ਡਿਪਟੀ ਕਮਿਸ਼ਨਰ ਵੱਲੋਂ ਅਪਾਹਜ ਆਸ਼ਰਮ ਦਾ ਦੌਰਾ

ਬਜ਼ੁਰਗਾਂ ਦਾ ਹਾਲ-ਚਾਲ ਜਾਣਿਆ, ਟਰੈਕ ਸੂਟ ਤੇ ਫ਼ਲ ਵੰਡੇ
ਜਲੰਧਰ, 26 ਫਰਵਰੀ : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਅੱਜ ਸਥਾਨਕ ਅਪਾਹਜ ਆਸ਼ਰਮ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹਾਲ-ਚਾਲ ਜਾਣਿਆ।
ਡਾ. ਅਗਰਵਾਲ ਨੇ ਆਸ਼ਰਮ ਵਿਖੇ ਰਹਿ ਰਹੇ ਬਜ਼ੁਰਗਾਂ ਅਤੇ ਦਿਵਿਆਂਗਜਨਾਂ ਨੂੰ ਟਰੈਕ ਸੂਟ ਤੇ ਫ਼ਲ ਵੰਡੇ ਅਤੇ ਉਨ੍ਹਾਂ ਦੇ ਖੁਸ਼ਹਾਲ ਜੀਵਨ ਤੇ ਚੰਗੀ ਸਿਹਤ ਲਈ ਕਾਮਨਾ ਕੀਤੀ । ਉਨ੍ਹਾਂ ਕਿਹਾ ਕਿ ਬਜ਼ੁਰਗ ਅਤੇ ਦਿਵਿਆਂਗ ਵਿਅਕਤੀ ਸਾਡੇ ਸਮਾਜ ਦਾ ਅਹਿਮ ਹਿੱਸਾ ਹਨ, ਜਿਨ੍ਹਾਂ ਦੀ ਸਾਂਭ-ਸੰਭਾਲ ਤੇ ਸਤਿਕਾਰ ਕਰਨਾ ਸਾਡਾ ਨੈਤਿਕ ਫਰਜ਼ ਹੈ।
ਇਸ ਮੌਕੇ ਉਨ੍ਹਾਂ ਆਸ਼ਰਮ ਵਿਖੇ ਲਾਲਾ ਰਾਮ ਕਿਸ਼ੋਰ ਕਪੂਰ ਵਿਕਲਾਂਗ ਸਹਾਇਤਾ ਟਰੱਸਟ ਵਿੱਚ ਫੇਕੋ ਤਕਨੀਕ ਨਾਲ ਅੱਖਾਂ ਦੇ ਆਪ੍ਰੇਸ਼ਨ ਕਰਨ ਸਬੰਧੀ ਸਥਾਪਤ ਨਵੀਂ ਮਸ਼ੀਨ ਦਾ ਉਦਘਾਟਨ ਵੀ ਕੀਤਾ। ਇਸ ਉਪਰਾਲੇ ਲਈ ਆਸ਼ਰਮ ਪ੍ਰਬੰਧਕਾਂ ਦੀ ਪ੍ਰਸ਼ੰਸਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਮਸ਼ੀਨ ਦੇ ਆਸ਼ਰਮ ਵਿਖੇ ਸਥਾਪਤ ਹੋਣ ਨਾਲ ਇਥੇ ਰਹਿ ਰਹੇ ਬਜ਼ੁਰਗਾਂ ਤੇ ਹੋਰਨਾਂ ਨੂੰ ਅੱਖਾਂ ਦੇ ਇਲਾਜ ਸਬੰਧੀ ਆਧੁਨਿਕ ਸੁਵਿਧਾ ਮਿਲੇਗੀ।
ਉਨ੍ਹਾਂ ਪ੍ਰਬੰਧਕਾਂ ਵੱਲੋਂ ਬਜ਼ੁਰਗਾਂ, ਬੇਸਹਾਰਾ ਅਤੇ ਸਰੀਰਕ ਤੌਰ ’ਤੇ ਅਸਮਰੱਥ ਵਿਅਕਤੀਆਂ ਦੀ ਸੇਵਾ ਲਈ ਕੀਤੇ ਜਾ ਰਹੇ ਕੀਤੇ ਯਤਨਾਂ ਦੀ ਸ਼ਲਾਘਾ ਕਰਦਿਆਂ ਹੋਰਨਾਂ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਵੀ ਅਜਿਹੇ ਨੇਕ ਕੰਮਾਂ ਲਈ ਅੱਗੇ ਆਉਣ ਦਾ ਸੱਦਾ ਦਿੱਤਾ।
ਪ੍ਰਸ਼ਾਸਨ ਵੱਲੋਂ ਆਸ਼ਰਮ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦਾ ਭਰੋਸਾ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਬਜ਼ੁਰਗਾਂ, ਬੇਸਹਾਰਾ ਅਤੇ ਦਿਵਿਆਂਗਜਨਾਂ ਦੀ ਸਾਂਭ-ਸੰਭਾਲ ਅਤੇ ਉਨ੍ਹਾਂ ਨੂੰ ਬਣਦੀ ਹਰ ਸੁਵਿਧਾ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।
ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮਨਜਿੰਦਰ ਸਿੰਘ, ਆਸ਼ਰਮ ਦੇ ਚੇਅਰਮੈਨ ਤਰਸੇਮ ਕਪੂਰ ਆਦਿ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਪਾਹਜ ਆਸ਼ਰਮ ਵਿਖੇ ਬਜ਼ੁਰਗਾਂ ਨੂੰ ਟਰੈਕ ਸੂਟ ਤੇ ਫ਼ਲ ਵੰਡਦੇ ਹੋਏ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਪਾਹਜ ਆਸ਼ਰਮ ਵਿਖੇ ਫੇਕੋ ਤਕਨੀਕ ਨਾਲ ਅੱਖਾਂ ਦੇ ਆਪ੍ਰੇਸ਼ਨ ਸਬੰਧੀ ਸਥਾਪਤ ਮਸ਼ੀਨ ਦਾ ਉਦਘਾਟਨ ਕਰਦੇ ਹੋਏ।
