ਪੰਜਾਬ ਵਿੱਚ ਹੜ੍ਹਾਂ ਨੇ ਮਚਾਈ ਤਬਾਹੀ ਲਈ ਜਿੰਮੇਵਾਰ ਕੌਣ?

ਪੰਜਾਬ ਵਿੱਚ ਹੜ੍ਹਾਂ ਨੇ ਮਚਾਈ ਤਬਾਹੀ ਲਈ ਜਿੰਮੇਵਾਰ ਕੌਣ?

ਹੁਸ਼ਿਆਰਪੁਰ, 31 ਅਗਸਤ (ਤਰਸੇਮ ਦੀਵਾਨਾ)- ਬੀਤੇ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਪੰਜਾਬ ਵਿੱਚ ਉਫਾਨ ਆਉਣ ਕਾਰਨ ਹਰ ਪਾਸੇ ਤਬਾਹੀ ਮਚੀ ਨਜ਼ਰ ਆ ਰਹੀ ਹੈ। ਕਈ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਗਿਆ ਹੈ ਕਈਆਂ ਦੇ ਘਰ ਢਹਿ ਢੇਰੀ ਹੋ ਗਏ ਹਨ ਅਤੇ ਫਸਲਾਂ ਤਬਾਹ ਹੋ ਗਈਆਂ ਹਨ। ਖਬਰਾਂ ਅਨੁਸਾਰ, ਪੰਜਾਬ ‘ਚ ਇਸ ਵੇਲੇ 500 ਤੋਂ ਵੱਧ ਪਿੰਡ ਤੇ 300 ਸਕੂਲ ਇਸ ਵੇਲੇ ਹੜ੍ਹਾਂ ਦੀ ਮਾਰ ਹੇਠ ਹਨ। 6 ਲੱਖ ਕਿੱਲਾ ਫਸਲ ਮਾਰੀ ਜਾ ਚੁੱਕੀ ਹੈ। ਅਤੇ ਕਈ ਲੋਕ ਖਤਮ ਵੀ ਹੋ ਗਏ ਹਨ ਜਦਕਿ 5290 ਲੋਕਾਂ ਨੂੰ ਰੈਸਕਿਊ ਕੀਤਾ ਗਿਆ ਹੈ। ਰਾਵੀ ਵਿਚ ਇਸ ਵੇਲੇ ਰਿਕਾਰਡਤੋੜ 14.11 ਲੱਖ ਕਿਊਸਕ ਪਾਣੀ ਵਹਿ ਰਿਹਾ ਹੈ ਜੋ 1988 ਦੇ 11.20 ਲੱਖ ਕਿਊਸਕ ਦੇ ਰਿਕਾਰਡ ਨੂੰ ਤੋੜ ਚੁੱਕਾ ਹੈ। ਡੈਮਾਂ ਵਿਚੋਂ ਹਲੇ ਵੀ ਪਾਣੀ ਛੱਡਿਆ ਜਾ ਰਿਹਾ ਹੈ। ਕੁਲ-ਮਿਲਾ ਕੇ 7-8 ਜ਼ਿਲ੍ਹਿਆਂ ਵਿੱਚ ਤਾਂ ਲੋਕ ਬਹੁਤ ਵੱਡੇ ਉਜਾੜੇ ਦਾ ਸ਼ਿਕਾਰ ਬਣ ਗਏ ਹਨ। ਦਰਿਆ ਤੇ ਬਣੇ ਡੈਮ ਦੇ ਫਲੱਡ ਗੇਟ ਟੁੱਟਣ ਕਾਰਨ ਕਾਫੀ ਨੁਕਸਾਨ ਹੋ ਰਿਹਾ ਹੈ। ਇਸ ਸਬੰਧੀ ਪੇਸ਼ ਹਨ ਵੱਖ ਵੱਖ ਸ਼ਖਸ਼ੀਅਤਾਂ ਦੇ ਵਿਚਾਰ-

 

 

ਹੜ੍ਹ ਆਉਣੇ ਇੱਕ ਕੁਦਰਤੀ ਆਫਤ, ਪਰ ਇਸ ਲਈ ਮਨੁੱਖ ਵੀ ਹੈ ਜ਼ਿੰਮੇਵਾਰ

 

ਭਾਰੀ ਵਰਖਾ ਕਾਰਨ ਹੜ੍ਹਾਂ ਦਾ ਆਉਣਾ ਇੱਕ ਕੁਦਰਤੀ ਆਫਤ ਹੈ ਅਤੇ ਕੁਦਰਤ ਦਾ ਕੋਈ ਤੋੜ ਨਹੀਂ ਅਤੇ ਨਾ ਹੀ ਕੁਦਰਤ ਨਾਲ ਕੋਈ ਮੱਥਾ ਲਾ ਸਕਦਾ ਹੈ । ਇਸ ਕੁਦਰਤੀ ਆਫਤ ਲਈ ਮਨੁੱਖ ਵੀ ਜ਼ਿੰਮੇਵਾਰ ਹੈ। ਵੱਧਦੀ ਹੋਈ ਆਬਾਦੀ ਕਾਰਨ ਉਹਨਾਂ ਦੇ ਰੈਣ ਬਸੇਰੇ ਲਈ ਘਰ ਬਣਾਉਣ ਅਤੇ ਰੋਜ਼ਮਰਾ ਦੀ ਜ਼ਿੰਦਗੀ ਲਈ ਲੋੜੀਂਦਾ ਸਮਾਨ ਬਣਾਉਣ ਲਈ ਫੈਕਟਰੀਆਂ ਲਗਾਉਣ ਲਈ ਦਰਖਤਾਂ ਦੀ ਲਗਾਤਾਰ ਕਟਾਈ ਹੋ ਰਹੀ ਹੈ।ਵਿਕਾਸ ਦੇ ਨਾਂ ਤੇ ਲਗਾਤਾਰ ਦਰਖਤ ਕੱਟੇ ਬਹੁਤ ਜਾ ਰਹੇ ਹਨ ਪ੍ਰੰਤੂ ਉਹਨਾਂ ਦੀ ਥਾਂ ਤੇ ਕੋਈ ਨਵੇਂ ਦਰਖਤ ਨਹੀਂ ਲਗਾਏ ਜਾ ਰਹੇ, ਜਿਸ ਕਾਰਨ ਕੁਦਰਤੀ ਵਾਤਾਵਰਨ ਦਾ ਸੰਤੁਲਨ ਵਿਗੜ ਚੁੱਕਾ ਹੈ ਤੇ ਵਿਗੜ ਰਿਹਾ ਹੈ। ਵਰਖਾ ਵਧੇਰੇ ਹੋਣ ਨਾਲ ਮਿੱਟੀ ਰੁੜ੍ਹ ਰਹੀ ਹੈ ਅਤੇ ਖੇਤ ਤਬਾਹ ਹੋ ਰਹੇ। ਸਾਨੂੰ ਭਵਿੱਖ ਵਿੱਚ ਵੱਧ ਤੋਂ ਵੱਧ ਦਰਖਤ ਲਗਾਉਣੇ ਚਾਹੀਦੇ ਹਨ ਅਤੇ ਦਰਖਤ ਕੱਟਣ ਤੇ ਸਰਕਾਰ ਨੂੰ ਸਖਤ ਪਾਬੰਦੀ ਲਗਾਉਣੀ ਚਾਹੀਦੀ ਹੈ।

 

:- ਰਣਜੀਤ ਸਿੰਘ ਰਾਣਾ ਲਾਇਨ ਅਤੇ ਲੰਬੜਦਾਰ ਪੁਰਹੀਰਾ ਹੁਸ਼ਿਆਰਪੁਰ *

 

ਪੰਜਾਬ ਸਰਕਾਰ ਦੀ ਨਲਾਇਕੀ ਸਾਹਮਣੇ ਆਈ

 

ਵਧੇਰੇ ਮੀਂਹ ਪੈਣ ਕਾਰਨ ਤਬਾਹੀ ਹੋਣਾ ਇਕ ਕੁਦਰਤੀ ਆਫਤ ਹੈ, ਪ੍ਰੰਤੂ ਇਸ ਕੁਦਰਤੀ ਆਫਤ ਨਾਲ ਨਜਿੱਠਣ ਲਈ ਸਰਕਾਰ ਵੱਲੋਂ ਬਰਸਾਤ ਆਉਣ ਤੋਂ ਪਹਿਲਾਂ ਕੋਈ ਵੀ ਖਾਸ ਪ੍ਰਬੰਧ ਨਹੀਂ ਕੀਤਾ ਗਿਆ ਜਦ ਕਿ ਸਰਕਾਰ ਨੂੰ ਹੜਾਂ ਦੀ ਰੋਕਥਾਮ ਲਈ ਪਹਿਲਾਂ ਹੀ ਸੁਚਾਰੂ ਢੰਗ ਨਾਲ ਪ੍ਰਬੰਧ ਕਰਨੇ ਚਾਹੀਦੇ ਹਨ ਤਾ ਕਿ ਹੜਾਂ ਦੇ ਆਉਣ ਨਾਲ ਸੂਬੇ ਦੇ ਲੋਕ ਘਰੋਂ ਬੇਘਰ ਨਾ ਹੋਣ । ਅਨੇਕਾਂ ਹੀ ਪਸ਼ੂ ਹੜ੍ਹਾਂ ਦੀ ਚਪੇਟ ਵਿੱਚ ਆਉਣ ਨਾਲ ਹੜ੍ਹ ਵਿੱਚ

ਹੀ ਰੁੜ ਗਏ ਹਨ। ਬਹੁਤ ਜਿਆਦਾ ਖੇਤੀਯੋਗ ਜ਼ਮੀਨ ਤਬਾਹ ਹੋ ਗਈ ਹੈ। ਜੇਕਰ ਸਰਕਾਰ ਨੇ ਪਹਿਲਾਂ ਹੀ ਢੁਕਵੇਂ ਪ੍ਰਬੰਧ ਕੀਤੇ ਹੁੰਦੇ ਤਾਂ ਇਸ ਨੁਕਸਾਨ ਤੋਂ ਬਚਿਆ ਜਾ ਸਕਦਾ ਸੀ।

 

:- ਮਾਸਟਰ ਕੁਲਵਿੰਦਰ ਸਿੰਘ ਜੰਡਾ ਉੱਘੇ ਸਮਾਜ ਸੇਵਕ ਅਤੇ ਪ੍ਰਧਾਨ ” ਸੱਭਿਆਚਾਰ ਸੰਭਾਲ ਸੁਸਾਇਟੀ”

 

ਗਰੀਬ ਨਵੇਂ ਘਰ ਕਿਵੇਂ ਬਣਾਉਣਗੇ?

 

ਇਨ੍ਹਾਂ ਹੜ੍ਹਾਂ ਨੇ ਸਮਾਜ ਦੇ ਹਰ ਵਰਗ ਗਰੀਬ ਤੋਂ ਲੈ ਕੇ ਅਮੀਰ ਤੱਕ ਨੂੰ ਪ੍ਰਭਾਵਿਤ ਕੀਤਾ ਹੈ। ਬਹੁਤ ਕਿਸਾਨਾਂ ਦੀਆਂ ਫਸਲਾਂ ਤਾ ਖਰਾਬ ਹੀ ਹੋ ਗਈਆਂ ਹਨ। ਜਮੀਨਾਂ ਹੜ੍ਹਾਂ ਵਿੱਚ ਰੁੜ ਗਈਆਂ ਹਨ। ਲੋਕਾਂ ਦੇ ਘਰਾਂ ਵਿੱਚ ਪਾਣੀ ਆ ਗਿਆ ਹੈ। ਕਈਆਂ ਦੇ ਘਰ ਰੁੜ ਗਏ ਹਨ ਕਿਉਂਕਿ ਘਰ ਤਾਂ ਜ਼ਿੰਦਗੀ ਵਿੱਚ ਇੱਕ ਵਾਰੀ ਹੀ ਬਣਾਉਣਾ ਬਹੁਤ ਔਖਾ ਹੈ ਬਹੁਤ ਗਰੀਬ ਲੋਕਾਂ ਦੇ ਤਾਂ ਇਸ ਹੜ੍ਹ ਨੇ ਲੱਕ ਹੀ ਤੋੜ ਕੇ ਰੱਖ ਦਿੱਤੇ ਹਨ। ਜਿਨਾਂ ਗਰੀਬਾਂ ਦੇ ਘਰ ਰੁੜ੍ਹ ਗਏ ਹਨ, ਉਹ ਆਪਣੇ ਨਵੇਂ ਘਰ ਕਿਸ ਤਰ੍ਹਾਂ ਬਣਾਉਣਗੇ? ਇਹ ਵੀ ਇੱਕ ਬਹੁਤ ਗੰਭੀਰ ਸਮੱਸਿਆ ਹੈ। ਸਰਕਾਰ ਨੂੰ ਇਸ ਵਾਰੇ ਵੀ ਸੋਚਣਾ ਚਾਹੀਦਾ ਹੈ।

 

:- ਧਰਮਪਾਲ ਸਾਹਨੇਵਾਲ ਕੌਮੀ ਪ੍ਰਧਾਨ “ਬੇਗਮਪੁਰਾ ਟਾਈਗਰ ਫੋਰਸ” !

 

ਸਰਕਾਰ ਲੋਕਾਂ ਦੀ ਭਲਾਈ ਲਈ ਨਹੀਂ, ਸਗੋਂ ਉਹਨਾਂ ਤੇ ਕਾਨੂੰਨ ਥੋਪਣ ਦਾ ਕਰਦੀ ਹੈ ਕੰਮ

 

ਹੜ੍ਹਾਂ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਤਬਾਹੀ ਮਚੀ ਹੋਈ ਹੈ, ਜਿਹੜੀ ਕਿ ਬਹੁਤ ਗੰਭੀਰ ਗੱਲ ਹੈ। ਪੰਜਾਬ ਸਰਕਾਰ ਦੀ ਅਣਗਹਿਲੀ ਕਾਰਨ ਬਹੁਤ ਨੁਕਸਾਨ ਹੋ ਰਿਹਾ ਹੈ। ਕੁਝ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਨੇ ਲੋਕਾਂ ਦੀ ਨੂੰ ਬਚਾਉਣ ਲਈ ਪ੍ਰਸ਼ਾਸਨ ਦੇ ਪਹੁੰਚਣ ਤੋਂ ਪਹਿਲਾਂ ਹੀ ਕੰਮ ਸ਼ੁਰੂ ਕੀਤਾ ਹੋਇਆ ਹੈ । ਸਰਕਾਰ ਲੋਕਾਂ ਦੀ ਭਲਾਈ ਲਈ ਨਹੀਂ ਸਗੋਂ ਸਰਕਾਰ ਕੇਵਲ ਲੋਕਾਂ ਤੇ ਕਾਨੂੰਨ ਲਾਗੂ ਕਰਨ ਦਾ ਹੀ ਕੰਮ ਕਰਦੀ ਹੈ। ਹੁਣ ਸਰਕਾਰ ਨੂੰ ਲੋਕਾਂ ਨੂੰ ਪੁਨਰ ਸਥਾਪਿਤ ਕਰਨ ਲਈ ਯੋਜਨਾਵਾਂ ਬਣਾ ਕੇ ਇਮਾਨਦਾਰੀ ਨਾਲ ਜ਼ਮੀਨੀ ਪੱਧਰ ਤੇ ਲਾਗੂ ਕਰਨੀਆਂ ਚਾਹੀਦੀਆਂ ਹਨ।

 

 

:– ਬਰਿੰਦਰ ਸਿੰਘ ਪ੍ਰਮਾਰ ਪ੍ਰਧਾਨ ਜਿਲ੍ਹਾ ਸੀਨੀਅਰ ਮੀਤ ਹੁਸ਼ਿਆਰਪੁਰ ਸ਼੍ਰੋਮਣੀ ਅਕਾਲੀ ਦਲ ( ਬਾਦਲ )

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਪੰਜਾਬ ਲਈ ਨਹੀਂ ਹਨ ਗੰਭੀਰ

ਸਰਕਾਰ ਵੱਲੋਂ ਢੁਕਵੇਂ ਪ੍ਰਬੰਧ ਨਾ ਹੋਣ ਕਾਰਨ ਹੜ੍ਹਾਂ ਨਾਲ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਹੈ, ਜਿਸ ਦਾ ਅਜੇ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਲੋਕ ਘਰੋਂ ਬੇਘਰ ਹੋ ਗਏ ਹਨ। ਉਹਨਾਂ ਨੂੰ ਆਪਣਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ। ਉਹ ਹੁਣ ਕੇਵਲ ਰੱਬ ਦੇ ਭਰੋਸੇ ਤੇ ਹੀ ਹਨ। ਸੂਬਾ ਸਰਕਾਰ ਵੀ ਉਹਨਾਂ ਨੂੰ ਬਚਾਉਣ ਵਿੱਚ ਨਕਾਮ ਰਹੀ ਹੈ। ਜੇਕਰ ਸਰਕਾਰ ਨੇ ਢੁਕਵੇਂ ਪ੍ਰਬੰਧ ਕੀਤੇ ਹੁੰਦੇ ਤਾਂ ਇਸ ਨੁਕਸਾਨ ਤੋਂ ਬਚਿਆ ਜਾ ਸਕਦਾ ਸੀ। ਪਰ ਸਰਕਾਰ ਤਾਂ ਆਪਣੇ ਹੀ ਜਨੂੰਨ ਵਿੱਚ ਹੈ। ਆਮ ਆਦਮੀ ਦੀ ਸਰਕਾਰ ਹੁਣ ਕੇਵਲ ਖਾਸ ਆਦਮੀ ਦੀ ਹੀ ਬਣ ਕੇ ਰਹਿ ਗਈ ਹੈ। ਇਹਨਾਂ ਨੇ ਕਦੀ ਵੀ ਆਮ ਲੋਕਾਂ ਬਾਰੇ ਕੁਝ ਵੀ ਨਹੀਂ ਸੋਚਿਆ। ਇੱਕ ਪਾਸੇ ਪੰਜਾਬ ਵਿੱਚ ਹੜ੍ਹਾਂ ਕਾਰਨ ਭਾਰੀ ਤਬਾਹੀ ਹੋ ਰਹੀ ਸੀ। ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਵਿਖੇ ਇਕ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਉਥੇ ਗਏ ਹੋਏ ਸਨ। ਇਸ ਗੱਲ ਤੋਂ ਸਹਿਜੇ ਹੀ ਪਤਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਲਈ ਕਿੰਨੇ ਗੰਭੀਰ ਹਨ? ਜਦੋਂ ਘਰ ਅੱਗ ਲੱਗੀ ਹੋਵੇ ਤਾਂ ਪ੍ਰਹਾਉਣਚਾਰੀ ਨਹੀਂ ਸੁਝਦੀ। ਹੁਣ ਸਰਕਾਰ ਨੂੰ ਹੋਏ ਨੁਕਸਾਨ ਦੀ ਭਰਭਾਈ ਕਰਨ ਲਈ ਉਚਿਤ ਯਤਨ ਕਰਨੇ ਚਾਹੀਦੇ ਹਨ ਤਾਂ ਹੜ੍ਹਾਂ ਕਾਰਨ ਤਬਾਹ ਹੋਏ ਲੋਕ ਜੀਵਨ ਦੀ ਮੁੱਖਧਾਰਾ ਵਿੱਚ ਮੁੜ ਆ ਸਕਣ।

ਵਿਸ਼ਵਨਾਥ ਬੰਟੀ ਸੀਨੀਅਰ ਕਾਗਰਸੀ ਆਗੂ ਅਤੇ ਕੁਆਰਡੀਨੇਟਰ ਹਲਕਾ ਚੱਬੇਵਾਲ ਹੁਸ਼ਿਆਰਪੁਰ

ਕੇਵਲ ਸਟੇਜ ਤੇ ਚੁਟਕਲੇ ਸੁਣਾਉਣ ਅਤੇ ਵਿਰੋਧੀ ਨੂੰ ਗਾਲ਼ਾਂ ਲਾ ਕੱਢਣ ਨਾਲ ਪੰਜਾਬ ਦਾ ਨਹੀਂ ਹੋਵੇਗਾ ਵਿਕਾਸ

ਪੰਜਾਬ ਨੂੰ ਰੰਗਲਾ ਬਣਾਉਣ ਵਾਲੀ ਆਮ ਪਾਰਟੀ ਦੀ ਸਰਕਾਰ ਦੀ ਦੂਰ ਅੰਦੇਸ਼ੀ ਦੀ ਘਾਟ ਕਾਰਨ ਲੋਕ ਹੜ੍ਹਾ ਕਾਰਨ ਅੱਜ ਤਬਾਹ ਹੋ ਗਏ ਹਨ। ਉਹਨਾਂ ਦੇ ਘਰ, ਜ਼ਮੀਨ, ਫਸਲਾਂ ਅਤੇ ਮਾਲ ਡੰਗਰ ਹੜ੍ਹਾ ਵਿੱਚ ਰੁੜ੍ਹ ਗਏ ਹਨ ਹੜ੍ਹਾ ਦੇ ਕਾਰਨ ਉਹ ਹੁਣ ਨਾ ਘਰਦੇ ਰਹੇ ਹਨ ਅਤੇ ਨਾ ਹੀ ਘਾਟ ਦੇ। ਇਸ ਸਬੰਧੀ ਸਰਕਾਰ ਨੂੰ ਢੁਕਵੀਂ ਨੀਤੀ ਬਣਾਉਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਕੁਦਰਤੀਆਂ ਆਫਤਾਂ ਤੋਂ ਬਚਿਆ ਜਾ ਸਕੇ। ਕੇਵਲ ਸਟੇਜਾਂ ਤੇ ਚੁਟਕਲੇ ਸੁਣਾਉਣ ਨਾਲ ਅਤੇ ਵਿਰੋਧੀਆਂ ਨੂੰ ਗਾਲ਼ਾਂ ਕੱਢਣ ਨਾਲ ਸੂਬੇ ਦਾ ਭਲਾ ਨਹੀਂ ਹੋਣਾ। ਸਗੋਂ ਦੂਰ ਅੰਦੇਸ਼ੀ ਨਾਲ ਪੰਜਾਬ ਨੂੰ ਵਿਕਸਿਤ ਸੂਬਾ ਬਣਾਉਣ ਲਈ ਯੋਜਨਾਵਾਂ ਉਲੀਕ ਕੇ ਉਹਨਾਂ ਨੂੰ ਅਮਲੀ ਜਾਮਾ ਪਹਿਨਾਉਣਾ ਪਵੇਗਾ।

:- ਗੁਰਨਾਮ ਸਿੰਘ ਸਿੰਗੜੀਵਾਲਾ ਜਿਲ੍ਹਾ

ਪ੍ਰਧਾਨ ਸ਼੍ਰੋਮਣੀ ਅਕਾਲੀ ਅੰਮ੍ਰਿਤਸਰ

Leave a Reply

Your email address will not be published. Required fields are marked *