ਜਲੰਧਰ ਦੇ ਡੀਏਵੀ ਕਾਲਜ ਵਿੱਚ ਪੰਜਾਬੀ ਲੋਕਧਾਰਾ ਨਾਲ ਸੰਬੰਧਿਤ ਭਾਸ਼ਣ ਦਾ ਕੀਤਾ ਗਿਆ ਆਯੋਜਨ


ਜਲੰਧਰ (ਸੁਨੀਲ ਕੁਮਾਰ)ਕਾਲਜੀਏਟ ਸੀਨੀ. ਸੈਕੰ. ਸਕੂਲ, ਵਿਦਿਆਰਥੀਆਂ ਲਈ ਦਿਲਚਸਪ ਗਤੀਵਿਧੀ-ਅਧਾਰਿਤ ਭਾਸ਼ਣਾਂ ਦੀ ਇੱਕ ਲੜੀ ਦਾ ਆਯੋਜਨ ਕਰ ਰਿਹਾ ਹੈ। ਇਸ ਦੌਰਾਨ ਇਸ ਲੜੀ ਵਿੱਚ ਵਾਧਾ ਕਰਦਿਆਂ ਹੋਇਆਂ 17 ਸਤੰਬਰ, 2025 ਨੂੰ ਸਵੇਰੇ 9.00 ਵਜੇ ਪ੍ਰਿੰਸੀਪਲ ਪੀ.ਐੱਲ. ਤਾਰਕਰੂ ਸੈਮੀਨਾਰ ਹਾਲ ਵਿੱਚ ਪੰਜਾਬੀ ਲੋਕਧਾਰਾ ਨਾਲ ਸੰਬੰਧਿਤ ਭਾਸ਼ਣ ਦਾ ਆਯੋਜਨ ਕੀਤਾ ਗਿਆ।
ਭਾਸ਼ਣ ਦਾ ਸਿਰਲੇਖ “ਵਾਹਨ ਟੋਟਕਿਆਂ ਦੀ ਲੋਕਧਾਰਾ: ਵਿਭਿੰਨ ਪਸਾਰ” ਸੀ ਜੋ ਲੋਕਧਾਰਾ ਤੇ ਸਭਿਆਚਾਰ ਬਾਰੇ ਡੂੰਘੀ ਸਮਝ ਰੱਖਣ ਵਾਲੇ ਪੰਜਾਬੀ ਵਿਭਾਗ ਦੇ ਪ੍ਰੋ. ਡਾ. ਸਾਹਿਬ ਸਿੰਘ ਦੁਆਰਾ ਦਿੱਤਾ ਗਿਆ। ਡਾ. ਸਾਹਿਬ ਸਿੰਘ ਹੁਰਾਂ ਨੇ ਇਸ ਖ਼ੂਬਸੂਰਤ ਤੇ ਦਿਲਚਸਪ ਵਿਸ਼ੇ ਰਾਹੀਂ, ਹਾਜ਼ਰ ਵਿਦਿਆਰਥੀਆਂ ਨੂੰ ਵਾਹਨ ਟੋਟਕਿਆਂ ਵਿੱਚ ਪਈਆਂ ਸਿਆਣਪਾਂ ਅਤੇ ਮਹੱਤਵਪੂਰਨ ਗਿਆਨ ਤੋਂ ਜਾਣੂ ਕਰਵਾਇਆ, ਜਿਸ ਨੂੰ ਅਸੀਂ ਅਕਸਰ
ਰੋਜ਼-ਮਰਾ ਦੀ ਜ਼ਿੰਦਗੀ ਵਿੱਚੋਂ ਅੱਖੋਂ-ਪਰੋਖੇ ਕਰ ਛੱਡਦੇ ਹਾਂ। ਡਾ. ਸਾਹਿਬ ਸਿੰਘ ਨੇ ਵਿਦਿਆਰਥੀਆਂ ਦੇ ਰੂ-ਬਰੂ ਹੁੰਦਿਆਂ ਸਭ ਤੋਂ ਪਹਿਲਾਂ ਪੰਜਾਬੀ ਲੋਕ ਕਾਵਿ ਬਾਰੇ ਵਿਦਿਆਰਥੀਆਂ ਨੂੰ ਵੀਡੀਓਜ਼ ਅਤੇ ਤਸਵੀਰਾਂ ਰਾਹੀਂ ਜਾਣਕਾਰੀ ਦਿੱਤੀ ਅਤੇ ਉਹਨਾਂ ਨੇ ਦੱਸਿਆ ਕਿ ਲੋਕ ਕਾਵਿ ਰਾਹੀਂ ਅਸੀਂ ਕਿਸੇ ਖਿੱਤੇ ਦੇ ਲੋਕਾਂ ਦੇ ਸਮਾਜਿਕ, ਆਰਥਿਕ, ਰਾਜਨੀਤਿਕ, ਇਤਿਹਾਸਿਕ ਆਦਿ ਪੱਖਾਂ ਨੂੰ ਬਾਖ਼ੂਬੀ ਸਮਝ ਸਕਦੇ ਹਾਂ।ਉਹਨਾਂ ਨੇ ਸੁਹਾਗ, ਘੋੜੀਆਂ, ਸਿੱਠਣੀਆਂ, ਕੀਰਨੇ, ਅਲਾਹੁਣੀਆਂ, ਲੋਕ-ਬੋਲੀਆਂ, ਟੱਪੇ ਆਦਿ ਤੋਂ ਇਲਾਵਾ ਆਪਣੀ ਖੋਜ ਦਾ ਵਿਸ਼ਾ ਰਹੇ “ਵਾਹਨ ਟੋਟਕਿਆਂ” ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ।
ਉਹਨਾਂ ਨੇ ਵਾਹਨ ਟੋਟਕਿਆਂ ਬਾਰੇ ਬਹੁਤ ਭਾਵਪੂਰਤ ਗੱਲਬਾਤ ਕੀਤੀ ਅਤੇ ਕਿਹਾ ਕਿ ਇਹਨਾਂ ਵਾਹਨ ਟੋਟਕਿਆਂ ਦਾ ਗਹਿਨ ਮਨੋਵਿਗਿਆਨਿਕ ਅਧਿਐਨ ਕਰੀਏ ਤਾਂ ਕਿਸੇ ਖਿੱਤੇ ਵਿੱਚ ਵੱਸਣ ਵਾਲੇ ਲੋਕਾਂ ਦੇ ਬਹੁਤ ਮਹੱਤਵਪੂਰਨ ਪੱਖ ਸਾਡੇ ਸਾਹਮਣੇ ਆਉਂਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਾਹਿਤ ਦੀ ਮਹੱਤਤਾ ਤੋਂ ਵੀ ਜਾਣੂ ਕਰਵਾਇਆ। ਡਾ. ਸਾਹਿਬ ਸਿੰਘ ਨੇ ਵਿਦਿਆਰਥੀਆਂ ਦੇ ਨਾਲ ਬਹੁਤ ਹੀ ਅਰਥ ਭਰਪੂਰ ਅਤੇ ਸਿਆਣਪ ਭਰੇ ਵਾਹਨ ਟੋਟਕੇ ਸਾਂਝੇ ਕੀਤੇ ਜਿਵੇਂ:- “ਪਿਆਰ ਤੇ ਵਿਸ਼ਵਾਸ ਉਦੋਂ ਪੱਕੇ ਸੀ ਜਦੋਂ ਘਰ ਕੱਚੇ ਸੀ ਤੇ ਲੋਕ ਸੱਚੇ ਸੀ”।
“ਕੋਈ ਅਣਜੰਮੀ ਧੀ ਨਾ ਮਾਰੋ ਕਰੋ ਇੱਕ ਅਹਿਸਾਨ ਵੇ ਲੋਕੋ, ਚੁਰਾਸੀ ਲੱਖ ਕੱਟ ਆਈ ਵਿਚਾਰੀ ਦੇਖ ਲੈਣ ਦਿਓ ਜਹਾਨ ਵੇ ਲੋਕੋ”
” ਫੁੱਲਾਂ ਤੋਂ ਰੰਗ ਨਾ ਖੋਵੀ ਧੀਆਂ ਤੋਂ ਸੰਗ ਨਾ ਖੋਵੀ” ਆਦਿ।
ਡਾ. ਸਾਹਿਬ ਸਿੰਘ ਨੇ ਕਿਹਾ ਕਿ ਵਾਹਨਾਂ ਉੱਪਰ ਲਿਖੇ ਟੋਟਕੇ ਜਿੱਥੇ ਕਿਸੇ ਖਿੱਤੇ ਵਿੱਚ ਵੱਸਣ ਵਾਲੇ ਲੋਕਾਂ ਦੇ ਵਿਭਿੰਨ ਪੱਖਾਂ ਨੂੰ ਪੇਸ਼ ਕਰਦੇ ਹਨ ਉੱਥੇ ਸਮਾਜ ਦਾ ਮਨੋਰੰਜਨ ਵੀ ਕਰਦੇ ਹਨ। ਜਿੱਥੇ ਇਹਨਾਂ ਵਾਹਨ ਟੋਟਕਿਆਂ ਵਿੱਚ ਵਿਅੰਗ ਤੇ ਹਾਸ ਰਸ ਪ੍ਰਧਾਨ ਹੁੰਦਾ ਹੈ ਉੱਥੇ ਇਹਨਾਂ ਦਾ ਵਿਲੱਖਣ ਸੰਚਾਰ ਪ੍ਰਬੰਧ ਇਹਨਾਂ ਦੀ ਪ੍ਰਮੁੱਖ ਜੁਗਤ ਹੁੰਦਾ ਹੈ। ਇਹਨਾਂ ਰਾਹੀਂ ਬਹੁਤ ਹੀ ਸੰਜੀਦਗੀ ਭਰੇ ਵਿਸ਼ਿਆਂ ਨੂੰ ਪੇਸ਼ ਕੀਤਾ ਗਿਆ ਹੁੰਦਾ ਹੈ। ਜੇਕਰ ਅਸੀਂ ਸੱਚਮੁੱਚ ਆਪਣੀ ਭਾਸ਼ਾ ਨੂੰ ਪਿਆਰ ਕਰਦੇ ਹਾਂ ਅਤੇ ਦਿਲ ਤੋਂ ਇਸ ਨਾਲ ਜੁੜਨਾ ਚਾਹੁੰਦੇ ਹਾਂ ਤਾਂ ਸਾਨੂੰ ਪੰਜਾਬੀ ਸਾਹਿਤ ਦੀ ਚੋਖੀ ਸਮਝ ਹੋਣਾ ਬਹੁਤ ਜ਼ਰੂਰੀ ਹੈ। ਸਾਨੂੰ ਆਪਣੇ ਸੱਭਿਆਚਾਰ, ਲੋਕਧਾਰਾ, ਇਤਿਹਾਸ, ਪੰਜਾਬੀ ਭਾਸ਼ਾ ਆਦਿ ਬਾਰੇ ਅਹਿਮ ਜਾਣਕਾਰੀ ਹੋਣੀ ਬਹੁਤ ਲੋੜੀਂਦੀ ਹੈ।ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਡਾ. ਸੀਮਾ ਸ਼ਰਮਾ, ਇੰਚਾਰਜ ਕਾਲਜੀਏਟ ਸਕੂਲ ਨੂੰ ਗਤੀਵਿਧੀ ਲੈਕਚਰਾਂ ਦਾ ਸਫ਼ਲਤਾਪੂਰਵਕ ਤਾਲਮੇਲ ਕਰਨ ਲਈ ਵਧਾਈ ਦਿੱਤੀ। ਡਾ. ਸੀਮਾ ਸ਼ਰਮਾ ਨੇ ਅੱਜ ਦੇ ਭਾਸ਼ਣ ਦੇ ਮੁੱਖ ਵਕਤਾ ਪ੍ਰੋ. ਡਾ. ਸਾਹਿਬ ਸਿੰਘ ਦੇ ਭਾਸ਼ਣ ਦੀ ਸਲਾਘਾ ਕਰਦਿਆਂ ਕਿਹਾ ਕਿ ਇਹ ਸੱਚਮੁੱਚ ਹੀ ਵਿਦਿਆਰਥੀਆਂ ਲਈ ਬੜਾ ਸਾਰਥਕ ਉਪਰਾਲਾ ਹੈ। ਉਹਨਾਂ ਨੇ ਬੜੇ ਧਿਆਨ ਅਤੇ ਦਿਲਚਸਪੀ ਨਾਲ ਭਾਸ਼ਣ ਸੁਣਨ ਲਈ ਆਪਣੇ ਵਿਦਿਆਰਥੀਆਂ ਨੂੰ ਵੀ ਸ਼ਾਬਾਸ਼ੇ ਦਿੱਤੀ।
ਵਿਦਿਆਰਥੀਆਂ ਨੇ ਇਸ ਵਿਸ਼ੇ ਨੂੰ ਬਹੁਤ ਦਿਲਚਸਪੀ ਨਾਲ ਸੁਣਿਆ ਅਤੇ ਪੰਜਾਬੀ ਭਾਸ਼ਾ, ਲੋਕਧਾਰਾ ਤੇ ਸੱਭਿਆਚਾਰ ਬਾਰੇ ਇਸ ਲੈਕਚਰ ਨੂੰ ਬਹੁਤ ਕਾਮਯਾਬ ਤੇ ਸਫਲ ਭਾਸ਼ਣ ਕਿਹਾ। ਭਾਸ਼ਣ ਦੀ ਸਮਾਪਤੀ ‘ਤੇ ਵਿਦਿਆਰਥੀਆਂ ਨੇ ਜ਼ੋਰਦਾਰ ਤਾੜੀਆਂ ਮਾਰ ਕੇ ਇਸ ਭਾਸ਼ਣ ਪ੍ਰਤੀ ਆਪਣੀ ਸਕਾਰਾਤਮਕ ਪ੍ਰਤਿਕਿਰਿਆ ਵੀ ਪੇਸ਼ ਕੀਤੀ। ਗਿਆਰਵੀਂ ਅਤੇ ਬਾਰਵੀਂ ਆਰਟਸ ਸਟ੍ਰੀਮ ਦੇ ਬਹੁਤ ਸਾਰੇ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ, ਆਪਣੀ ਸਰਗਰਮ ਅਤੇ ਅਰਥਪੂਰਨ ਸ਼ਮੂਲੀਅਤ ਰਾਹੀਂ ਪ੍ਰੋਗਰਾਮ ਨੂੰ ਊਰਜਾ, ਰਚਨਾਤਮਕਤਾ ਅਤੇ ਜੀਵੰਤਤਾ ਨਾਲ ਭਰ ਦਿੱਤਾ। ਡਾ. ਸਾਹਿਬ ਸਿੰਘ ਨੇ ਆਪਣੇ ਭਾਸ਼ਣ ਰਾਹੀ ਵਿਦਿਆਰਥੀਆਂ ਨੂੰ ਅਹਿਸਾਸ ਕਰਵਾਇਆ ਕਿ ਜੀਵਨ ਵਿੱਚ ਪੜ੍ਹਾਈ ਦਾ ਤਾਂ ਹੀ ਫਾਇਦਾ ਹੈ ਜੇਕਰ ਅਸੀਂ ਇਸ ਦੇ ਨਾਲ ਨੈਤਿਕ ਸਿੱਖਿਆ ਵਿੱਚ ਵੀ ਨਿਪੁੰਨ ਹੁੰਦੇ ਹਾਂ ਅਤੇ ਸਾਡੀ ਸੋਚ ਸਿਰਜਨਾਤਮਕ ਬਣਦੀ ਹੈ।
