ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਲੰਮਾ ਪਿੰਡ-ਜੰਡੂ ਸਿੰਘਾ ਰੋਡ ਨੂੰ ਚਹੁੰ ਮਾਰਗੀ ਕਰਨ ਦੇ ਕੰਮ ਨੂੰ ਨਵੰਬਰ 2025 ਦੇ ਆਖੀਰ ਤੱਕ ਸਮੇਂ ਸਿਰ ਮੁਕੰਮਲ ਹਦਾਇਤ ਕੀਤੀ

ਜਲੰਧਰ : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਲੋਕ ਨਿਰਮਾਣ ਵਿਭਾਗ (ਪੀ.ਡਬਲਯੂ.ਡੀ.) ਨੂੰ ਹਦਾਇਤ ਕੀਤੀ ਕਿ ਲੰਮਾ ਪਿੰਡ-ਜੰਡੂ ਸਿੰਘਾ ਰੋਡ ਨੂੰ ਚਹੁੰ ਮਾਰਗੀ ਕਰਨ ਦੇ ਕੰਮ ਨੂੰ ਨਵੰਬਰ 2025 ਦੇ ਆਖੀਰ ਤੱਕ ਸਮੇਂ ਸਿਰ ਮੁਕੰਮਲ ਕਰਨ ਨੂੰ ਯਕੀਨੀ ਬਣਾਇਆ ਜਾਵੇ।
ਇਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਸੜਕ ਦੇ ਬਾਕੀ ਰਹਿੰਦੇ ਕੰਮ ਨੂੰ ਤੇਜ਼ੀ ਨਾਲ ਮੁਕੰਮਲ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।
ਡਾ.ਅਗਰਵਾਲ ਨੇ ਦੱਸਿਆ ਕਿ 11.80 ਕਰੋੜ ਰੁਪਏ ਦੀ ਲਾਗਤ ਨਾਲ 5 ਕਿਲੋਮੀਟਰ ਲੰਬੇ ਸੜਕੀ ਹਿੱਸੇ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਦੋ ਸ਼ਹਿਰਾਂ ਵਿਚਕਾਰ ਸਿੱਧੀ ਅਤੇ ਸੁਚਾਰੂ ਆਵਾਜਾਈ ਯਕੀਨੀ ਬਣਨ ਸਦਕਾ ਨਾਗਰਿਕਾਂ ਅਤੇ ਯਾਤਰੀਆਂ ਨੂੰ ਬਹੁਤ ਲਾਭ ਹੋਵੇਗਾ ਅਤੇ ਉਨ੍ਹਾਂ ਨੂੰ ਰਾਮਾ ਮੰਡੀ ਚੌਕ ਜਾਣ ਦੀ ਲੋੜ ਨਹੀਂ ਪਵੇਗੀ।
ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਸੜਕ ਦੇ ਬੇਸ ਦਾ ਕੰਮ ਪਹਿਲਾਂ ਹੀ ਮੁਕੰਮਲ ਕੀਤਾ ਜਾ ਚੁੱਕਾ ਹੈ ਅਤੇ ਬਿਟੂਮੈਨ ਦਾ ਕੰਮ ਜਲਦ ਸ਼ੁਰੂ ਹੋ ਜਾਵੇਗਾ। ਸੜਕ ਦੇ ਡਿਵਾਈਡਰ ਦਾ ਕੰਮ ਪਹਿਲਾਂ ਹੀ ਚੱਲ ਰਿਹਾ ਹੈ ਅਤੇ ਇਸ ਦੇ ਜਲਦ ਮੁਕੰਮਲ ਹੋਣ ਦੀ ਉਮੀਦ ਹੈ।
