ਜੇਕਰ ਆਪਣੇ ਕਾਰਜਕਾਲ ਦੌਰਾਨ ਸੱਚੇ ਮਨੋ ਮਦਦ ਕੀਤੀ ਹੁੰਦੀ ਤਾਂ ਫਿਰ ਲੋਕ ਨਕਾਰਦੇ ਨਾ- ਸੰਤੋਸ਼ ਕਟਾਰੀਆ

ਬਲਾਚੌਰ /ਕਾਠਗੜ, 20 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ ) ਬੀਤੇ ਦਿਨੀਂ ਸੋਸ਼ਲ ਮੀਡੀਆ ‘ਤੇ ਬਲਾਚੌਰ ਦੇ ਇੱਕ ਕਾਂਗਰਸੀ ਆਗੂ ਨੇ ਇਕ ਵੀਡੀਓ ਵਾਇਰਲ ਕਰਕੇ ਆਮ ਆਦਮੀ ਪਾਰਟੀ ਦੀ ਹਲਕਾ ਵਿਧਾਇਕਾ ਨੂੰ ਹਲਕਾ ਵਾਸੀਆਂ ਵਿੱਚ ਨੀਵਾਂ ਦਿਖਾਉਣ ਦੀ ਕੀਤੀ ਗਈ ਹਾਸੋਹੀਣੀ ਤੇ ਘਟੀਆ ਹਰਕਤ ਦਾ ਜਵਾਬ ਦਿੰਦਿਆਂ ਵਿਧਾਇਕਾ ਸ੍ਰੀਮਤੀ ਸੰਤੋਸ਼ ਕਟਾਰੀਆ ਨੇ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਦੇ ਕਾਰਜਕਾਲ ਸਮੇਂ ਬਲਾਚੌਰ ਦੇ ਇਨ੍ਹਾਂ ਕਾਂਗਰਸੀ ਆਗੂਆਂ ਨੇ ਲੋਕਾਂ ਦੀ ਸੱਚੇ ਮਨੋਂ ਮਦਦ ਕੀਤੀ ਹੁੰਦੀ ਤੇ ਲੋਕਾਂ ਨੂੰ ਰੱਬ ਸਮਾਨ ਦਰਜਾ ਦਿੱਤਾ ਹੁੰਦਾ ਤਾਂ ਫਿਰ ਹਲਕਾ ਨਿਵਾਸੀ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬੁਰੀ ਤਰ੍ਹਾਂ ਨਕਾਰਦੇ ਨਾ ਅਤੇ ਦੂਜੀ ਵਾਰ ਜਿੱਤਣ ਦੇ ਸੁਪਨੇ ਦੇਖਣ ਵਾਲੇ ਤੀਜੇ ਨੰਬਰ ‘ਤੇ ਨਾ ਆਉਂਦੇ। ਗੰਭੀਰ ਹੁੰਦੇ ਹੋਏ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀਮਤੀ ਕਟਾਰੀਆ ਨੇ ਕਿਹਾ ਕਿ ਬੀਤੇ ਦਿਨੀਂ ਉਹ ਆਪਣੇ ਪਤੀ ਨਾਲ ਹਲਕੇ ਦੇ ਵੱਖ ਵੱਖ ਧਾਰਮਿਕ ਸਥਾਨਾਂ ‘ਤੇ ਨਤਮਸਤਕ ਹੋਣ ਗਏ ਸਨ ਜਿਸ ਦੌਰਾਨ ਜਦੋਂ ਉਹ ਡੇਰਾ ਬੌੜੀ ਸਾਹਿਬ ਪਹੁੰਚੇ ਤਾਂ ਡੇਰੇ ਦੇ ਮੌਜੂਦਾ ਗੱਦੀਨਸ਼ੀਨ ਸੁਆਮੀ ਦਿਆਲ ਦਾਸ ਜੀ ਵੱਲੋਂ ਉਹਨਾਂ ਨੂੰ ਹੇਠਾਂ ਬੈਠਣ ਦੀ ਬਜਾਏ ਡੇਰੇ ਵਿਖੇ ਰੱਖੇ ਗਏ ਇਕ ਸੋਫੇ ‘ਤੇ ਇਸ ਲਈ ਬਿਠਾ ਦਿੱਤਾ ਕਿਉਂਕਿ ਉਸ ਦੀ ਸਿਹਤ ਠੀਕ ਨਹੀਂ ਸੀ ਤੇ ਉਹ ਲੰਬਾ ਸਮਾਂ ਹਸਪਤਾਲ ਦਾਖਲ ਰਹਿ ਚੁੱਕੇ ਸਨ ਤੇ ਜੋ ਡੇਰੇ ਵਿਖੇ ਸੰਗਤ ਦੇ ਰੂਪ ਵਿੱਚ ਹਲਕਾ ਨਿਵਾਸੀ ਮੌਜੂਦ ਸਨ ਉਹ ਹੇਠਾਂ ਕੀਤੀ ਗਈ ਵਿਛਾਈ ਉੱਤੇ ਬੈਠ ਕੇ ਗੱਲਬਾਤ ਕਰਨ ਲੱਗ ਪਏ ਪ੍ਰੰਤੂ ਇਸ ਦੌਰਾਨ ਕਿਸੇ ਨੇ ਉੱਥੋਂ ਦੀ ਸਾਡੀ ਫੋਟੋ ਖਿੱਚ ਕੇ ਇਸ ਤਰ੍ਹਾਂ ਵਾਇਰਲ ਕਰ ਦਿੱਤੀ ਜਿਵੇਂ ਅਸੀਂ ਆਪਣੇ ਘਰ ਬੈਠੇ ਹੋਈਏ ਪ੍ਰੰਤੂ ਬੜੀ ਹੈਰਾਨੀ ਦੀ ਗੱਲ ਹੈ ਕਿ ਆਪਣੇ ਆਪ ਨੂੰ ਹਲਕਾ ਵਾਸੀਆਂ ਦੇ ਹਿਤੈਸ਼ੀ ਸਮਝਣ ਵਾਲਿਆਂ ਨੂੰ ਆਪਣੀ ਹਾਰ ਹਜ਼ਮ ਨਹੀਂ ਹੋ ਰਹੀ ਅਤੇ ਇਸੇ ਹੜ੍ਬੜਾਹਟ ਵਿੱਚ ਕੋਝੀਆਂ ਹਰਕਤਾਂ ਕਰਕੇ ਦੂਜੇ ਨੂੰ ਨੀਵਾਂ ਜਾਂ ਘਟੀਆ ਦਿਖਾਉਣ ਦੀ ਕੋਸ਼ਿਸ਼ ਕਰਨੀ ਆਦਤ ਬਣ ਗਈ ਹੈ। ਸ੍ਰੀਮਤੀ ਕਟਾਰੀਆ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ‘ਆਪ’ ਸਰਕਾਰ ਪੰਜਾਬ ਨੂੰ ਹਰ ਪੱਖੋਂ ਮੁੜ ਖੁਸ਼ਹਾਲ ਸੂਬਾ ਬਣਾਉਣ ਲਈ ਪੂਰੀ ਤਰ੍ਹਾਂ ਪੱਬਾਂ ਭਾਰ ਹੈ ਪ੍ਰੰਤੂ ਲੋਕਾਂ ਨੂੰ ਲੁੱਟਣ ਵਾਲਿਆਂ ਤੋਂ ਆਪ ਪਾਰਟੀ ਦੇ ਕੰਮ ਬਰਦਾਸ਼ਤ ਨਹੀਂ ਹੋ ਰਹੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਸਾਨੂੰ ਏਨਾ ਵੱਡਾ ਸਤਿਕਾਰ ਦਿੱਤਾ ਹੈ ਉਹਨਾਂ ਦੀ ਥਾਂ ਸਾਡੇ ਦਿਲਾਂ ਵਿੱਚ ਹੈ ਨਾ ਕੇ ਝੂਠੀ ਬਿਆਨਬਾਜ਼ੀ ਤੇ ਦਿਖਾਵੇ ਵਿੱਚ। ਉਨ੍ਹਾਂ ਕਿਹਾ ਕਿ ਸਾਡੇ ਘਰ ਵਿੱਚ ਕੁਰਸੀਆਂ ਰਖਵਾਉਣ ਵਾਲੇ ਆਪਣੀਆਂ ਕੁਰਸੀਆਂ ਤਾਂ ਬਚਾ ਨਹੀਂ ਸਕੇ। ਉਨ੍ਹਾਂ ਕਿਹਾ ਕਿ ਹਲਕਾ ਵਾਸੀ ਸਭ ਕੁਝ ਜਾਣਦੇ ਹਨ ਕਿ ਕਿਹੜਾ ਉਨ੍ਹਾਂ ਦਾ ਸਤਿਕਾਰ ਕਰਦਾ ਹੈ ਜਾਂ ਨਹੀਂ।
ਇੱਥੇ ਇਹ ਵੀ ਵਰਨਣਯੋਗ ਹੈ ਕਿ ਜਿਸ ਧਾਰਮਿਕ ਅਸਥਾਨ ‘ਤੇ ਜੋ ਲੋਕ ਮੌਜੂਦ ਸਨ ਉਨ੍ਹਾਂ ਨੇ ਵੀ ਇਹੋ ਹੀ ਗੱਲ ਕਹੀ ਕਿ ਇਹ ਫੋਟੋ ਕਿਸੇ ਘਰ ਦੀ ਨਹੀਂ ਬਲਕਿ ਧਾਰਮਿਕ ਸਥਾਨ ਦੀ ਸੀ। ਇਸ ਮੌਕੇ ਸੀਨੀਅਰ ਆਪ ਆਗੂ ਅਸ਼ੋਕ ਕਟਾਰੀਆ, ਜਸਬੀਰ ਸਿੰਘ ਘੁੰਮਣ, ਸਮੇਤ ਇਲਾਕੇ ਭਰ ਤੌ ਵੌਟਰ ਅਤੇ ਸਰਪੰਚ ਪੰਚ ਅਤੇ ਨੰਬਰਦਾਰ ਹਾਜਰ ਸਨ
