਣਾ ਚੰਗਾ ਮੁਕਾਮ ਹਾਂਸਲ ਕੀਤਾ ਅਤੇ ਕਾਂਸ਼ੀ ਰਾਮ ਜੀ ਦੇ ਕਰੀਬੀਆਂ ਵਿਚੋਂ ਗਿਣੇ ਜਾਣ ਲੱਗੇ। ਭਗਵਾਨ ਸਿੰਘ ਚੌਹਾਨ ਬਸਪਾ ਦੇ ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਦੇ ਕੋਆਰਡੀਨੇਟਰ ਅਤੇ ਪੰਜਾਬ ਸਟੇਟ ਦੇ ਜਨਰਲ ਸਕੱਤਰ ਅਤੇ ਇੰਚਾਰਜ ਵੀ ਰਹੇ । ਉਨਾਂ ਨੇ ਸ਼ਾਮਚੁਰਾਸੀ ਤੋਂ ਵਿਧਾਨ ਸਭਾ ਅਤੇ 2014 ਵਿੱਚ ਲੋਕ ਸਭਾ ਹੁਸ਼ਿਆਰਪੁਰ ਦੀ ਚੋਣ ਵੀ ਲੜੀ । ਸ੍ਰੀ ਕਾਂਸ਼ੀ ਰਾਮ ਦੀ ਲੋਕ ਸਭਾ ਹੁਸ਼ਿਆਰਪੁਰ ਤੋਂ ਜਿੱਤ ਲਈ ਚੌਹਾਨ ਦਾ ਵੱਡਾ ਯੋਗਦਾਨ ਮੰਨਿਆ ਜਾਂਦਾ ਰਿਹਾ ਹੈ। ਭਗਵਾਨ ਸਿੰਘ ਚੌਹਾਨ ਨੇ ਭਾਰਤੀ ਫੌਜ ਵਿੱਚੋਂ ਰੇਡੀਓ ਆਫ਼ਿਸਰ ਸੇਵਾਮੁਕਤ ਹੋਣ ਤੋਂ ਬਾਅਦ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਸਮਾਜਿਕ ਪਰਿਵਰਤਨ ਅਤੇ ਆਰਥਿਕ ਮੁਕਤੀ ਅੰਦੋਲਨ ਵਿਚ ਕੰਮ ਕਰਨਾ ਸ਼ੁਰੂ ਕੀਤਾ। ਸਭ ਤੋਂ ਪਹਿਲੇ ਉਹ ਬਸਪਾ ਦੇ ਵਿਧਾਨ ਸਭਾ ਦੇ ਜਨਰਲ ਸੈਕਟਰੀ ਬਣੇ ਫਿਰ ਜਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਗਏ । ਚੌਹਾਨ ਨਿਧੜਕ ਅਤੇ ਦੂਰਅੰਦੇਸ਼ੀ ਆਗੂ ਸਨ। ਚੌਹਾਨ ਜੀ ਦੇ ਅਕਾਲ ਚਲਾਣੇ ਤੇ ਲੱਖਾ ਲੋਕਾਂ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਉਨ੍ਹਾਂ ਦੇ ਜਾਣ ਨਾਲ ਪਰਿਵਾਰ ਅਤੇ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਚੌਹਾਨ ਸਾਹਿਬ ਦੀ ਘਾਟ ਉਨਾਂ ਦੇ ਚਾਹੁਣ ਵਾਲਿਆਂ ਦੇ ਮਨਾਂ ਅੰਦਰ ਹਮੇਸ਼ਾ ਹੀ ਰੜਕਦੀ ਰਹੇਗੀ।
