JDA ਸੰਸਾਰਪੁਰ ਦੀ ਰਾਇਲ ਹੋਮਸ ਤੇ ਸੰਤੋਸ਼ ਐਨਕਲੇਵ ਕਾਲੋਨੀ ‘ਤੇ ਕਰਨ ਜਾ ਰਹੀ ਹੈ ਕਾਰਵਾਈ

ਜਲੰਧਰ –(ਅਰਸ਼ਦੀਪ)ਜੇ. ਡੀ. ਏ. (ਜਲੰਧਰ ਡਿਵੈੱਲਪਮੈਂਟ ਅਥਾਰਿਟੀ) ਨੇ ਸ਼ਹਿਰ ਦੀਆਂ 2 ਪ੍ਰਮੁੱਖ ਕਾਲੋਨੀਆਂ ਵਿਰੁੱਧ ਕਾਰਵਾਈ ਦੀ ਤਿਆਰੀ ਪੂਰੀ ਕਰ ਲਈ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਦੋਵਾਂ ਕਾਲੋਨੀਆਂ ’ਤੇ ਐਕਸ਼ਨ ਸੰਭਾਵਿਤ ਹੈ। ਜ਼ਿਕਰਯੋਗ ਹੈ ਕਿ ਆਰ. ਟੀ. ਆਈ. ਐਕਟੀਵਿਸਟ ਕਰਨਪ੍ਰੀਤ ਸਿੰਘ ਨੇ ਪੁੱਡਾ ਆਫਿਸ ਦੇ ਇਕ ਕਰਮਚਾਰੀ ਦਵਾਰਕਾ ਦਾਸ ਵਿਰੁੱਧ ਸ਼ਿਕਾਇਤ ਪੰਜਾਬ ਸਰਕਾਰ ਨੂੰ ਭੇਜੀ ਸੀ, ਜਿਸ ਵਿਚ ਦੋਸ਼ ਲਗਾਏ ਗਏ ਸਨ ਕਿ ਕੁਝ ਕਾਲੋਨਾਈਜ਼ਰਾਂ ਨੂੰ ਨਾਜਾਇਜ਼ ਤੌਰ ’ਤੇ ਫਾਇਦਾ ਪਹੁੰਚਾਇਆ ਜਾ ਰਿਹਾ ਹੈ। ਇਸ ਸ਼ਿਕਾਇਤ ਦੇ ਆਧਾਰ ’ਤੇ ਜਦੋਂ ਪੁੱਡਾ ਵੱਲੋਂ ਮਨਜ਼ੂਰ ਕਾਲੋਨੀ ਰਾਇਲ ਹੋਮਸ ਸੰਸਾਰਪੁਰ ਦੀ ਚੈਕਿੰਗ ਕੀਤੀ ਗਈ ਤਾਂ ਪਤਾ ਲੱਗਾ ਕਿ ਪਾਸ ਹੋਈ ਕਾਲੋਨੀ ਦੇ ਨਾਲ ਲੱਗਭਗ ਡੇਢ ਏਕੜ ਹਿੱਸਾ ਨਾਜਾਇਜ਼ ਤੌਰ ’ਤੇ ਜੋੜ ਦਿੱਤਾ ਗਿਆ ਹੈ।ਕਾਲੋਨੀ ਦੀ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਕਾਲੋਨੀ ਦੇ ਪਲਾਟ ਨੰਬਰ 41 ਤੋਂ ਲੈ ਕੇ 47 ਦੇ ਪਿਛਲੇ ਪਾਸੇ ਜੋ ਰੈਵੇਨਿਊ ਰਸਤਾ ਪੈਂਦਾ ਸੀ, ਉਸਨੂੰ ਵੀ ਕਾਲੋਨੀ ਵਿਚ ਮਿਲਾ ਲਿਆ ਗਿਆ ਹੈ ਅਤੇ ਕਾਲੋਨੀ ਦੇ ਮੇਨ ਗੇਟ ’ਤੇ ਜੋ ਕਮਰਸ਼ੀਅਲ ਪਲਾਜ਼ਾ ਬਣਾਇਆ ਗਿਆ ਹੈ, ਇਸ ਵਿਚ ਵੀ ਕਈ ਪਲਾਟਾਂ ਨੂੰ ਜੋੜਿਆ ਗਿਆ ਹੈ। ਰਾਇਲ ਹੋਮਸ ਕਾਲੋਨੀ ਦੀ ਜਾਂਚ ਤੋਂ ਬਾਅਦ ਪ੍ਰਮੋਟਰ ਨੂੰ ਨੋਟਿਸ ਕੱਢੇ ਗਏ ਅਤੇ ਉਸ ਤੋਂ ਬਾਅਦ ਜੇ. ਡੀ. ਏ. ਆਫਿਸ ਵਿਚ ਸੁਣਵਾਈ ਵੀ ਰੱਖੀ ਗਈ। ਪਤਾ ਲੱਗਾ ਹੈ ਕਿ 23 ਫਰਵਰੀ ਨੂੰ ਪ੍ਰਮੋਟਰ ਵੱਲੋਂ ਲਿਖਤੀ ਜਵਾਬ ਪੇਸ਼ ਕਰ ਦਿੱਤਾ ਗਿਆ ਹੈ, ਜਿਸ ਦੇ ਆਧਾਰ ’ਤੇ ਹੁਣ ਇਕ ਅਧਿਕਾਰੀ ਤੋਂ ਮੌਕੇ ਦੀ ਰਿਪੋਰਟ ਮੰਗੀ ਗਈ ਹੈ। ਰਿਪੋਰਟ ਆਉਣ ਦੇ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।ਪਿੰਡ ਵਡਾਲਾ ਇਲਾਕੇ ਵਿਚ ਮਨਜ਼ੂਰਸ਼ੁਦਾ ਕਾਲੋਨੀ ਸੰਤੋਸ਼ ਐਨਕਲੇਵ ਦੀ ਗੱਲ ਕਰੀਏ ਤਾਂ ਪ੍ਰਮੋਟਰ ਵੱਲੋਂ ਈ. ਡੀ. ਸੀ. ਲਾਇਸੈਂਸ ਫੀਸ ਅਤੇ ਹੋਰ ਫੀਸ ਦੀਆਂ ਕਿਸ਼ਤਾਂ ਜੇ. ਡੀ. ਏ. ਕੋਲ ਸਮੇਂ ’ਤੇ ਜਮ੍ਹਾ ਨਹੀਂ ਕਰਵਾਈਆਂ ਗਈਆਂ। ਇਸ ਆਧਾਰ ’ਤੇ ਵਾਰ-ਵਾਰ ਨੋਟਿਸ ਵੀ ਕੱਢੇ ਗਏ। ਪ੍ਰਮੋਟਰ ਵੱਲੋਂ ਬਕਾਇਆ ਰਕਮ ਦੀ ਅਦਾਇਗੀ ਨਾ ਕਰਨ ਦੀ ਸੂਰਤ ਵਿਚ ਹੁਣ 1 ਕਰੋੜ 97 ਲੱਖ ਰੁਪਏ ਦੀ ਬੈਂਕ ਗਾਰੰਟੀ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਬੈਂਕ ਨੂੰ ਜੇ. ਡੀ. ਏ. ਵੱਲੋਂ ਪੱਤਰ ਲਿਖ ਦਿੱਤਾ ਗਿਆ ਹੈ ਕਿ ਬੈਂਕ ਗਾਰੰਟੀ ਦੀ ਰਾਸ਼ੀ ਜੇ. ਡੀ. ਏ. ਦੇ ਖਾਤੇ ਿਵਚ ਟਰਾਂਸਫਰ ਕਰ ਦਿੱਤੀ ਜਾਵੇਗੀ। ਮੰਨਿਆ ਜਾ ਰਿਹਾ ਹੈ ਕਿ ਸ਼ਹਿਰ ਦੀਆਂ 2 ਪ੍ਰਮੁੱਖ ਕਾਲੋਨੀਆਂ ਅਤੇ ਜੇ. ਡੀ. ਏ. ਦੀ ਸਖ਼ਤ ਕਾਰਵਾਈ ਤੋਂ ਬਾਅਦ ਸ਼ਹਿਰ ਦੇ ਬਾਕੀ ਕਾਲੋਨਾਈਜ਼ਰਾਂ ਵਿਚ ਹੜਕੰਪ ਮਚਿਆ ਹੋਇਆ ਹੈ।
