ਕੇਂਦਰ ਸਰਕਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਕਬਜਾ ਕਰਨ ਲਈ ਤਰਲੋ ਮੱਛੀ ਹੋ ਰਹੀ ਹੈ : ਸੰਤ ਬਾਬਾ
ਸਤਰੰਜਨ ਸਿੰਘ ਧੁੱਗਿਆਂ ਵਾਲੇ

ਹੁਸ਼ਿਆਰਪੁਰ 21 ਨਵੰਬਰ ( ਤਰਸੇਮ ਦੀਵਾਨਾ ) – ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਕਬਜਾ ਜਮਾਉਣ ਦੇ ਲਈ ਤਰਲੋ ਮੱਛੀ ਹੋ ਰਹੀ ਕੇਂਦਰ ਸਰਕਾਰ ਦੇ ਖਿਲਾਫ ਸੰਘਰਸ਼ ਕਰ ਰਹੇ ਵਿਦਿਆਰਥੀਆਂ ਦਾ ਸਾਨੂੰ ਸਾਰਿਆਂ ਨੂੰ ਰਾਜਨਿਤਿਕ ਪਾਰਟੀਆਂ ਤੋ ਉੱਪਰ ਉੱਠਕੇ ਸਾਥ ਦੇਣਾ ਚਾਹੀਦਾ ਹੈ ! ਵਿਚਾਰ ਨਜ਼ਦੀਕੀ ਪਿੰਡ ਧੁੱਗਾ ਕਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਸਤਰੰਜਨ ਸਿੰਘ ਧੁੱਗਿਆਂ ਵਾਲਿਆਂ ਨੇ ਸਾਡੇ ਪੱਤਰਕਾਰ ਨਾਲ ਸਾਂਝੇ ਕੀਤੇ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਦੇਸ਼ ਦੇ ਸਭ ਤੋਂ ਵੱਧ ਖੁਸ਼ਹਾਲ ਸੂਬੇ ਪੰਜਾਬ ਦੀ ਨੌਜਵਾਨੀ ਉੱਚ ਸਿੱਖਿਆ ਹਾਸਲ ਕਰਦੀ ਚੰਗੀ ਨਹੀਂ ਲੱਗ ਰਹੀ।
ਉਨ੍ਹਾਂ ਕਿਹਾ ਕਿ ਤੇ ਧੜੇਬੰਦੀ ਤੋਂ ਪਰੇ ਰਹਿ ਕੇ ਯੂਨੀਵਰਸਿਟੀ ਨੂੰ ਬਚਾਉਣ ਦੇ ਵਿੱਚ ਲੱਗੀਆਂ ਜੱਥੇਬੰਦੀਆਂ ਤੇ ਪੂਰਨ ਹੱਕ ਵਿੱਚ ਹਨ ਤੇ ਇਸ ਵਾਸਤੇ ਸਿੱਧੇ ਰੂਪ ਵਿੱਚ ਆਰ ਪਾਰ ਦੀ ਫੈਸਲਾ ਕੁੰਨ ਲੜਾਈ ਲੜਣ ਲਈ ਰਣਨੀਤੀ ਤੈਅ ਕਰਨੀ ਪਈ ਤਾਂ ਉਸ ਤੋਂ ਵੀ ਪਿੱਛੇ ਨਾ ਹੱਟਿਆ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬੀ ਪਹਿਲਾਂ ਹੀ ਰਾਜਧਾਨੀ ਦੇ ਮਸਲੇ ਤੇ ਕੇਂਦਰ ਸਰਕਾਰ ਨਾਲ ਉਝਲਦੇ ਆ ਰਹੇ ਹਨ ਜਦੋਂ ਕਿ ਹੁਣ ਕੇਂਦਰ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਵਿੱਚ ਬੇਲੋੜਾ ਵਿਵਾਦ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਮਾਮਲੇ ਤੇ ਦੋਹਰੇ ਮਾਪਦੰਡ ਅਪਣਾ ਰਹੀ ਹੈ। ਇੱਕ ਪਾਸਿਓਂ ਪੰਜਾਬ ਸਰਕਾਰ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਵਿੱਚ ਹੀ ਰੱਖਣ ਦੀ ਬਿਆਨਬਾਜੀ ਕਰ ਰਹੀ ਹੈ ਤੇ ਦੂਜੇ ਪਾਸੇ ਬਾਹਰਲੇ ਸੂਬਿਆਂ ਦੀ ਪੁਲਿਸ ਭੇਜ ਕੇ ਚੰਡੀਗੜ੍ਹ ਪੁਲਿਸ ਦੀ ਪਿੱਠ ਥੱਪਥਪਾ ਰਹੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਪੂਰਨ ਰੂਪ ਵਿੱਚ ਚੰਡੀਗੜ੍ਹ ਨੂੰ ਆਪਣੀ ਰਾਜਧਾਨੀ ਨਹੀਂ ਬਣਾ ਸਕਿਆ ਤੇ ਹੁਣ ਉਸ ਨੇ ਕੇਂਦਰ ਸਰਕਾਰ ਦੇ ਨਾਲ ਮਿਲੀ ਭੁਗਤ ਕਰਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਹਥਿਆਉਣ ਲਈ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਵਰਤਕੇ ਇਹ ਵਿਉਂਤਬੰਦੀ ਗੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿੱਦਿਆ ਦੇ ਇਸ ਮੰਦਰ ਨੂੰ ਕੇਂਦਰ ਸਰਕਾਰ ਨੇ ਕੁਰਕਸ਼ੇਤਰ ਦਾ ਮੈਦਾਨ ਬਣਾ ਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਪ੍ਰੀਖਿਆਵਾਂ ਦੇ ਦਿਨਾਂ ਵਿੱਚ ਵਿਦਿਆਰਥੀਆਂ ਦਾ’ ਵਿੱਦਿਅਕ, ਮਾਨਸਿਕ ਤੇ ਆਰਥਿਕ ਨੁਕਸਾਨ ਹੋ ਰਿਹਾ ਹੈ ਅਤੇ ਜਿਸ ਨੂੰ ਬਿਲਕੁੱਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਚੰਡੀਗੜ੍ਹ ਪੰਜਾਬ ਦਾ ਹੈ ਠੀਕ ਉਸੇ ਤਰ੍ਹਾਂ ਉਸ ਨਾਲ ਸਬੰਧਤ ਹਰ ਇੱਕ ਚੀਜ਼ ਪੰਜਾਬ ਦੀ ਹੈ। ਪੰਜਾਬ ਤੇ ਹੱਕਾਂ ਤੇ ਕਿਸੇ ਨੂੰ ਵੀ ਡਾਕਾ ਮਾਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾ ਕਿਹਾ ਕਿ ਇਸ ਵਾਸਤੇ ਲੰਮਾ ਘੋਲ ਤੇ ਸੰਘਰਸ਼ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ।
