ਵੋਟਾਂ ਵਾਲੇ ਦਿਨ ਪੀ.ਡਬਲਯੂ.ਡੀ. ਤੇ ਬਜ਼ੁਰਗ ਵੋਟਰਾਂ ਦੀ ਸਹੂਲਤ ਲਈ ਪੋਲਿੰਗ ਬੂਥਾਂ ‘ਤੇ ਕੀਤੇ ਜਾਣਗੇ ਵਿਸ਼ੇਸ਼ ਪ੍ਰਬੰਧ : ਡਿਪਟੀ ਕਮਿਸ਼ਨਰ
ਕਿਹਾ ਸਮੁੱਚੇ 1972 ਪੋਲਿੰਗ ਸਟੇਸ਼ਨਾਂ ’ਤੇ ਰੈਂਪ, ਵੀਲ੍ਹਚੇਅਰ ਦੀ ਸਹੂਲਤ ਤੋਂ ਇਲਾਵਾ ਵਲੰਟੀਅਰ ਹੋਣਗੇ ਮੌਜੂਦ
ਦਿਵਿਆਂਗ ਵੋਟਰ ਸਕਸ਼ਮ ਐਪ ਰਾਹੀਂ ਪਿਕ ਐਂਡ ਡਰਾਪ ਦੀ ਸਹੂਲਤ ਲਈ ਕਰ ਸਕਦੇ ਨੇ ਰਜਿਸਟਰ
ਜਲੰਧਰ, 5 ਮਈ (ਸੁਨੀਲ ਕੁਮਾਰ) ਲੋਕ ਸਭਾ ਹਲਕੇ ਦੀ 10 ਮਈ ਨੂੰ ਹੋਣ ਜਾ ਰਹੀ ਜਿਮਨੀ ਚੋਣ ਵਿੱਚ ਪੀ.ਡਬਲਯੂ.ਡੀ. ਅਤੇ ਬਜ਼ੁਰਗ ਵੋਟਰਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੋਟਾਂ ਵਾਲੇ ਦਿਨ ਅਜਿਹੇ ਵੋਟਰਾਂ ਦੀ ਸਹੂਲਤ ਲਈ ਹਰੇਕ ਪੋਲਿੰਗ ਬੂਥ ’ਤੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ।
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਜਸਪ੍ਰੀਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿਚ ਕੁੱਲ 10450 ਪੀ.ਡਬਲਯੂ.ਡੀ. ਅਤੇ 80 ਸਾਲ ਤੋਂ ਵੱਧ ਉਮਰ ਦੇ 38307 ਵੋਟਰ ਹਨ, ਜਿਨ੍ਹਾਂ ਦੀ ਸਹੂਲਤ ਲਈ ਵੋਟਾਂ ਵਾਲੇ ਦਿਨ ਜ਼ਿਲ੍ਹੇ ਦੇ ਸਮੁੱਚੇ 1972 ਪੋਲਿੰਗ ਸਟੇਸ਼ਨਾਂ ‘ਤੇ ਪੁਖ਼ਤਾ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦਿਵਿਆਂਗ ਤੇ ਬਜ਼ੁਰਗ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਵਿੱਚ ਕੋਈ ਪ੍ਰੇਸ਼ਾਨੀ ਪੇਸ਼ ਨਾ ਆਵੇ, ਇਸ ਦੇ ਲਈ ਅਜਿਹੇ ਵੋਟਰਾਂ ਨੂੰ ਹਰੇਕ ਪੋਲਿੰਗ ਬੂਥ ’ਤੇ ਰੈਂਪ, ਵੀਲ੍ਹ ਚੇਅਰ, ਕਤਾਰ ਰਹਿਤ ਵੋਟਿੰਗ ਅਤੇ ਵਲੰਟੀਅਰ ਦੀ ਉਪਲਬਧਾ ਸਮੇਤ ਹੋਰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਦਿਵਿਆਂਗ ਵੋਟਰ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਪਾਸ ਪਿਕ ਐਂਡ ਡਰਾਪ, ਵੀਲ੍ਹ ਚੇਅਰ ਅਤੇ ਹੋਰ ਸਹਾਇਤਾ ਲਈ ਸਕਸ਼ਮ ਐਪ ‘ਤੇ ਵੀ ਰਜਿਸਟਰ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਕਸ਼ਮ ਐਪ ਐਂਡਰਾਇਡ ਅਤੇ ਆਈ.ਓ.ਐਸ. ਦੋਵਾਂ ਪਲੇਟਫਾਰਮਾਂ ‘ਤੇ ਉਪਲਬਧ ਹੈ ਅਤੇ ਪੀ.ਡਬਲਯੂ.ਡੀ. ਵੋਟਰ ਆਪਣੇ ਮੋਬਾਈਲ ਫੋਨਾਂ ‘ਤੇ ਇਸ ਐਪ ਨੂੰ ਡਾਊਨਲੋਡ ਕਰਕੇ ਪੋਲਿੰਗ ਬੂਥਾਂ ‘ਤੇ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲਈ ਰਜਿਸਟਰ ਕਰ ਸਕਦੇ ਹਨ ਜਾਂ ਹੈਲਪਲਾਈਨ ਨੰਬਰ 1950 ‘ਤੇ ਕਾਲ ਕਰ ਸਕਦੇ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਦਿਵਿਆਂਗ ਅਤੇ ਬਜ਼ੁਰਗ ਵੋਟਰਾਂ ਦੀ ਮਦਦ ਲਈ ਹਰੇਕ ਪੋਲਿੰਗ ਬੂਥ ’ਤੇ ਚੋਣ ਮਿੱਤਰਾਂ ਦੇ ਨਾਲ-ਨਾਲ ਨੈਸ਼ਨਲ ਸਰਵਿਸ ਸਕੀਮ (ਐਨ.ਐਸ.ਐਸ.) ਦੇ ਵਲੰਟੀਅਰ ਅਤੇ ਨੈਸ਼ਨਲ ਕੈਡੇਟ ਕੋਰ (ਐਨ.ਸੀ.ਸੀ.) ਦੇ ਕੈਡਿਟਾਂ ਨੂੰ ਤਾਇਨਾਤ ਕੀਤਾ ਜਾ ਜਾਵੇਗਾ ਤਾਂ ਜੋ ਉਹ ਜਿਮਨੀ ਚੋਣ ਵਿੱਚ ਬਿਨਾਂ ਕਿਸੇ ਮੁਸ਼ਕਲ ਦੇ ਵੋਟ ਪਾ ਸਕਣ। ਉਨ੍ਹਾਂ ਦੱਸਿਆ ਕਿ ਸਮੁੱਚੇ 9 ਵਿਧਾਨ ਸਭਾ ਹਲਕਿਆਂ ਵਿੱਚ ਸਿਸਟੇਮੈਟਿਕ ਵੋਟਰਜ਼ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸਿਪੇਸ਼ਨ (ਸਵੀਪ) ਪ੍ਰੋਗਰਾਮ ਦੇ ਨੋਡਲ ਅਫ਼ਸਰਾਂ ਵੱਲੋਂ ਅਜਿਹੇ ਵੋਟਰਾਂ ਲਈ 10 ਮਈ ਨੂੰ ਵੋਟਾਂ ਵਾਲੇ ਦਿਨ ਪਿਕ ਐਂਡ ਡਰਾਪ ਦੀ ਸਹੂਲਤ ਦੀ ਵਿਅਕਤੀਗਤ ਤੌਰ ‘ਤੇ ਨਿਗਰਾਨੀ ਕੀਤੀ ਜਾਵੇਗੀ।
ਜ਼ਿਲ੍ਹੇ ਭਰ ਦੇ ਪੋਲਿੰਗ ਬੂਥਾਂ ‘ਤੇ ਪੀ.ਡਬਲਯੂ.ਡੀ. ਅਤੇ ਬਜ਼ੁਰਗ ਵੋਟਰਾਂ ਦੀ ਸਹੂਲਤ ਲਈ ਪੁਖ਼ਤਾ ਪ੍ਰਬੰਧ ਕਰਨ ਦੀ ਵਚਨਬੱਧਤਾ ਦਹੁਰਾਉਂਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਅਜਿਹੇ ਵੋਟਰਾਂ ਨੂੰ ਪੋਲਿੰਗ ਬੂਥਾਂ ’ਤੇ ਮਿਲਣ ਵਾਲੀਆਂ ਸਹੂਲਤਾਂ ਸਬੰਧੀ ਜਾਗੂਰਕ ਕਰਨ ਲਈ ਸਵੀਪ ਪ੍ਰੋਗਰਾਮ ਤਹਿਤ ਵਿਸ਼ੇਸ਼ ਮੁਹਿੰਮ ਵੀ ਚਲਾਈ ਜਾ ਰਹੀ ਹੈ।
