ਨਾਮਧਾਰੀ ਸਤਿਗੁਰੂ ਰਾਮ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ 

ਨਾਮਧਾਰੀ ਸਤਿਗੁਰੂ ਰਾਮ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ 

* ਸਤਿਗੁਰੂ ਰਾਮ ਸਿੰਘ ਜੀ ਦਾ ਵੱਡੇ ਸਮਾਜ ਸੁਧਾਰਾਂ ਵਿਚ ਉਤਕ੍ਰਿਸ਼ਟ ਯੋਗਦਾਨ: ਸ੍ਰੀ ਠਾਕੁਰ ਦਲੀਪ ਸਿੰਘ ਜੀ 

ਜਲੰਧਰ:16 ਫਰਵਰੀ (ਸੁਨੀਲ ) ਅੱਜ ਪਿੰਡ ਜਗਰਾਲ, ਜਿਲਾ ਜਲੰਧਰ ਵਿਖੇ ਵਰਤਮਾਨ ਨਾਮਧਾਰੀ ਮੁੱਖੀ ਸਤਿਗੁਰੂ ਦਲੀਪ ਸਿੰਘ ਜੀ ਦੇ ਅਸ਼ੀਰਵਾਦ ਸਦਕਾ, ਨਾਮਧਾਰੀ ਸੰਗਤ ਵਲੋਂ, ਸੁਤੰਤਰਤਾ ਸੰਗਰਾਮ ਦੇ ਮੋਢੀ, ਮਹਾਨ ਕ੍ਰਾਂਤੀਕਾਰੀ ਗੁਰੂ, ਨਾਮਧਾਰੀ ਪੰਥ ਦੇ ਬਾਨੀ ਸਤਿਗੁਰੂ ਰਾਮ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮਹਾਨ ਵਿਦਵਾਨਾਂ ਅਤੇ ਜਥੇਦਾਰਾਂ ਦੁਆਰਾ ਉਹਨਾਂ ਦੇ ਉਪਕਾਰਾਂ ਅਤੇ ਜੀਵਨ ਉੱਤੇ ਚਾਨਣਾ ਪਾਇਆ ਗਿਆ। ਸਤਿਗੁਰੂ ਦਲੀਪ ਸਿੰਘ ਜੀ ਨੇ ਆਪਣੇ ਸ਼ੁਭ ਸੰਦੇਸ਼ ਰਾਹੀਂ ਇਹ ਸੁਨੇਹਾ ਦਿੱਤਾ ਕਿ “ਹਰ ਸਿੱਖ ਨੂੰ ਨਾਮਧਾਰੀ ਸਤਿਗੁਰੂ ਰਾਮ ਸਿੰਘ ਜੀ ‘ਤੇ ਮਾਣ ਹੋਣਾ ਚਾਹੀਦਾ ਹੈ, ਜਿਨ੍ਹਾਂ ਨੇ ਜੂਨ 1863 ਵਿੱਚ ਬਾਲ ਵਿਆਹ ‘ਤੇ ਪ੍ਰਤੀਬੰਧ ਲਾ ਕੇ ਵਿਆਹ ਲਈ ਘੱਟੋ-ਘੱਟ ਉਮਰ 18 ਸਾਲ ਨਿਰਧਾਰਤ ਕੀਤੀ। Pew Research ਦੀ ਰਿਪੋਰਟ ਅਨੁਸਾਰ, ਸੰਸਾਰ ਦੇ 198 ਵਿੱਚੋਂ 117 ਦੇਸ਼ਾਂ, ਜਿਨ੍ਹਾਂ ਵਿੱਚ ਅਮਰੀਕਾ ਵੀ ਸ਼ਾਮਲ ਹੈ, ਅਜੇ ਤੱਕ ਵਿਆਹ ਦੀ ਘੱਟੋ-ਘੱਟ ਉਮਰ ਨਿਰਧਾਰਤ ਨਹੀਂ ਕਰ ਸਕੇ, ਅਤੇ ਬਾਲ ਵਿਆਹ ਉਥੇ ਆਮ ਗੱਲ ਬਣੀ ਹੋਈ ਹੈ। ਇਹ ਹੈਰਾਨੀਜਨਕ ਗੱਲ ਹੈ ਕਿ ਅਮਰੀਕਾ ਵਰਗੇ ਵਿਕਸਿਤ ਦੇਸ਼ ਵਿੱਚ ਵੀ ਅੱਜ ਤੱਕ ਵਿਆਹ ਦੀ ਕੋਈ ਨਿਯਮਤ ਘੱਟੋ-ਘੱਟ ਉਮਰ ਤੈਅ ਨਹੀਂ ਕੀਤੀ ਗਈ।

 

ਭਾਵੇਂ ਅਜੇ ਵੀ 117 ਦੇਸ਼ ਇਸ ਮਾਮਲੇ ਵਿੱਚ ਪਿੱਛੇ ਹਨ, ਪਰ ਨਾਮਧਾਰੀ ਸਤਿਗੁਰੂ ਰਾਮ ਸਿੰਘ ਜੀ ਨੇ 152 ਸਾਲ ਪਹਿਲਾਂ ਹੀ ਇਸ ਮੁੱਦੇ ‘ਤੇ ਵੱਡਾ ਸਮਾਜਿਕ ਸੁਧਾਰ ਕਰ ਦਿੱਤਾ ਸੀ। ਇਹ ਉਨ੍ਹਾਂ ਦੀ ਅਦਭੁਤ ਦੂਰਦਰਸ਼ਤਾ ਅਤੇ ਵਿਲੱਖਣ ਸਮਾਜ ਸੁਧਾਰਕ ਹੋਣ ਦਾ ਪ੍ਰਮਾਣ ਹੈ। ਉਨ੍ਹਾਂ ਦੇ ਉਤਕ੍ਰਿਸ਼ਟ ਯੋਗਦਾਨ ਨੂੰ ਵੇਖਦਿਆਂ ਇਹ ਸਿੱਧ ਹੋ ਜਾਂਦਾ ਹੈ ਕਿ ਸਿੱਖ ਪੰਥ ਨਿਰੰਤਰ ਸਮਾਜ ਸੁਧਾਰ ਦੀ ਅਗਵਾਈ ਕਰਦਾ ਆ ਰਿਹਾ ਹੈ ਅਤੇ ਹਰ ਖੇਤਰ ਵਿੱਚ ਆਪਣੀ ਮਹਾਨਤਾ ਸਿੱਧ ਕਰਦਾ ਹੈ।

ਇਸ ਮੌਕੇ ਨਾਮਧਾਰੀ ਪੰਥ ਦੇ ਪ੍ਰਧਾਨ, ਸੂਬਾ ਅਮਰੀਕ ਸਿੰਘ ਨੇ ਦੱਸਿਆ ਕਿ ਸਤਿਗੁਰੂ ਰਾਮ ਸਿੰਘ ਜੀ ਇੱਕ ਅਲੌਕਿਕ ਸ਼ਖ਼ਸੀਅਤ ਹਨ। ਉਹਨਾਂ ਨੇ 1857 ਦੀ ਵਿਸਾਖੀ ਨੂੰ ਖਾਲਸਾ ਪੰਥ ਦੀ ਪੁਨਰ ਸਥਾਪਨਾ ਕਰਕੇ ਅਤੇ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਮਰਿਆਦਾ ਦੁਬਾਰਾ ਲਾਗੂ ਕਰ ਕੇ; ਦੇਸ਼ ਅਤੇ ਧਰਮ ਦੀ ਰੱਖਿਆ ਦੀ ਭਾਵਨਾ ਨੂੰ ਦ੍ਰਿੜ੍ਹ ਕਰਵਾਇਆ। ਗੁਰੂ ਜੀ ਨੇ 1857 ਦੇ ਵਿਦਰੋਹ ਤੋਂ ਪਹਿਲਾਂ ‘ਨਾਮਧਾਰੀ ਸਿੱਖ’ ਸੰਪਰਦਾ (‘ਕੂਕਾ ਲਹਿਰ’) ਦੀ ਨੀਂਹ ਰੱਖੀ। ਉਹਨਾਂ ਨੇ ਸਭ ਤੋਂ ਪਹਿਲਾਂ ਅੰਗਰੇਜ਼ੀ ਵਸਤੂਆਂ ਦਾ ਬਾਈਕਾਟ ਕੀਤਾ, ਜਿਸ ਦੀ ਗਾਂਧੀ ਜੀ ਨੇ 50 ਸਾਲ ਬਾਅਦ ਨਕਲ ਕੀਤੀ। ਸਤਿਗੁਰੂ ਰਾਮ ਸਿੰਘ ਜੀ ਨੇ ਅੰਗਰੇਜ਼ ਸਰਕਾਰ ਦੇ ਸਮਾਨਾਂਤਰ ਆਪਣੀ ਸਰਕਾਰ ਬਣਾਈ। ਨੇਪਾਲ ਅਤੇ ਕਸ਼ਮੀਰ ਵਿੱਚ ‘ਕੂਕਾ ਰੈਜੀਮੈਂਟ’ ਬਣਾ ਕੇ ਅੰਗਰੇਜ਼ਾਂ ਵਿਰੁੱਧ ਯੁੱਧ ਦੀ ਤਿਆਰੀ ਕੀਤੀ। ਅੰਗਰੇਜ਼ਾਂ ਨੂੰ ਭਾਰਤ ਵਿੱਚੋਂ ਕੱਢਣ ਲਈ ਰੂਸ ਨਾਲ ਸਬੰਧ ਕਾਇਮ ਕੀਤੇ। ਗੁਰੂ ਜੀ ਤੋਂ ਪ੍ਰੇਰਿਤ ਹੋ ਕੇ ਹਜ਼ਾਰਾਂ ਨਾਮਧਾਰੀ ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਲਈ ਮਹਾਨ ਕੁਰਬਾਨੀਆਂ ਦਿੱਤੀਆਂ।

ਪ੍ਰਿੰਸੀਪਲ ਰਾਜਪਾਲ ਕੌਰ ਨੇ ਦੱਸਿਆ ਕਿ ਸਤਿਗੁਰੂ ਰਾਮ ਸਿੰਘ ਜੀ ਨੇ ਇਸਤਰੀਆਂ ਨੂੰ ਅੰਮ੍ਰਿਤਪਾਨ ਕਰਵਾ, ਮਾਤਾ ਹੁਕਮੀ ਜੀ ਨੂੰ ‘ਸੂਬਾ’ (ਗਵਰਨਰ) ਦੀ ਪਦਵੀ ਦੇ ਕੇ; ਔਰਤਾਂ ਨੂੰ ਸਮਾਜ ਵਿੱਚ ਉੱਚਾ ਸਥਾਨ ਦਿੱਤਾ।

ਪ੍ਰਿੰਸੀਪਲ ਹਰਮਨਪ੍ਰੀਤ ਸਿੰਘ ਕਾਹਲੋਂ ਅਤੇ ਸਵਰਨ ਸਿੰਘ ਸਨੇਹੀ ਜੀ ਨੇ ਵੀ ਸਤਿਗੁਰੂ ਰਾਮ ਸਿੰਘ ਜੀ ਦੁਆਰਾ ਚਲਾਏ ਮਹਾਨ ਸਤਿਆਗ੍ਰਹਿ ਅਤੇ ਸਵਦੇਸ਼ੀ ਲਹਿਰ ਉੱਤੇ ਵਿਸਤਾਰ ਨਾਲ ਚਾਨਣਾ ਪਾਇਆ ।

ਇਸ ਮੌਕੇ ਸਵਾਮੀ ਨਿੱਤਿਆਨੰਦ ਜੀ, ਡਾਕਟਰ ਕੁਲਵਿੰਦਰ ਕੌਰ ਮਿਨਹਾਸ,

ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ ਅਤੇ ਸਾਰੇ ਆਏ ਹੋਏ ਪਤਵੰਤੇ ਸੱਜਣਾਂ ਨੇ ਸਤਿਗੁਰੂ ਰਾਮ ਸਿੰਘ ਜੀ ਦੇ ਉਪਕਾਰਾਂ ਦੀ ਸ਼ੋਭਾ ਕੀਤੀ।

ਇਹ ਸਮਾਗਮ ਅਵਤਾਰ ਸਿੰਘ, ਸਤਨਾਮ ਸਿੰਘ, ਗੁਰਨਾਮ ਸਿੰਘ ਅਤੇ ਭਾਨ ਸਿੰਘ ਜੀ ਦੇ ਪਰਿਵਾਰ ਅਤੇ ਸੰਗਤ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਇਸ ਮੌਕੇ ਸੂਬਾ ਭਗਤ ਸਿੰਘ, ਸੂਬਾ ਅਮਰੀਕ ਸਿੰਘ, ਸੂਬਾ ਰਤਨ ਸਿੰਘ, ਵਿਸ਼ਵ ਨੌਜਵਾਨ ਵਿੱਦਿਅਕ ਜੱਥੇ ਦੇ ਪ੍ਰਧਾਨ ਪਲਵਿੰਦਰ ਸਿੰਘ, ਮਾਸਟਰ ਸੁਖਦੇਵ ਸਿੰਘ, ਦਇਆ ਸਿੰਘ, ਮਾਸਟਰ ਸੁਖਵਿੰਦਰ ਸਿੰਘ, ਜਵਾਹਰ ਸਿੰਘ,

ਬੀਬੀ ਸੁਰਜੀਤ ਕੌਰ, ਜਸਬੀਰ ਕੌਰ, ਸਰਬਜੀਤ ਕੌਰ, ਗੁਰਮੀਤ ਕੌਰ ਅਤੇ ਹਜ਼ਾਰਾ ਦੀ ਸੰਗਤ ਨੇ ਸ਼ਮੂਲੀਅਤ ਕੀਤੀ।

Leave a Reply

Your email address will not be published. Required fields are marked *