ਸ਼੍ਰੀ ਮੋਹਿੰਦਰ ਭਗਤ ਵਲੋਂ ਅੱਜ ਨਵੇਂ ਸਿਰੇ ਤੋਂ ਬਣਾਏ ਗਏ ਬਬਰੀਕ ਚੌਕ ਆਮ ਲੋਕਾਂ ਨੂੰ ਕੀਤਾ ਸਮਰਪਿਤ

ਜਲੰਧਰ : (ਸੁਨੀਲ)ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਸ਼੍ਰੀ ਮੋਹਿੰਦਰ ਭਗਤ ਵਲੋਂ ਅੱਜ ਨਵੇਂ ਸਿਰੇ ਤੋਂ ਬਣਾਏ ਗਏ ਬਬਰੀਕ ਚੌਕ ਨੂੰ ਆਮ ਲੋਕਾਂ ਨੂੰ ਸਮਰਪਿਤ ਕੀਤਾ ਗਿਆ, ਇਸ ਮੌਕੇ ਧਨੁਸ਼-ਤੀਰ ਦੇ ਢਾਂਚੇ ਦਾ ਉਦਘਾਟਨ ਕੀਤਾ ਗਿਆ, ਜਿਸ ਨੇ ਸ਼ਹਿਰ ਦੇ ਇਸ ਸਭ ਤੋਂ ਵੱਧ ਰੁਝੇਵਿਆਂ ਭਰੇ ਸਥਾਨ ਨੂੰ ਇਕ ਨਵੀਂ ਦਿੱਖ ਪ੍ਰਦਾਨ ਕੀਤੀ। ਮੇਅਰ ਸ਼੍ਰੀ ਵਿਨੀਤ ਧੀਰ, ਕਮਿਸ਼ਨਰ ਨਗਰ ਨਿਗਮ ਸ਼੍ਰੀ ਸੰਦੀਪ ਰਿਸ਼ੀ ਅਤੇ ਸੀਨੀਅਰ ਆਪ ਆਗੂ ਸ਼੍ਰੀ ਨਿਤਿਨ ਕੋਹਲੀ ਸਮੇਤ ਕੈਬਨਿਟ ਮੰਤਰੀ ਨੇ ਕਿਹਾ ਕਿ ਨਵੀਨੀਕਰਨ ਕੀਤਾ ਗਿਆ ਇਹ ਚੌਕ ਸ਼ਹਿਰ ਦੀ ਸੁੰਦਰਤਾ ਨੂੰ ਹੋਰ ਵਧਾਉਣ ਦੇ ਨਾਲ-ਨਾਲ ਰਾਹਗੀਰਾਂ ਨੂੰ ਤਾਜ਼ਗੀ ਭਰਪੂਰ ਦ੍ਰਿਸ਼ ਦਾ ਅਹਿਸਾਸ ਵੀ ਕਰਵਾਏਗਾ। ਇਸ ਮੌਕੇ ਕੈਬਨਿਟ ਮੰਤਰੀ ਨੇ ਯੂਨੀਵਰਸਲ ਸਪੋਰਟਸ ਇੰਡਸਟਰੀ ਵੱਲੋਂ ਇਸ ਚੌਰਾਹੇ ਦਾ ਨਵੀਨੀਕਰਨ ਕਰਕੇ ਸੁੰਦਰ ਬਣਾਉਣ ਲਈ ਕੀਤੇ ਗਏ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਨਗਰ ਨਿਗਮ ਨੂੰ ਅਪੀਲ ਕੀਤੀ ਕਿ ਯੂਨੀਵਰਸ ਸਪੋਰਟਸ ਦੇ ਸਹਿਯੋਗ ਨਾਲ ਬਣਾਏ ਗਏ ਇਸ ਸੁੰਦਰ ਚੌਕ ਦੀ ਸਹੀ ਢੰਗ ਨਾਲ ਸਾਂਭ-ਸੰਭਾਲ ਨੂੰ ਵੀ ਯਕੀਨੀ ਬਣਾਇਆ ਜਾਵੇ। ਸ੍ਰੀ ਭਗਤ ਨੇ ਅੱਗੇ ਦੱਸਿਆ ਕਿ ਨਗਰ ਨਿਗਮ ਵਲੋਂ ਪਹਿਲਾਂ ਹੀ ਸ਼ਹਿਰ ਦੇ ਚੌਰਾਹਿਆਂ ਨੂੰ ਨਵੀਂ ਦਿੱਖ ਅਤੇ ਸੁੰਦਰ ਬਣਾਉਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਦੌਰਾਨ ਲੋਕਾਂ ਨੂੰ ਸ਼ਹਿਰ ਦੇ ਅਨੇਕਾਂ ਚੌਕਾਂ ਵਿੱਚ ਬਦਲਾਅ ਦੇਖਣ ਨੂੰ ਮਿਲੇਗਾ, ਜਿਸ ਨਾਲ ਜਲੰਧਰ ਨੂੰ ਹੋਰ ਆਕਰਸ਼ਕ ਤੇ ਖੂਬਸੂਰਤ ਦਿੱਖ ਮਿਲੇਗੀ।
